ਹਾਰ ਤੋਂ ਬਾਅਦ ਵੀ ਵਿਰਾਟ ਨੇ ਦਿਖਾਇਆ ਵੱਡਾ ਦਿਲ; ਵੈਭਵ ਸੂਰਿਆਵੰਸ਼ੀ ਨੂੰ ਦਿੱਤਾ ਖਾਸ ਤੋਹਫ਼ਾ (VIDEO)
Saturday, Apr 11, 2026 - 01:01 PM (IST)
ਸਪੋਰਟਸ ਡੈਸਕ : ਆਈ.ਪੀ.ਐੱਲ. 2026 ਵਿੱਚ ਰਾਜਸਥਾਨ ਰਾਇਲਜ਼ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਆਪਣੀ ਤੂਫ਼ਾਨੀ ਬੱਲੇਬਾਜ਼ੀ ਕਾਰਨ ਸੁਰਖੀਆਂ ਵਿੱਚ ਹਨ। ਗੁਹਾਟੀ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਰੁੱਧ ਖੇਡੇ ਗਏ ਮੁਕਾਬਲੇ ਵਿੱਚ ਇਸ ਮਹਿਜ਼ 15 ਸਾਲਾ ਖਿਡਾਰੀ ਨੇ ਆਪਣੀ ਆਕਰਾਮਕ ਪਾਰੀ ਨਾਲ ਨਾ ਸਿਰਫ਼ ਆਪਣੀ ਟੀਮ ਨੂੰ ਜਿੱਤ ਦਿਵਾਈ, ਸਗੋਂ ਸਾਰਿਆਂ ਦਾ ਦਿਲ ਵੀ ਜਿੱਤ ਲਿਆ।
26 ਗੇਂਦਾਂ ਵਿੱਚ ਮਚਾਈ ਤਬਾਹੀ
ਵੈਭਵ ਸੂਰਿਆਵੰਸ਼ੀ ਨੇ ਆਰਸੀਬੀ ਦੇ ਗੇਂਦਬਾਜ਼ਾਂ ਦੀ ਰੱਜ ਕੇ ਧੁਨਾਈ ਕਰਦਿਆਂ ਸਿਰਫ਼ 26 ਗੇਂਦਾਂ ਵਿੱਚ 78 ਦੌੜਾਂ ਬਣਾਈਆਂ। ਉਨ੍ਹਾਂ ਦੀ ਇਸ ਪਾਰੀ ਵਿੱਚ 8 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਉਹ ਭਾਵੇਂ ਨੌਵੇਂ ਓਵਰ ਵਿੱਚ ਆਊਟ ਹੋ ਗਏ, ਪਰ ਉਦੋਂ ਤੱਕ ਉਹ ਰਾਜਸਥਾਨ ਨੂੰ ਬੇਹੱਦ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਚੁੱਕੇ ਸਨ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ 'ਪਲੇਅਰ ਆਫ਼ ਦ ਮੈਚ' ਚੁਣਿਆ ਗਿਆ ਅਤੇ ਉਨ੍ਹਾਂ ਨੇ ਇਸ ਸੀਜ਼ਨ ਦੀ 'ਓਰੇਂਜ ਕੈਪ' ਵੀ ਆਪਣੇ ਨਾਮ ਕਰ ਲਈ ਹੈ।
A job well done with a long road ahead! 💗 pic.twitter.com/tymVTrdeqK
— Rajasthan Royals (@rajasthanroyals) April 11, 2026
ਵਿਰਾਟ ਕੋਹਲੀ ਦਾ ਖਾਸ ਤੋਹਫ਼ਾ
ਮੈਚ ਖ਼ਤਮ ਹੋਣ ਤੋਂ ਬਾਅਦ ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੀ ਦਰਿਆਦਿਲੀ ਦਿਖਾਈ। ਹਾਰ ਦੇ ਬਾਵਜੂਦ ਕੋਹਲੀ ਨੇ ਖੇਡ ਭਾਵਨਾ ਦਾ ਮੁਜ਼ਾਹਰਾ ਕਰਦਿਆਂ ਵੈਭਵ ਸੂਰਿਆਵੰਸ਼ੀ ਨੂੰ ਉਨ੍ਹਾਂ ਦੀ ਕੈਪ 'ਤੇ ਆਟੋਗ੍ਰਾਫ਼ ਦੇ ਕੇ ਸਨਮਾਨਿਤ ਕੀਤਾ। ਕੋਹਲੀ ਨੇ ਕੈਪ 'ਤੇ ਲਿਖਿਆ, "ਪਿਆਰੇ ਵੈਭਵ, ਤੁਸੀਂ ਸ਼ਾਨਦਾਰ ਖੇਡ ਦਿਖਾਈ - ਵਿਰਾਟ ਕੋਹਲੀ"। ਰਾਜਸਥਾਨ ਰਾਇਲਜ਼ ਵੱਲੋਂ ਸਾਂਝੀ ਕੀਤੀ ਗਈ ਇਸ ਖਾਸ ਪਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਮੈਚ ਦਾ ਹਾਲ
ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ 202 ਦੌੜਾਂ ਬਣਾਈਆਂ ਸਨ, ਜਿਸ ਵਿੱਚ ਕਪਤਾਨ ਰਜਤ ਪਾਟੀਦਾਰ ਨੇ 63 ਅਤੇ ਵੇਂਕਟੇਸ਼ ਅਈਅਰ ਨੇ ਨਾਬਾਦ 29 ਦੌੜਾਂ ਦਾ ਯੋਗਦਾਨ ਪਾਇਆ। ਜਵਾਬ ਵਿੱਚ ਰਾਜਸਥਾਨ ਰਾਇਲਜ਼ ਨੇ ਵੈਭਵ ਦੀ ਤੇਜ਼ ਸ਼ੁਰੂਆਤ ਅਤੇ ਧਰੁਵ ਜੁਰੇਲ ਦੀਆਂ ਨਾਬਾਦ 81 ਦੌੜਾਂ (43 ਗੇਂਦਾਂ) ਦੀ ਬਦੌਲਤ 18 ਓਵਰਾਂ ਵਿੱਚ ਹੀ ਟੀਚਾ ਹਾਸਲ ਕਰਕੇ ਜਿੱਤ ਦਰਜ ਕੀਤੀ।
