DC vs KKR: ‘ਕਰੋ ਜਾਂ ਮਰੋ’ ਵਾਲੇ ਮੁਕਾਬਲੇ ’ਚ ਦਿੱਲੀ ਦੇ ਬੱਲੇਬਾਜ਼ਾਂ ਸਾਹਮਣੇ ਵਰੁਣ ਅਤੇ ਨਾਰਾਇਣ ਦੀ ਚੁਣੌਤੀ
Friday, May 08, 2026 - 01:22 PM (IST)
ਸਪੋਰਟਸ ਡੈਸਕ : ਪੇਚੀਦਾ ਪਿੱਚਾਂ ’ਤੇ ਚਕਮਾ ਖਾਣ ਵਾਲੀ ਜਾਂ ਚੰਗੀਆਂ ਪਿੱਚਾਂ ’ਤੇ ਵੱਡਾ ਸਕੋਰ ਨਾ ਬਚਾ ਸਕਣ ਵਾਲੀ ਦਿੱਲੀ ਕੈਪੀਟਲਜ਼ ਨੂੰ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਸ਼ੁੱਕਰਵਾਰ ਨੂੰ ਆਈ. ਪੀ. ਐੱਲ. ਦੇ ‘ਕਰੋ ਜਾਂ ਮਰੋ’ ਵਾਲੇ ਮੁਕਾਬਲੇ ’ਚ ਘਰੇਲੂ ਮੈਦਾਨ ’ਤੇ ਵੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ। 10 ਮੈਚਾਂ ’ਚ 8 ਅੰਕ ਲੈ ਕੇ 7ਵੇਂ ਸਥਾਨ ’ਤੇ ਕਾਬਜ਼ ਦਿੱਲੀ ਨੂੰ ਹੁਣ ਪਲੇਅ ਆਫ ’ਚ ਜਗ੍ਹਾ ਬਣਾਉਣ ਲਈ 16 ਅੰਕਾਂ ਤੱਕ ਪਹੁੰਚਣ ਲਈ ਬਾਕੀ ਚਾਰੇ ਮੈਚ ਜਿੱਤਣੇ ਹੋਣਗੇ। ਉੱਥੇ ਹੀ 8ਵੇਂ ਸਥਾਨ ’ਤੇ ਖੜ੍ਹੀ ਕੇ. ਕੇ. ਆਰ. ਨੂੰ ਵੀ ਬਾਕੀ ਪੰਜੇ ਮੈਚ ਜਿੱਤਣੇ ਹੋਣਗੇ। ਅਜਿਹੇ ’ਚ ਇਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਦਿੱਲੀ ਕੈਪੀਟਲਜ਼ ਦਾ ਇਹ ਮੈਚ ਕਿਸ ਤਰ੍ਹਾਂ ਦੀ ਪਿੱਚ ’ਤੇ ਖੇਡਿਆ ਜਾਵੇਗਾ।
ਸਮਝਿਆ ਜਾਂਦਾ ਹੈ ਕਿ ਵਰੁਣ ਚੱਕਰਵਰਤੀ ਅਤੇ ਸੁਨੀਲ ਨਾਰਾਇਣ ਦੀ ਫਿਰਕੀ ਦਾ ਸਾਹਮਣਾ ਕਰਨ ਲਈ ਦਿੱਲੀ ਬੱਲੇਬਾਜ਼ਾਂ ਦੀ ਮਦਦਗਾਰ ਪਿੱਚ ਨੰਬਰ 6 ’ਤੇ ਖੇਡ ਸਕਦੀ ਹੈ, ਜਿਸ ’ਤੇ ਉਸ ਨੇ ਪੰਜਾਬ ਕਿੰਗਜ਼ ਵਿਰੁੱਧ 264 ਦੌੜਾਂ ਬਣਾਈਆਂ ਸਨ ਪਰ ਜਿੱਤ ਫਿਰ ਵੀ ਨਹੀਂ ਮਿਲੀ ਸੀ। ਇਸ ਪਿੱਚ ਨੂੰ ਚੁਣਨ ਦੀ ਵਜ੍ਹਾ ਬੱਲੇਬਾਜ਼ਾਂ ’ਤੇ ਭਰੋਸੇ ਦੀ ਕਮੀ ਹੈ, ਜਿਹੜਾ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਸੀਮ ਲੈਂਦੀ ਪਿੱਚ ’ਤੇ 6 ਵਿਕਟਾਂ 9 ਦੌੜਾਂ ’ਤੇ ਗੁਆ ਬੈਠਾ ਸੀ। ਹੌਲੀ ਵਿਕਟ ’ਤੇ ਦਿੱਲੀ ਦੇ ਬੱਲੇਬਾਜ਼ ਗੁਜਰਾਤ ਟਾਈਟਨਜ਼ ਦੇ ਰਾਸ਼ਿਦ ਖਾਨ ਜਾਂ ਚੇਨਈ ਸੁਪਰ ਕਿੰਗਜ਼ ਦੇ ਨੂਰ ਅਹਿਮਦ ਤੇ ਅਕੀਲ ਹੁਸੈਨ ਨੂੰ ਨਹੀਂ ਖੇਡ ਸਕਿਆ ਸੀ। ਸੁਨੀਲ (ਇਕਾਨਮੀ ਰੇਟ 6.80) ਤੇ ਵਰੁਣ (ਇਕਾਨਮੀ ਰੇਟ 8.88) ਦੇ ਸਾਹਮਣੇ ਪਾਥੁਮ ਨਿਸਾਂਕਾ, ਸਮੀਰ ਰਿਜ਼ਵੀ ਜਾਂ ਕਰੁਣ ਨਾਇਰ ਨੂੰ ਮੁਸ਼ਕਿਲਾਂ ਪੇਸ਼ ਆ ਸਕਦੀਆਂ ਹਨ।
ਦਿੱਲੀ ਲਈ ਕੁਲਦੀਪ ਯਾਦਵ ਦੀ ਖਰਾਬ ਫਾਰਮ ਵੀ ਚਿੰਤਾ ਦਾ ਵਿਸ਼ਾ ਹੈ, ਜਿਹੜਾ 10 ਮੈਚਾਂ ’ਚ 10 ਤੋਂ ਉੱਪਰ ਦੀ ਇਕਾਨਮੀ ਰੇਟ ਨਾਲ 7 ਹੀ ਵਿਕਟਾਂ ਲੈ ਸਕਿਆ ਹੈ। ਅਜਿਹੇ ’ਚ ਬੱਲੇਬਾਜ਼ਾਂ ਦੀ ਮਦਦਗਾਰ ਵਿਕਟ ’ਤੇ ਖੇਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ। ਇਸ ਨਾਲ ਖਰਾਬ ਫਾਰਮ ਨਾਲ ਜੂਝ ਰਹੇ ਮੇਜ਼ਬਾਨ ਬੱਲੇਬਾਜ਼ਾਂ ਨੂੰ ਵੱਡਾ ਸਕੋਰ ਬਣਾਉਣ ਦਾ ਮੌਕਾ ਮਿਲੇਗਾ। ਬਾਅਦ ’ਚ ਮਿਸ਼ੇਲ ਸਟਾਰਕ ਤੇ ਲੁੰਗੀ ਐਨਗਿਡੀ ਤੋਂ ਗੇਂਦਬਾਜ਼ੀ ’ਚ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ।
ਦੂਜੇ ਪਾਸੇ ਕੇ. ਕੇ. ਆਰ. ਦਾ ਟਾਪਕ੍ਰਮ ਵੀ ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ ਹੈ। ਕਪਤਾਨ ਅਜਿੰਕਿਆ ਰਹਾਨੇ (131.42 ਦੀ ਸਟ੍ਰਾਈਕ ਰੇਟ ਨਾਲ 205 ਦੌੜਾਂ) ਤੇ ਅੰਗਕ੍ਰਿਸ਼ ਰਘੂਵੰਸ਼ੀ (137.43 ਦੀ ਸਟ੍ਰਾਈਕ ਰੇਟ ਨਾਲ 268 ਦੌੜਾਂ) ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ’ਚ ਨਹੀਂ ਬਦਲ ਸਕੇ। ਰਿੰਕੂ ਸਿੰਘ (145.39 ਦੀ ਸਟ੍ਰਾਈਕ ਰੇਟ ਨਾਲ 245 ਦੌੜਾਂ) ’ਤੇ ਹੀ ਬੱਲੇਬਾਜ਼ੀ ਦਾ ਦਾਰੋਮਦਾਰ ਰਿਹਾ ਹੈ।
ਦਿੱਲੀ ਲਈ ਕੇ. ਐੱਲ. ਰਾਹੁਲ ਨੇ ਆਈ. ਪੀ. ਐੱਲ. ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਅਾਂ 180 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਨਾਲ 445 ਦੌੜਾਂ ਬਣਾਈਆਂ ਹਨ। ਦੂਜੇ ਪਾਸੇ ਅਭਿਸ਼ੇਕ ਸ਼ਰਮਾ ਤੇ ਵੈਭਵ ਸੂਰਿਆਵੰਸ਼ੀ ਵਰਗੇ ਬੱਲੇਬਾਜ਼ 200 ਤੋਂ ਉੱਪਰ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਹੇ ਹਨ। ਨਿਸਾਂਕਾ ’ਤੇ ਟੀਮ ਮੈਨੇਜਮੈਂਟ ਦਾ ਲਗਾਤਾਰ ਭਰੋਸੇ ਸਮਝ ਤੋਂ ਬਾਹਰ ਹੈ, ਜਿਹੜਾ 9 ਮੈਚਾਂ ’ਚ 228 ਦੌੜਾਂ ਹੀ ਬਣਾ ਸਕਿਆ ਹੈ। ਕਰੁਣ ਨਾਇਰ ਅਤੇ ਨੀਤੀਸ਼ ਰਾਣਾ ਫਾਰਮ ’ਚ ਨਹੀਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
