ਬੁਮਰਾਹ ਨੇ 2019 ਨੂੰ ਉਪਲੱਬਧੀਆਂ ਅਤੇ ਸਬਕ ਦਾ ਸਾਲ ਦੱਸਿਆ, ਸ਼ੇਅਰ ਕੀਤੀਆਂ ਖਾਸ ਤਸਵੀਰਾਂ

12/31/2019 5:53:57 PM

ਨਵੀਂ ਦਿੱਲੀ : ਵੱਕਾਰੀ ਵਿਜ਼ਡਨ ਦੀ ਦਹਾਕੇ ਦੀ ਸਰਵਸ੍ਰੇਸ਼ਠ ਟੀ-20 ਕੌਮਾਂਤਰੀ ਟੀਮ ਵਿਚ ਜਗ੍ਹਾ ਬਣਾਉਣ ਵਾਲਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 2019 ਦੇ ਯਾਦਗਰ ਸਫਰ ਤੋਂ ਬਾਅਦ ਨਵੇਂ ਸਾਲ 2020 ਨੂੰ ਵੀ ਨਵੀਆਂ ਸਫਲਤਾਵਾਂ ਨਾਲ ਰੋਮਾਂਚਕ ਤੇ ਸਫਲ ਬਣਾਉਣਾ ਚਾਹੁੰਦਾ ਹੈ। ਬੁਮਰਾਹ ਨੇ ਕਿਹਾ, ''ਸਾਲ 2019 ਮੇਰੇ ਲਈ ਉਪਲੱਬਧੀਆਂ, ਸਬਕ, ਮਿਹਨਤ ਤੇ ਮੈਦਾਨ ਅਤੇ ਮੈਦਾਨ ਤੋਂ ਬਾਹਰ ਯਾਦਾਂ ਬਣਾਉਣ ਨਾਲ ਭਰਿਆ ਰਿਹਾ ਸੀ ਤੇ ਹੁਣ ਸਾਲ ਦੇ ਆਖਰੀ ਦਿਨ ਮੈਂ ਸਾਲ 2020 ਦੀਆਂ ਆਉਣ ਵਾਲੀਆਂ ਚੁਣੌਤੀਆਂ ਤੇ ਨਵੇਂ ਸਫਰ ਨੂੰ ਲੈ ਕੇ ਉਤਸ਼ਾਹਿਤ ਹਾਂ।'' ਤੇਜ਼ ਗੇਂਦਬਾਜ਼ ਲਈ ਸਾਲ 2019 ਤਿੰਨੇ ਹੀ ਸਵਰੂਪਾਂ ਵਿਚ ਸਫਲ ਰਿਹਾ ਸੀ। ਉਸ ਨੇ ਆਸਟਰੇਲੀਆ ਵਿਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਵਿਚ ਭਾਰਤੀ ਟੀਮ ਲਈ ਅਹਿਮ ਭੂਮਿਕਾ ਨਿਭਾਈ ਸੀ ਤੇ ਵੈਸਟਇੰਡੀਜ਼ ਦੌਰੇ ਵਿਚ ਉਹ ਹੈਟ੍ਰਿਕ ਲੈਣ ਵਾਲਾ ਇਕਲੌਤਾ ਤੀਜਾ ਭਾਰਤੀ ਬਣਿਆ ਸੀ। ਉਸ ਤੋਂ ਪਹਿਲਾਂ ਇਹ ਉਪਲੱਬਧੀ ਆਫ ਸਪਿਨਰ ਹਰਭਜਨ ਸਿੰਘ ਤੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਦੇ ਨਾਂ ਸੀ।

26 ਸਾਲਾ ਬੁਮਰਾਹ ਨਾਲ ਹੀ ਵਨ ਡੇ ਰੈਂਕਿੰਗ ਵਿਚ ਨੰਬਰ ਇਕ ਗੇਂਦਬਾਜ਼ ਤੇ ਟੈਸਟ ਰੈਂਕਿੰਗ ਵਿਚ 6ਵੇਂ ਨੰਬਰ ਦਾ ਖਿਡਾਰੀ ਹੈ ਤੇ ਭਾਰਤੀ ਟੀਮ ਦੇ ਗੇਂਦਬਾਜ਼ੀ ਕ੍ਰਮ ਦਾ ਅਹਿਮ ਹਿੱਸਾ ਵੀ ਹੈ। ਬੁਮਰਾਹ ਨੇ ਅਜੇ ਤਕ ਰਾਸ਼ਟਰੀ ਟੀਮ ਵਲੋਂ 12 ਟੈਸਟ, 58 ਵਨ ਡੇ ਤੇ 42 ਟੀ-20 ਖੇਡੇ ਹਨ। ਬੁਮਰਾਹ ਫਿਲਹਾਲ ਮਾਸਪੇਸ਼ੀਆਂ ਵਿਚ ਖਿਚਾਅ ਕਾਰਣ ਟੀਮ 'ਚੋਂ ਬਾਹਰ  ਹੈ ਤੇ ਉਹ ਗੁਹਾਟੀ ਵਿਚ 5 ਜਨਵਰੀ ਤੋਂ ਸ਼੍ਰੀਲੰਕਾ ਵਿਰੁੱਧ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਭਾਰਤੀ ਟੀਮ ਵਿਚ ਵਾਪਸੀ ਕਰੇਗੀ। ਬੁਮਰਾਹ ਨੂੰ ਆਸਟਰੇਲੀਆ ਵਿਰੁੱਧ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਲਈ ਵੀ ਟੀਮ ਵਿਚ ਰੱਖਿਆ ਗਿਆ ਹੈ।