ਅੱਜ ਲਖਨਊ ਨਾਲ ਟੱਕਰ ਲੈਣਗੇ ਪੰਜਾਬ ਦੇ ''ਕਿੰਗਜ਼'', IPL ਦੇ ਸਭ ਤੋਂ ਮਹਿੰਗੇ ਕਪਤਾਨ ਹੋਣਗੇ ਆਹਮੋ-ਸਾਹਮਣੇ

Tuesday, Apr 01, 2025 - 12:23 PM (IST)

ਅੱਜ ਲਖਨਊ ਨਾਲ ਟੱਕਰ ਲੈਣਗੇ ਪੰਜਾਬ ਦੇ ''ਕਿੰਗਜ਼'', IPL ਦੇ ਸਭ ਤੋਂ ਮਹਿੰਗੇ ਕਪਤਾਨ ਹੋਣਗੇ ਆਹਮੋ-ਸਾਹਮਣੇ

ਲਖਨਊ– ਲਖਨਊ ਸੁਪਰ ਜਾਇੰਟਸ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿਚ ਮੰਗਲਵਾਰ ਨੂੰ ਇੱਥੇ ਜਦੋਂ ਫਾਰਮ ਵਿਚ ਚੱਲ ਰਹੀ ਪੰਜਾਬ ਕਿੰਗਜ਼ ਦੀ ਮੇਜ਼ਬਾਨੀ ਕਰੇਗੀ ਤਾਂ ਨਵੇਂ ਕਪਤਾਨ ਰਿਸ਼ਭ ਪੰਤ ਦੀਆਂ ਨਜ਼ਰਾਂ ਚੰਗਾ ਪ੍ਰਦਰਸ਼ਨ ਕਰਨ ਅਤੇ ਟੀਮ ਨੂੰ ਘਰੇਲੂ ਮੈਦਾਨ ’ਤੇ ਸੈਸ਼ਨ ਦੀ ਪਹਿਲੀ ਜਿੱਤ ਦਿਵਾਉਣ ’ਤੇ ਟਿਕੀਆਂ ਹੋਣਗੀਆਂ। ਪਿਛਲੇ ਸਾਲ ਨਿਲਾਮੀ ਵਿਚ ਆਈ. ਪੀ. ਐੱਲ. ਦਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ ਪੰਤ ਸ਼ੁਰੂਆਤੀ ਦੋ ਮੈਚਾਂ ਵਿਚ ਬੱਲੇਬਾਜ਼ ਦੇ ਤੌਰ ’ਤੇ ਅਸਫਲ ਰਹਿਣ ਤੋਂ ਬਾਅਦ 27 ਕਰੋੜ ਰੁਪਏ ਦੀ ਆਪਣੀ ਮੋਟੀ ਕੀਮਤ ਨੂੰ ਸਹੀ ਸਾਬਤ ਕਰਨ ਲਈ ਪ੍ਰਤੀਬੱਧ ਹੋਵੇਗਾ। ਸੁਪਰ ਜਾਇੰਟਸ ਵਿਚ ਉਸਦੀ ਕਪਤਾਨੀ ਦੀ ਸ਼ੁਰੂਆਤ ਹਾਰ ਦੇ ਨਾਲ ਸ਼ੁਰੂ ਹੋਈ ਜਦੋਂ ਉਹ ਆਪਣੀ ਸਾਬਕਾ ਟੀਮ ਦਿੱਲੀ ਕੈਪੀਟਲਸ ਵਿਰੁੱਧ ਸਿਰਫ ਇਕ ਵਿਕਟ ਨਾਲ ਹਾਰ ਗਿਆ। ਹਾਲਾਂਕਿ ਨਿਕੋਲਸ ਪੂਰਨ (23 ’ਤੇ 70 ਦੌੜਾਂ) ਤੇ ਮਿਸ਼ੇਲ ਮਾਰਸ਼ (31 ਗੇਂਦਾਂ ’ਤੇ 52 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਤੇ ਸ਼ਾਰਦੁਲ ਠਾਕੁਰ (34 ਦੌੜਾਂ ’ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ’ਤੇ ਉਸਦੇ ਘਰੇਲੂ ਮੈਦਾਨ ’ਤੇ 5 ਵਿਕਟਾਂ ਦੀ ਪ੍ਰਤਿਭਾਸ਼ਾਲੀ ਜਿੱਤ ਦੇ ਨਾਲ ਮਜ਼ਬੂਤ ਵਾਪਸੀ ਕੀਤੀ।

ਟੀਮ ਦੀ ਸਫਲਤਾ ਦੇ ਬਾਵਜੂਦ ਪੰਤ ਨੂੰ ਬੱਲੇ ਨਾਲ ਲਗਾਤਾਰ ਦੂਜੀ ਵਾਰ ਅਸਫਲਤਾ ਦਾ ਸਾਹਮਣਾ ਕਰਨਾ ਪਿਆ। ਉਹ ਸ਼ੁਰੂਆਤੀ ਦੋ ਮੈਚਾਂ ਵਿਚ 0 ਤੇ 15 ਦੌੜਾਂ ਦੀਆਂ ਪਾਰੀਆਂ ਹੀ ਖੇਡ ਸਕਿਆ ਹੈ। ਇਹ ਹਮਲਾਵਰ ਭਾਰਤੀ ਖਿਡਾਰੀ ਦੌੜਾਂ ਬਣ ਕੇ ਆਪਣੇ ਆਲੋਚਕਾਂ ਨੂੰ ਚੁੱਪ ਕਰਵਾਉਣ ਲਈ ਬੇਤਾਬ ਹੋਵੇਗਾ।

ਪਹਿਲੀ ਵਾਰ ਪੰਤ ਦਾ ਸਾਹਮਣਾ ਦਿੱਲੀ ਕੈਪੀਟਲਸ ਦੇ ਆਪਣੇ ਸਾਬਕਾ ਕੋਚ ਰਿਕੀ ਪੋਂਟਿੰਗ ਨਾਲ ਹੋਵੇਗਾ, ਜਿਹੜਾ ਇਸ ਸੈਸ਼ਨ ਵਿਚ ਪੰਜਾਬ ਕਿੰਗਜ਼ ਵਿਚ ਸ਼ਾਮਲ ਹੋਇਆ ਹੈ। ਇਹ ਆਈ. ਪੀ. ਐੱਲ. ਇਤਿਹਾਸ ਦੇ ਸਭ ਤੋਂ ਮਹਿੰਗਾ ਤੇ ਦੂਜੇ ਸਭ ਤੋਂ ਮਹਿੰਗੇ ਖਿਡਾਰੀਆਂ ਵਿਚਾਲੇ ਮੁਕਾਬਲਾ ਹੋਵੇਗਾ, ਜਿਸ ਵਿਚ ਸ਼੍ਰੇਅਸ ਅਈਅਰ ਪੰਜਾਬ ਕਿੰਗਜ਼ ਦੀ ਅਗਵਾਈ ਕਰੇਗਾ। ਆਈ. ਪੀ. ਨਿਲਾਮੀ ਵਿਚ 26.75 ਕਰੋੜ ਰੁਪਏ ਵਿਚ ਵਿਕੇ ਅਈਅਰ ਨੇ ਗੁਜਰਾਤ ਟਾਈਟਨਜ਼ ਵਿਰੁੱਧ 42 ਗੇਂਦਾਂ ਵਿਚ ਅਜੇਤੂ 97 ਦੌੜਾਂ ਬਣਾ ਕੇ ਮੈਚ ਜੇਤੂ ਪਾਰੀ ਖੇਡੀ ਸੀ। ਆਈ. ਪੀ. ਐੱਲ. ਜੇਤੂ ਕਪਤਾਨ ਅਈਅਰ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨਾ ਪਸੰਦ ਕਰਦਾ ਹੈ ਤੇ ਇਸ ਲੈਅ ਨੂੰ ਜਾਰੀ ਰੱਖਣਾ ਚਾਹੇਗਾ। ਸ਼ਸ਼ਾਂਕ ਸਿੰਘ ਨੇ ਪਿਛਲੇ ਸੈਸ਼ਨ ਦੀ ਸ਼ਾਨਦਾਰ ਲੈਅ ਬਰਕਰਾਰ ਰੱਖੀ ਹੈ ਜਦਕਿ ਪ੍ਰਿਯਾਂਸ਼ ਆਰੀਆ ਨੇ ਆਈ. ਪੀ. ਐੱਲ. ਡੈਬਿਊ ਕਰਦੇ ਹੋਏ ਪੰਜਾਬ ਲਈ 23 ਗੇਂਦਾਂ ਵਿਚ 47 ਦੌੜਾਂ ਬਣਾ ਕੇ ਆਪਣੇ ਕਰੀਅਰ ਦੀ ਧਮਾਕੇਦਾਰ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ : ਇਸ ਦਿੱਗਜ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ ਮਲਾਇਕਾ ਅਰੋੜਾ! ਸਾਹਮਣੇ ਆਈਆਂ ਤਸਵੀਰਾਂ

ਭਾਰਤ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਇੰਪੈਕਟ ਪਲੇਅਰ ਦੇ ਰੂਪ ਵਿਚ ਉਤਰੇ ਗੇਂਦਬਾਜ਼ ਵਿਜੇਕੁਮਾਰ ਵੈਸ਼ਾਖ ਨੇ ਪੰਜਾਬ ਲਈ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ ਹੈ।

ਇਕਾਨਾ ਸਟੇਡੀਅਮ ਦੀ ਪਿੱਚ ਗੇਂਦਬਾਜ਼ਾਂ, ਵਿਸ਼ੇਸ਼ ਤੌਰ ’ਤੇ ਸਪਿੰਨਰਾਂ ਤੇ ਹੌਲੀ ਗਤੀ ਦੇ ਗੇਂਦਬਾਜ਼ਾਂ ਦੇ ਅਨੁਕੂਲ ਹੈ ਤੇ ਦੋਵਾਂ ਟੀਮਾਂ ਦੇ ਸਪਿੰਨਰ ਮੈਚ ਦੇ ਨਤੀਜੇ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਜੇਕਰ ਸੁਪਰ ਜਾਇੰਟਸ ਦਾ ਮਜ਼ਬੂਤ ਬੱਲੇਬਾਜ਼ੀ ਕ੍ਰਮ ਵੱਡਾ ਸਕੋਰ ਖੜ੍ਹਾ ਕਰਦਾ ਹੈ ਤਾਂ ਰਵੀ ਬਿਸ਼ਨੋਈ ’ਤੇ ਜ਼ਿੰਮੇਵਾਰੀ ਹੋਵੇਗੀ ਕਿ ਉਹ ਪ੍ਰਭਾਵਸ਼ਾਲੀ ਲੈੱਗ ਸਪਿਨ ਨਾਲ ਸਫਲਤਾ ਦਿਵਾਏ। ਬਿਸ਼ਨੋਈ ਹਾਲਾਂਕਿ ਸਰਵੋਤਮ ਫਾਰਮ ਵਿਚ ਨਹੀਂ ਹੈ। ਉਸਦੇ ਨਾਲ ਲੈੱਗ ਸਪਿੰਨਰ ਦਿਗਵੇਸ਼ ਰਾਠੀ ਵੀ ਹੋਵੇਗਾ, ਜਿਸ ਨੇ ਪਿਛਲੇ ਸਾਲ ਦਿੱਲੀ ਪ੍ਰੀਮੀਅਰ ਲੀਗ ਦੇ ਉਦਘਾਟਨੀ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਖਿੱਚਿਆ ਸੀ।

ਮੇਜ਼ਬਾਨ ਟੀਮ ਕੋਲ ਖੱਬੇ ਹੱਥ ਦੇ ਸਪਿੰਨਰ ਸ਼ਾਹਬਾਜ਼ ਅਹਿਮਦ ਨੂੰ ਖਿਡਾਉਣ ਦਾ ਬਦਲ ਵੀ ਹੈ ਜਦਕਿ ਐਡਮ ਮਾਰਕ੍ਰਾਮ ਵੀ ਆਫ ਸਪਿੰਨ ਗੇਂਦਬਾਜ਼ੀ ਕਰ ਸਕਦਾ ਹੈ। ਤਜਰਬੇਕਾਰ ਭਾਰਤੀ ਲੈੱਗ ਸਪਿੰਨਰ ਯੁਜਵੇਂਦਰ ਚਾਹਲ ਪੰਜਾਬ ਦੇ ਸਪਿੰਨ ਹਮਲੇ ਦੀ ਅਗਵਾਈ ਕਰੇਗਾ ਜਦਕਿ ਗਲੇਨ ਮੈਕਸਵੈੱਲ ਤੋਂ ਵੀ ਉਮੀਦ ਹੈ ਕਿ ਉਹ ਆਪਣਾ ਜਲਵਾ ਦਿਖਾਏਗਾ। ਉਸਦੇ ਕੋਲ ਤੇਜ਼ ਗੇਂਦਬਾਜ਼ੀ ਦੇ ਵੀ ਕਈ ਬਦਲ ਹਨ ਜਦਕਿ ਅਈਅਰ ਨੇ ਟਾਈਟਨਜ਼ ਵਿਰੁੱਧ ਮੈਚ ਵਿਚ 7 ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ ਸੀ।

ਸੰਭਾਵਿਤ ਪਲੇਇੰਗ 11

ਪੰਜਾਬ ਕਿੰਗਜ਼ : ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਸ਼੍ਰੇਅਸ ਅਈਅਰ (ਕਪਤਾਨ), ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਸੂਰਯਾਂਸ਼ ਸ਼ੇਡਗੇ, ਅਜ਼ਮਤੁੱਲਾ ਉਮਰਜ਼ਈ, ਮਾਰਕੋ ਜੇਨਸਨ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।

ਲਖਨਊ ਸੁਪਰ ਜਾਇੰਟਸ : ਏਡਨ ਮਾਰਕਰਮ, ਨਿਕੋਲਸ ਪੂਰਨ, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਡੇਵਿਡ ਮਿਲਰ, ਆਯੂਸ਼ ਬਡੋਨੀ, ਅਬਦੁਲ ਸਮਦ, ਸ਼ਾਰਦੁਲ ਠਾਕੁਰ, ਰਵੀ ਬਿਸ਼ਨੋਈ, ਅਵੇਸ਼ ਖਾਨ, ਦਿਗਵੇਸ਼ ਰਾਠੀ, ਪ੍ਰਿੰਸ ਯਾਦਵ।

 


author

Tarsem Singh

Content Editor

Related News