ਟੀਮ ਇੰਡੀਆ ਦੀਆਂ ਨਜ਼ਰਾਂ ਲੜੀ ਜਿੱਤਣ ’ਤੇ

10/10/2019 2:53:02 AM

ਪੁਣੇ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵੀਰਵਾਰ ਤੋਂ 3 ਮੈਚਾਂ ਦੀ ਟੈਸਟ ਲੜੀ ਦਾ ਦੂਜਾ ਮੁਕਾਬਲਾ ਪੁਣੇ ’ਚ ਖੇਡਿਆ ਜਾਵੇਗਾ, ਜਿਥੇ ਟੀਮ ਇੰਡੀਆ ਦੀਆਂ ਨਜ਼ਰਾਂ ਮੁਕਾਬਲਾ ਜਿੱਤ ਕੇ ਲੜੀ ਆਪਣੇ ਨਾਂ ਕਰਨ ’ਤੇ ਲੱਗੀਆਂ ਹੋਣਗੀਆਂ। ਭਾਰਤ ਨੇ ਵਿਸ਼ਾਖਾਪਟਨਮ ’ਚ ਖੇਡੇ ਗਏ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਨੂੰ 203 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਲੜੀ ’ਚ 1-0 ਦੀ ਬੜ੍ਹਤ ਹਾਸਲ ਕੀਤੀ ਸੀ ਅਤੇ ਹੁਣ ਉਹ ਇਥੇ ਹੋਣ ਵਾਲੇ ਦੂਜੇ ਮੁਕਾਬਲੇ ’ਚ ਆਪਣਾ ਉਹੀ ਪ੍ਰਦਰਸ਼ਨ ਬਰਕਰਾਰ ਰੱਖ ਕੇ ਮੈਚ ਅਤੇ ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ।
ਭਾਰਤ ਲਈ ਚੰਗੀ ਗੱਲ ਇਹ ਹੈ ਕਿ ਉਸ ਦੇ ਦੋਵਾਂ ਓਪਨਰਾਂ ਰੋਹਿਤ ਸ਼ਰਮਾ ਅਤੇ ਮਯੰਕ ਅਗਰਵਾਲ ਨੇ ਪਹਿਲੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਖਾਸ ਤੌਰ ’ਤੇ ਰੋਹਿਤ , ਜੋ ਆਪਣੇ ਟੈਸਟ ਕਰੀਅਰ ’ਚ ਪਹਿਲੀ ਵਾਰ ਓਪਨਰ ਦੇ ਤੌਰ ’ਤੇ ਬੱਲੇਬਾਜ਼ੀ ਕਰਨ ਉਤਰਿਆ ਸੀ, ਨੇ ਪਹਿਲੀ ਪਾਰੀ ’ਚ 176 ਅਤੇ ਦੂਜੀ ਪਾਰੀ ’ਚ 127 ਦੌੜਾਂ ਬਣਾਈਆਂ ਸਨ, ਜਦਕਿ ਮਯੰਕ ਨੇ ਪਹਿਲੀ ਪਾਰੀ ’ਚ 215 ਦੌੜਾਂ ਬਣਾ ਕੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਕੌਮਾਂਤਰੀ ਦੋਹਰਾ ਸੈਂਕੜਾ ਵੀ ਬਣਾਇਆ ਸੀ। ਦੋਵਾਂ ਬੱਲੇਬਾਜ਼ਾਂ ਵਿਚਾਲੇ ਪਹਿਲੇ ਮੈਚ ਦੀ ਪਹਿਲੀ ਪਾਰੀ ’ਚ 317 ਦੌੜਾਂ ਦੀ ਸਾਂਝੇਦਾਰੀ ਹੋਈ ਸੀ, ਜਿਸ ਦੀ ਬਦੌਲਤ ਭਾਰਤ ਨੇ ਮੈਚ ਦੇ ਸ਼ੁਰੂ ’ਚ ਹੀ ਆਪਣਾ ਪਲੜਾ ਭਾਰੀ ਕਰ ਲਿਆ ਸੀ। ਭਾਰਤ ਨੂੰ ਦੂਜੇ ਮੁਕਾਬਲੇ ’ਚ ਇਕ ਵਾਰ ਮੁੜ ਆਪਣੀ ਓਪਨਰ ਜੋੜੀ ਤੋਂ ਅਜਿਹੇ ਹੀ ਪ੍ਰਦਰਸ਼ਨ ਦੀ ਉਮੀਦ ਹੋਵੇਗੀ, ਜਿਸ ਨਾਲ ਉਹ ਮਹਿਮਾਨ ਟੀਮ ’ਤੇ ਸ਼ੁਰੂ ਤੋਂ ਹੀ ਪਕੜ ਮਜ਼ਬੂਤ ਰੱਖੇ ਅਤੇ ਉਸ ਦੇ ਗੇਂਦਬਾਜ਼ਾਂ ’ਤੇ ਦਬਾਅ ਬਣਾਏ। ਭਾਰਤੀ ਟੀਮ ਨੂੰ ਹਾਲਾਂਕਿ ਮੱਧਕ੍ਰਮ ’ਚ ਥੋੜ੍ਹੀ ਸਾਵਧਾਨੀ ਵਰਤਣੀ ਪਵੇਗੀ। ਪਹਿਲੇ ਮੁਕਾਬਲੇ ਦੀ ਪਹਿਲੀ ਪਾਰੀ ਟਾਪ ਆਰਡਰ ਦੀ ਮਜ਼ਬੂਤ ਸਾਂਝੇਦਾਰੀ ਤੋਂ ਬਾਅਦ ਮੱਧਕ੍ਰਮ ਲੜਖੜਾ ਗਿਆ ਸੀ ਪਰ ਟੀਮ ਲਈ ਰਾਹਤ ਦੀ ਗੱਲ ਹੈ ਕਿ ਚੇਤੇਸ਼ਵਰ ਪੁਜਾਰਾ ਜੋ ਪਹਿਲੀ ਪਾਰੀ ’ਚ ਨਾਕਾਮ ਰਿਹਾ ਸੀ, ਉਹ ਦੂਜੀ ਪਾਰੀ ’ਚ ਆਪਣੀ ਫਾਰਮ ਵਾਪਸ ਹਾਸਲ ਕਰਨ ’ਚ ਸਫਲ ਰਿਹਾ ਤੇ ਉਸ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਵਿਰਾਟ ਕੋਹਲੀ, ਅਜਿੰਕਯ ਰਹਾਨੇ, ਹਨੁਮਾ ਵਿਹਾਰੀ ਅਤੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਵੀ ਮੱਧਕ੍ਰਮ ’ਚ ਆਪਣੀ ਭੂਮਿਕਾ ਨਿਭਾਉਣੀ ਪਵੇਗੀ।
ਗੇਂਦਬਾਜ਼ੀ ਭਾਰਤੀ ਟੀਮ ਦਾ ਮਜ਼ਬੂਤ ਪੱਖ
ਗੇਂਦਬਾਜ਼ੀ ਭਾਰਤੀ ਟੀਮ ਦਾ ਮਜ਼ਬੂਤ ਪੱਖ ਰਿਹਾ ਹੈ ਅਤੇ ਪਹਿਲੀ ਪਾਰੀ ’ਚ ਜਿਸ ਤਰ੍ਹਾਂ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਪਣੀ ਫਿਰਕੀ ਦੇ ਜਾਦੂ ’ਚ ਦੱਖਣੀ ਅਫਰੀਕਾ ਦੀ ਟੀਮ ਨੂੰ ਬੰਨ੍ਹਿਆ, ਉਸ ਨਾਲ ਭਾਰਤੀ ਗੇਂਦਬਾਜ਼ੀ ਹੋਰ ਮਜ਼ਬੂਤ ਦਿਖਾਈ ਦੇ ਰਹੀ ਹੈ, ਜਦਕਿ ਦੂਜੀ ਪਾਰੀ ’ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ 5 ਵਿਕਟਾਂ ਲੈ ਕੇ ਮਹਿਮਾਨ ਟੀਮ ਦੀ ਕਮਰ ਤੋੜ ਦਿੱਤੀ, ਜਿਸ ਨਾਲ ਭਾਰਤੀ ਟੀਮ ਨੇ ਇਕ ਪਾਸੜ ਅੰਦਾਜ਼ ’ਚ ਇਹ ਮੁਕਾਬਲਾ ਜਿੱਤ ਲਿਆ ਸੀ।
ਅਫਰੀਕੀ ਟੀਮ ਕੋਲ ਲੜੀ ਬਚਾਉਣ ਦਾ ਆਖਰੀ ਮੌਕਾ
ਦੱਖਣੀ ਅਫਰੀਕਾ ਕੋਲ ਲੜੀ ਬਚਾਉਣ ਦਾ ਇਹ ਆਖਰੀ ਮੌਕਾ ਹੈ। ਜੇ ਉਹ ਭਾਰਤੀ ਬੱਲੇਬਾਜ਼ਾਂ ਨੂੰ ਘੱਟ ਸਕੋਰ ’ਤੇ ਰੋਕਣ ’ਚ ਸਫਲ ਰਹਿੰਦੀ ਹੈ ਤਾਂ ਉਸ ਕੋਲ ਮੌਕਾ ਬਣਿਆ ਰਹਿ ਸਕਦਾ ਹੈ। ਦੱਖਣੀ ਅਫਰੀਕਾ ਦੀ ਟੀਮ ਨੂੰ ਭਾਵੇਂ ਹੀ ਪਹਿਲੇ ਮੈਚ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਪਹਿਲੀ ਪਾਰੀ ’ਚ ਭਾਰਤੀ ਗੇਂਦਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ। ਓਪਨਰ ਬੱਲੇਬਾਜ਼ ਡੀਨ ਐਲਗਰ ਅਤੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕੌਕ ਨੇ ਪਹਿਲੀ ਪਾਰੀ ’ਚ ਆਪਣੀ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਇਕ ਸਮੇਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਦੋਵਾਂ ਬੱਲੇਬਾਜ਼ਾਂ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਭਾਰਤੀ ਟੀਮ ਸਿਰਫ 71 ਦੌੜਾਂ ਦੀ ਹੀ ਬੜ੍ਹਤ ਹਾਸਲ ਕਰ ਸਕੀ ਸੀ।
ਪੁਣੇ ਦੀ ਪਿੱਚ ਨੂੰ 2017 ’ਚ ਟੈਸਟ ਮੈਚ ’ਚ ਖਰਾਬ ਰੇਟਿੰਗ ਮਿਲੀ ਸੀ
ਪੁਣੇ ਦੀ ਪਿੱਚ ਦੇਸ਼ ਦੀਆਂ ਸਭ ਤੋਂ ਸਮਤਲ ਪਿੱਚਾਂ ’ਚੋਂ ਇਕ ਮੰਨੀ ਜਾਂਦੀ ਹੈ ਅਤੇ ਇਸ ਮੈਚ ’ਚ ਇਹ ਕਿਸ ਤਰ੍ਹਾਂ ਦਾ ਰੂਪ ਦਿਖਾਏਗੀ, ਇਹ ਦੇਖਣਾ ਮਜ਼ੇਦਾਰ ਹੋਵੇਗਾ। ਇਸ ਮੈਦਾਨ ’ਤੇ ਖੇਡੇ ਗਏ 26 ਫਸਟ ਕਲਾਸ ਮੈਚਾਂ ’ਚ 150 ਤੋਂ ਵੱਧ ਦੇ 10 ਸਕੋਰ, 3 ਦੋਹਰੇ ਸੈਂਕੜੇ ਅਤੇ 2 ਤਿਹਰੇ ਸੈਂਕੜੇ ਬਣੇ ਹਨ। ਇਨ੍ਹਾਂ 26 ਮੈਚਾਂ ’ਚ 13 ਡਰਾਅ ਰਹੇ ਹਨ। ਇਸ ਮੈਦਾਨ ’ਤੇ ਖੇਡੇ ਗਏ 4 ਵਨ-ਡੇ ’ਚੋਂ 3 ’ਚ ਪਹਿਲੀ ਪਾਰੀ ’ਚ 280 ਤੋਂ ਵਧ ਦੇ ਸਕੋਰ ਬਣੇ ਹਨ। ਪੁਣੇ ’ਚ 2017 ’ਚ ਪਹਿਲਾ ਟੈਸਟ ਖੇਡਿਆ ਗਿਆ ਸੀ ਜੋ ਤਿੰਨ ਦਿਨਾਂ ਦੇ ਅੰਦਰ ਖਤਮ ਹੋ ਗਿਆ ਸੀ। ਭਾਰਤ ਨੇ 105 ਅੇਤ 107 ਦੌੜਾਂ ਬਣਾਈਆਂ ਸਨ ਅਤੇ ਇਸ ਪਿੱਚ ਨੂੰ ਖਰਾਬ ਰੇਟਿੰਗ ਮਿਲੀ ਸੀ। ਇਹ ਮੈਚ ਆਸਟਰੇਲੀਆ ਵਿਰੁੱਧ ਹੋਇਆ ਸੀ। ਬਾਅਦ ’ਚ ਇਹ ਮੈਦਾਨ ਇਕ ਸਟਿੰਗ ਆਪ੍ਰੇਸ਼ਨ ਦੇ ਤਹਿਤ ਵਿਵਾਦਾਂ ’ਚ ਆਇਆ ਸੀ ਅਤੇ ਇਸ ’ਤੇ 6 ਮਹੀਨਿਆਂ ਲਈ ਪਾਬੰਦੀ ਲਾ ਦਿੱਤੀ ਗਈ ਸੀ।
ਸੰਭਾਵੀ ਟੀਮਾਂ
ਭਾਰਤ- ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਹਨੂਮਾਨ ਵਿਹਾਰੀ, ਰਿਸ਼ਭ ਪੰਤ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ ਅਤੇ ਸ਼ੁਭਮਨ ਗਿੱਲ।
ਦੱਖਣੀ ਅਫਰੀਕਾ - ਫਾਫ ਡੂ ਪਲੇਸਿਸ (ਕਪਤਾਨ), ਤੇਂਬਾ ਬਾਵੁਮਾ, ਥਿਊਨਸ ਡੀ ਬਰਿਊਨ, ਕਵਿੰਟਨ ਡੀਕੌਕ, ਡੀਨ ਐਲਵਰ, ਜ਼ੁਬੇਰ ਹਮਜ਼ਾ, ਕੇਸ਼ਵ ਮਹਾਰਾਜ, ਐਡੇਨ ਮਾਰਕ੍ਰਮ, ਸੈਨੁਰਨ ਮੁਥੂਸਵਾਮੀ, ਲੁੰਗੀ ਐਨਗਿਡੀ, ਕੈਗਿਸੋ ਰਬਾਡਾ, ਐਨਰਿਚ ਨੋਰਤਜੇ, ਵਰਨੋਨ ਫਿਲੈਂਡਰ, ਡੇਨ ਪੀਏਟ ਅਤੇ ਰੂਡੀ ਸੈਕੰਡ।

Gurdeep Singh

This news is Content Editor Gurdeep Singh