ਸਾਡੇ ਹੱਥ ’ਚ ਹੋਵੇ ਤਾਂ ਕੱਲ ਹੀ ਭਾਰਤ-ਪਾਕਿ ਦੋ-ਪੱਖੀ ਹਾਕੀ ਸੀਰੀਜ਼ ਫਿਰ ਸ਼ੁਰੂ ਕਰ ਦੇਈਏ : ਇਕਰਾਮ
Wednesday, Sep 11, 2024 - 10:52 AM (IST)
ਨਵੀਂ ਦਿੱਲੀ- ਕੌਮਾਂਤਰੀ ਹਾਕੀ ਸੰਘ ਦੇ ਮੁਖੀ ਤੈਯਬ ਇਕਰਾਮ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਹੱਥ ਵਿਚ ਹੋਵੇ ਤਾਂ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਹਾਕੀ ਕੱਲ ਹੀ ਬਹਾਲ ਕਰ ਦੇਣ ਕਿਉਂਕਿ ਇਸ ਨਾਲ ਖੇਡ ਮਜ਼ਬੂਤ ਹੋਵੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਹਾਕੀ 18 ਸਾਲ ਤੋਂ ਬੰਦ ਹੈ। ਐੱਫ. ਆਈ. ਐੱਚ. ਮੁਖੀ ਇਕਰਾਮ ਨੇ ਕਿਹਾ, ‘‘ਦੋ-ਪੱਖੀ ਲੜੀ ਐੱਫ. ਆਈ. ਐੱਚ. ਦੇ ਹੱਥ ਵਿਚ ਨਹੀਂ ਹੈ। ਇਹ ਫੈਸਲਾ ਸਰਕਾਰ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸੰਘ ਲੈਂਦਾ ਹੈ। ਐੱਫ. ਆਈ. ਐੱਚ. ਪ੍ਰਤੀਨਿਧੀ ਹੋਣ ਦੇ ਨਾਤੇ ਮੈਂ ਉਸਦੇ ਫੈਸਲੇ ਦਾ ਸਨਮਾਨ ਕਰਦਾ ਹਾਂ।’’
ਪਾਕਿਸਤਾਨ ਵਿਚ ਜਨਮੇ ਇਕਰਾਮ ਨੇ ਕਿਹਾ, ‘‘ਸਾਡੇ ਹੱਥ ਵਿਚ ਹੋਵੇ ਤਾਂ ਅਸੀਂ ਕੱਲ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਲੜੀ ਸ਼ੁਰੂ ਕਰ ਦੇਈਏ। ਇਹ ਦੋਵਾਂ ਦੇਸ਼ਾਂ ਲਈ ਤੇ ਵਿਸ਼ਵ ਕੱਪ ਲਈ ਚੰਗਾ ਹੈ।’’
ਦੋਵਾਂ ਦੇਸ਼ਾਂ ਵਿਚਾਲੇ ਪਿਛਲੀ ਦੋ-ਪੱਖੀ ਲੜੀ 2006 ਵਿਚ ਖੇਡੀ ਗਈ ਸੀ, ਜਿਸ ਵਿਚ ਪਾਕਿਸਤਾਨ 3-1 ਨਾਲ ਜੇਤੂ ਰਿਹਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ ਵਿਚਾਲੇ ਸਿਆਸੀ ਤਣਾਅ ਕਾਰਨ ਉਨ੍ਹਾਂ ਦਾ ਸਾਹਮਣਾ ਸਿਰਫ ਕੌਮਾਂਤਰੀ ਟੂਰਨਾਮੈਂਟਾਂ ਵਿਚ ਹੀ ਹੁੰਦਾ ਹੈ। ਇਕਰਾਮ ਦਾ 9 ਨਵੰਬਰ ਨੂੰ ਮਸਕਟ ਵਿਚ ਹੋਣ ਵਾਲੀ ਐੱਫ. ਆਈ. ਐੱਚ. ਦੀ 49ਵੀਂ ਕਾਂਗਰਸ ਵਿਚ ਨਿਰਵਿਰੋਧ ਮੁਖੀ ਚੁਣਿਆ ਜਾਣਾ ਤੈਅ ਹੈ। ਉਸ ਦਾ ਮੰਨਣਾ ਹੈ ਕਿ ਪਾਕਿਸਤਾਨ ਹਾਕੀ ਨੂੰ ਆਪਣਾ ਮਾਣਮੱਤਾ ਅਤੀਤ ਪਰਤਾਉਣ ਲਈ ਵਿੱਤੀ ਸਾਧਨਾਂ ਦੀ ਲੋੜ ਹੈ। ਉਸ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨੀ ਹਾਕੀ ਦਾ ਪੱਧਰ ਡਿੱਗਿਆ ਹੈ। ਇਹ ਸਭ ਸਾਧਨਾਂ ਦੀ ਘਾਟ ਦੀ ਗੱਲ ਹੈ। ਮੈਨੂੰ ਖਿਡਾਰੀਆਂ ਲਈ ਬੁਰਾ ਲੱਗਦਾ ਹੈ। ਉਹ ਮਜ਼ਬੂਤ ਟੀਮ ਹੈ ਪਰ ਮਜ਼ਬੂਤ ਵਿਤੀ ਮਾਡਲ ਦੇ ਬਿਨਾਂ ਤੁਸੀਂ ਹਾਈ ਪ੍ਰਫਾਰਮੈਂਸ ਢਾਂਚਾ ਖੜ੍ਹਾ ਨਹੀਂ ਕਰ ਸਕਦੇ।’’
ਉਸ ਨੇ ਕਿਹਾ,‘‘ਭਾਰਤ ਮਜ਼ਬੂਤ ਸਾਂਝੇਦਾਰੀ ਤੇ ਅਹਿਮ ਸ਼ੇਅਰ ਧਾਰਕ ਹੈ। ਮੇਰਾ ਮੰਨਣਾ ਹੈ ਕਿ ਭਾਰਤ ਹਰ ਲਿਹਾਜ ਨਾਲ ਆਪਣੀ ਭੂਮਿਕਾ ਨਿਭਾਅ ਰਿਹਾ, ਜਿਸ ਵਿਚ ਵਿਸ਼ਵ ਪੱਧਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਸ਼ਾਮਲ ਹੈ। ਹਰ ਰਾਸ਼ਟਰੀ ਓਲੰਪਿਕ ਕਮੇਟੀ ਵੱਡੇ ਬਾਜ਼ਾਰ ਲਈ ਭਾਰਤ ਤੇ ਚੀਨ ਵੱਲ ਦੇਖ ਰਹੀ ਹੈ ਪਰ ਸਾਡਾ ਫੋਕਸ ਇਸ ਰਿਸ਼ਤੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਹੈ।’’ ਇਕਰਾਮ ਨੇ ਕਿਹਾ ਕਿ ਐੱਫ. ਆਈ. ਐੱਚ. ਨੇ ਸੱਤ ਸਾਲ ਬਾਅਦ ਫਿਰ ਸ਼ੁਰੂ ਹੋ ਰਹੀ ਹਾਕੀ ਇੰਡੀਆ ਲੀਗ ਲਈ ਇਕ ਵਿੰਡੋ ਰੱਖੀ ਹੈ। ਉਸ ਨੇ ਕਿਹਾ ਕਿ ਇਹ ਦਸੰਬਰ ਦੇ ਆਖਰੀ ਹਫਤੇ ਤੋਂ ਫਰਵਰੀ ਦੇ ਪਹਿਲੇ ਹਫਤੇ ਵਿਚਾਲੇ ਦੀ ਵਿੰਡੋ ਹੈ।