ਰਦਰਫੋਰਡ ਦਾ ਤੂਫਾਨੀ ਸੈਂਕੜਾ, ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ

Tuesday, Dec 10, 2024 - 11:26 AM (IST)

ਰਦਰਫੋਰਡ ਦਾ ਤੂਫਾਨੀ ਸੈਂਕੜਾ, ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ

ਬਾਸੇਟੇਰ- ਸ਼ੇਰਫੇਨ ਰਦਰਫੋਰਡ ਦੀ 80 ਗੇਂਦਾਂ ਵਿਚ 113 ਦੌੜਾਂ ਦੀ ਤੂਫਾਨੀ ਪਾਰੀ ਦੀ ਮਦਦ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਪਹਿਲੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ 14 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਰਾਇਆ। ਰਦਰਫੋਰਡ ਨੇ 47ਵੇਂ ਓਵਰ ਵਿਚ ਸੌਮਿਆ ਸਰਕਾਰ ਦੀ ਗੇਂਦ ’ਤੇ ਨਾਹਿਦ ਰਾਣਾ ਨੂੰ ਕੈਚ ਦੇਣ ਤੋਂ ਪਹਿਲਾਂ ਆਪਣੀ ਪਾਰੀ ਵਿਚ 8 ਛੱਕੇ ਤੇ 7 ਚੌਕੇ ਲਾਏ। ਵੈਸਟਇੰਡੀਜ਼ ਨੇ ਉਸਦੀ ਇਸ ਪਾਰੀ ਦੀ ਮਦਦ ਨਾਲ 295 ਦੌੜਾਂ ਦਾ ਟੀਚਾ 47.4 ਓਵਰਾਂ ਵਿਚ 5 ਵਿਕਟਾਂ ’ਤੇ ਗੁਆ ਕੇ ਹਾਸਲ ਕਰ ਲਿਆ।

ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰਾਂ ਵਿਚ 6 ਵਿਕਟਾਂ ’ਤੇ 294 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। ਉਸ ਵੱਲੋਂ ਕਪਤਾਨ ਮੇਹਦੀ ਹਸਨ ਮਿਰਾਜ ਨੇ 101 ਗੇਂਦਾਂ ਵਿਚ 74 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਤਨਜੀਹ ਹਸਨ ਨੇ 60 ਦੌੜਾਂ ਬਣਾਈਆਂ, ਜਿਸ ਵਿਚ 3 ਛੱਕੇ ਤੇ 6 ਚੌਕੇ ਸ਼ਾਮਲ ਹਨ। ਮਹਿਮੂਦਉੱਲ੍ਹਾ ਨੇ 44 ਗੇਂਦਾਂ ਵਿਚ ਅਜੇਤੂ 50 ਦੌੜਾਂ ਤੇ ਜ਼ਾਕਿਰ ਅਲੀ ਨੇ 40 ਗੇਂਦਾਂ ਵਿਚ 48 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਵੱਲੋਂ ਰੋਮਾਰੀਓ ਸ਼ੈਫਰਡ ਨੇ 51 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਇਸਦੇ ਜਵਾਬ ਵਿਚ ਵੈਸਟਇੰਡੀਜ਼ ਦਾ ਸਕੋਰ 23 ਓਵਰਾਂ ਤੋਂ ਬਾਅਦ 3 ਵਿਕਟਾਂ ’ਤੇ 100 ਦੌੜਾਂ ਸੀ। ਕਪਤਾਨ ਸ਼ਾਈ ਹੋਪ ਜਦੋਂ 88 ਗੇਂਦਾਂ ਵਿਚ 4 ਛੱਕਿਆਂ ਦੀ ਮਦਦ ਨਾਲ 86 ਦੌੜਾਂ ਬਣਾ ਕੇ ਮੇਹਦੀ ਦੀ ਗੇਂਦ ’ਤੇ ਆਊਟ ਹੋਇਆ ਤਾਂ ਵੈਸਟਇੰਡੀਜ਼ ਦਾ ਸਕੋਰ 4 ਵਿਕਟਾਂ ’ਤੇ 193 ਦੌੜਾਂ ਹੋ ਗਿਆ। ਇਸ ਤੋਂ ਬਾਅਦ ਰਦਰਫੋਰਡ ਤੇ ਜਸਟਿਨ ਗ੍ਰੀਵਸ (31 ਗੇਂਦਾਂ ਵਿਚ ਅਜੇਤੂ 41) ਨੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਦੂਜਾ ਵਨ ਡੇ ਮੈਚ ਇਸੇ ਸਥਾਨ ’ਤੇ ਮੰਗਲਵਾਰ ਨੂੰ ਖੇਡਿਆ ਜਾਵੇਗਾ।


author

Tarsem Singh

Content Editor

Related News