ਯੂਐਸ ਓਪਨ ਡਬਲਜ਼ ਚੈਂਪੀਅਨ ਪਰਸੇਲ ਡੋਪਿੰਗ ਕਾਰਨ ਮੁਅੱਤਲ
Monday, Dec 23, 2024 - 05:24 PM (IST)
ਮੈਲਬੌਰਨ : ਦੋ ਵਾਰ ਦੇ ਗ੍ਰੈਂਡ ਸਲੈਮ ਜੇਤੂ ਡਬਲਜ਼ ਖਿਡਾਰੀ ਮੈਕਸ ਪਰਸੇਲ ਨੂੰ ਟੈਨਿਸ ਦੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇੰਟਰਨੈਸ਼ਨਲ ਟੈਨਿਸ ਇੰਟੀਗ੍ਰੇਟੀ ਏਜੰਸੀ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ 26 ਸਾਲਾ ਆਸਟ੍ਰੇਲੀਆਈ ਖਿਡਾਰੀ ਨੇ ਟੈਨਿਸ ਦੇ ਡੋਪਿੰਗ ਰੋਕੂ ਨਿਯਮਾਂ ਦੀ ਧਾਰਾ 2.2 ਦੀ ਉਲੰਘਣਾ ਕਰਨ ਨੂੰ ਸਵੀਕਾਰ ਕੀਤਾ ਹੈ, ਜੋ ਵਰਜਿਤ ਦਵਾਈਆਂ ਦੀ ਵਰਤੋਂ ਨਾਲ ਸਬੰਧਤ ਹੈ।
ਪਰਸੇਲ ਨੇ ਇੰਸਟਾਗ੍ਰਾਮ 'ਤੇ ਇਕ ਬਿਆਨ ਵੀ ਪੋਸਟ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਸ ਨੇ ਅਣਜਾਣੇ ਵਿਚ 100 ਮਿਲੀਲੀਟਰ ਦੀ ਮਨਜ਼ੂਰ ਸੀਮਾ ਤੋਂ ਵੱਧ ਵਿਟਾਮਿਨ ਦਾ ਟੀਕਾ ਲਗਾਇਆ ਸੀ। ਟੈਨਿਸ ਖਿਡਾਰੀ ਨੇ ਕਿਹਾ ਕਿ ਉਸਨੇ ਮੈਡੀਕਲ ਕਲੀਨਿਕ ਨੂੰ ਕਿਹਾ ਸੀ ਕਿ ਉਹ ਇੱਕ ਅਥਲੀਟ ਹੈ ਅਤੇ ਇਸ ਲਈ ਟੀਕੇ ਦੀ ਮਾਤਰਾ 100 ਮਿਲੀਲੀਟਰ ਤੋਂ ਘੱਟ ਹੋਣੀ ਚਾਹੀਦੀ ਹੈ ਪਰ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਇਹ ਸੀਮਾ ਤੋਂ ਵੱਧ ਸੀ।
ਪਰਸੇਲ ਨੇ ਹਮਵਤਨ ਜੌਰਡਨ ਥੌਮਸਨ ਨਾਲ ਮਿਲ ਕੇ ਇਸ ਸਾਲ ਸਤੰਬਰ ਵਿੱਚ ਯੂਐਸ ਓਪਨ ਪੁਰਸ਼ ਡਬਲਜ਼ ਖ਼ਿਤਾਬ ਜਿੱਤਿਆ ਸੀ। ਉਸ ਨੇ ਇਸ ਤੋਂ ਪਹਿਲਾਂ 2022 ਵਿੱਚ ਵਿੰਬਲਡਨ ਵਿੱਚ ਇੱਕ ਹੋਰ ਆਸਟਰੇਲੀਆਈ ਮੈਥਿਊ ਐਬਡੇਨ ਦੇ ਨਾਲ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ ਸੀ। ਉਹ ਇਸ ਸਮੇਂ ਪੁਰਸ਼ ਡਬਲਜ਼ ਦੀ ਵਿਸ਼ਵ ਰੈਂਕਿੰਗ ਵਿੱਚ 12ਵੇਂ ਸਥਾਨ 'ਤੇ ਹੈ। ਉਹ 2020 ਅਤੇ 2022 ਵਿੱਚ ਦੋ ਵਾਰ ਆਸਟ੍ਰੇਲੀਅਨ ਓਪਨ ਪੁਰਸ਼ ਡਬਲਜ਼ ਵਿੱਚ ਉਪ ਜੇਤੂ ਵੀ ਸੀ।