WC 2019 : ਇਤਿਹਾਸ ਬਣਾਉਣ ਉਤਰਨਗੇ ਨਿਊਜ਼ੀਲੈਂਡ-ਇੰਗਲੈਂਡ
Sunday, Jul 14, 2019 - 01:27 AM (IST)

ਲੰਡਨ- ਲਗਭਗ ਡੇਢ ਮਹੀਨੇ ਦੇ ਰੋਮਾਂਚ ਤੋਂ ਬਾਅਦ ਹੁਣ ਆਈ. ਸੀ. ਸੀ. ਵਿਸ਼ਵ ਕੱਪ ਦੀ ਸਮਾਪਤੀ ਹੋਣ ਜਾ ਰਹੀ ਹੈ। ਲੰਡਨ ਦੇ ਲਾਰਡਸ ਮੈਦਾਨ 'ਤੇ ਨਿਊਜ਼ੀਲੈਂਡ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਜਿੱਤ ਕਿਸੇ ਵੀ ਟੀਮ ਦੀ ਹੋਵੇ 'ਇਤਿਹਾਸ' ਬਣਨਾ ਤੈਅ ਹੈ।
ਲਗਾਤਾਰ ਦੂਜੀ ਵਾਰ ਆਈ. ਸੀ. ਸੀ. ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੇ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ ਨਜ਼ਰਾਂ ਆਪਣੀ ਟੀਮ ਨੂੰ ਪਹਿਲੀ ਵਾਰ ਚੈਂਪੀਅਨ ਬਣਾਉਣ 'ਤੇ ਲੱਗੀਆਂ ਹੋਣਗੀਆਂ। ਇਸ ਦੇ ਲਈ ਉਹ ਮੈਦਾਨ 'ਤੇ ਕਮਰ ਕੱਸ ਕੇ ਉਤਰਨਗੇ।
ਦੂਜੇ ਪਾਸੇ ਇਯੋਨ ਮੋਰਗਨ 'ਤੇ ਇੰਗਲੈਂਡ ਨੂੰ ਆਪਣੇ ਘਰੇਲੂ ਮੈਦਾਨ 'ਤੇ ਆਈ. ਸੀ. ਸੀ. ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਚੈਂਪੀਅਨ ਦਾ ਤਮਗਾ ਦਿਵਾਉਣ ਦਾ ਦਬਾਅ ਹੈ। ਇੰਗਲਿਸ਼ ਟੀਮ ਲਈ ਮਨੋਵਿਗਿਆਨਕ ਦਬਾਅ ਇਸ ਲਈ ਵੀ ਜ਼ਿਆਦਾ ਹੈ ਕਿ ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਇਸ ਦੇਸ਼ ਨੂੰ ਹੀ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਣ 'ਚ 27 ਵਰ੍ਹਿਆਂ ਦਾ ਸਮਾਂ ਲੱਗ ਗਿਆ। ਹੁਣ ਆਪਣੇ ਘਰੇਲੂ ਹਾਲਾਤ 'ਚ ਉਸ ਤੋਂ ਹਰ ਹਾਲ ਵਿਚ ਇਸ ਸੁਨਹਿਰੀ ਮੌਕੇ ਨੂੰ ਕੈਸ਼ ਕਰਨ ਦੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ।
ਨਿਊਜ਼ੀਲੈਂਡ ਲਈ ਮੌਜੂਦਾ ਵਿਸ਼ਵ ਕੱਪ ਕਾਫੀ ਉਤਾਰ-ਚੜ੍ਹਾਅ ਭਰਿਆ ਰਿਹਾ ਹੈ। ਟੀਮ ਨੇ ਨੰਬਰ ਇਕ ਵਨ ਡੇ ਟੀਮ ਅਤੇ ਲੀਗ ਪੜਾਅ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਸੂਚੀ ਵਿਚ ਚੋਟੀ 'ਤੇ ਰਹੀ ਵਿਰਾਟ ਕੋਹਲੀ ਦੀ ਭਾਰਤੀ ਟੀਮ ਨੂੰ ਸੈਮੀਫਾਈਨਲ ਵਿਚ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ, ਜਦਕਿ ਖੁਦ ਉਸ ਦੇ ਲਈ ਆਖਰੀ ਲੀਗ ਪੜਾਅ ਮੁਕਾਬਲਾ ਹਾਰਨ ਤੋਂ ਬਾਅਦ ਇਕ ਸਮੇਂ ਸੈਮੀਫਾਈਨਲ ਤੱਕ ਲਈ ਕੁਆਲੀਫਾਈ ਕਰਨਾ ਮੁਸ਼ਕਿਲ ਹੋ ਗਿਆ ਸੀ।
ਹਾਲਾਂਕਿ ਸੈਮੀਫਾਈਨਲ ਮੁਕਾਬਲੇ ਵਿਚ ਕੀਵੀ ਟੀਮ ਨੇ ਵੱਡਾ ਉਲਟਫੇਰ ਕਰਦੇ ਹੋਏ ਭਾਰਤ ਨੂੰ ਮੀਂਹ ਨਾਲ ਪ੍ਰਭਾਵਿਤ ਮੁਕਾਬਲੇ ਵਿਚ ਰਿਜ਼ਰਵ ਡੇ 'ਚ 18 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਮੈਚ ਵਿਚ ਭਾਰਤੀ ਟੀਮ ਦੇ ਚੋਟੀ ਕ੍ਰਮ ਨੂੰ ਕੀਵੀ ਟੀਮ ਨੇ ਢੇਰ ਕਰ ਦਿੱਤਾ ਸੀ। ਇੰਗਲੈਂਡ ਨੇ ਜਿਸ ਤਰ੍ਹਾਂ ਸੈਮੀਫਾਈਨਲ ਵਿਚ ਸਾਬਕਾ ਚੈਂਪੀਅਨ ਆਸਟਰੇਲੀਆ ਨੂੰ ਹਰਾਇਆ, ਉਹ ਨਿਊਜ਼ੀਲੈਂਡ ਲਈ ਖਤਰੇ ਦੀ ਘੰਟੀ ਹੋ ਸਕਦਾ ਹੈ।
ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਜਾਨੀ ਬੇਅਰਸਟੋ ਅਤੇ ਜੇਸਨ ਰਾਏ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀਆਂ ਓਪਨਿੰਗ ਸਾਂਝੇਦਾਰੀਆਂ ਨੇ ਟੀਮ ਨੂੰ ਲਗਾਤਾਰ ਮਜ਼ਬੂਤੀ ਦਿੱਤੀ ਹੈ। ਇਕ ਸਮੇਂ ਇੰਗਲੈਂਡ ਵਿਸ਼ਵ ਕੱਪ 'ਚੋਂ ਬਾਹਰ ਹੋਣ ਦਾ ਕਗਾਰ 'ਤੇ ਪਹੁੰਚ ਗਿਆ ਸੀ। ਟੀਮ ਨੇ ਵਾਪਸੀ ਕਰਦੇ ਹੋਏ ਆਪਣੇ ਆਖਰੀ 2 ਅਤੇ ਫਿਰ ਸੈਮੀਫਾਈਨਲ ਵਿਚ ਸ਼ਾਨਦਾਰ ਅੰਦਾਜ਼ 'ਚ ਮੁਕਾਬਲੇ ਜਿੱਤੇ।