ਹੈਦਰਾਬਾਦ ਤੇ ਪੰਜਾਬ ਕਿੰਗਸ ਵਿਚਾਲੇ ਹੋਵੇਗਾ ਅੱਜ ਦਾ ਮੁਕਾਬਲਾ, ਇਸ ਗੇਂਦਬਾਜ਼ ''ਤੇ ਰਹੇਗੀ ਨਜ਼ਰ
Wednesday, May 06, 2026 - 10:35 AM (IST)
ਹੈਦਰਾਬਾਦ : ਪਿਛਲੇ 2 ਮੈਚਾਂ ’ਚ ਬੱਲੇਬਾਜ਼ਾਂ ਦੀ ਅਸਫਲਤਾ ਕਾਰਨ ਹਾਰ ਦਾ ਸਾਹਮਣਾ ਕਰਨ ਵਾਲੀ ਪੰਜਾਬ ਕਿੰਗਜ਼ ਦੀ ਟੀਮ ਨੂੰ ਜੇਕਰ ਆਪਣੀ ਮੁਹਿੰਮ ਵਾਪਸ ਪੱਟੜੀ ’ਤੇ ਲਿਆਉਣੀ ਹੈ ਤਾਂ ਉਸ ਨੂੰ ਬੁੱਧਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ’ਚ ਫਿਰ ਤੋਂ ਆਪਣੀ ਹਮਲਾਵਰ ਲੈਅ ਹਾਸਲ ਕਰਨੀ ਪਵੇਗੀ। ਲਗਾਤਾਰ 6 ਮੈਚ ਜਿੱਤਣ ਵਾਲੀ ਪੰਜਾਬ ਦੀ ਟੀਮ ਪਿਛਲੇ ਦੋ ਮੈਚਾਂ ’ਚ ਲੜਖੜਾ ਗਈ ਹੈ। ਇਨ੍ਹਾਂ ਮੈਚਾਂ ’ਚ ਹਾਰ ਨੇ ਉਸ ਦੀਆਂ ਉਨ੍ਹਾਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੂੰ ਉਹ ਜਲਦ ਤੋਂ ਜਲਦ ਦੂਰ ਕਰਨਾ ਚਾਹੇਗੀ। ਪੰਜਾਬ ਕਿੰਗਜ਼ ਭਾਵੇਂ ਹੀ 9 ਮੈਚਾਂ ’ਚੋਂ 13 ਅੰਕਾਂ ਨਾਲ ਅੰਕ ਸੂਚੀ ’ਚ ਚੋਟੀ ’ਤੇ ਬਣਿਆ ਹੋਇਆ ਹੈ ਪਰ ਹੁਣ ਗਲਤੀਆਂ ਦੀ ਗੁੰਜਾਇਸ਼ ਕਾਫੀ ਘੱਟ ਗਈ ਹੈ, ਕਿਉਂਕਿ ਆਰ. ਸੀ. ਬੀ., ਸਨਰਾਈਜ਼ਰਜ਼ ਹੈਦਰਾਬਾਦ, ਰਾਜਸਥਾਨ ਰਾਇਲਜ਼ ਤੇ ਗੁਜਰਾਤ ਟਾਈਟਨਜ਼ ਸਾਰੇ ਉਸ ਤੋਂ ਸਿਰਫ ਇਕ ਅੰਕ ਪਿੱਛੇ ਹਨ।
ਬੱਲੇਬਾਜ਼ਾਂ ਦੀ ਅਸਫਲਤਾ ਕਾਰਨ ਪੰਜਾਬ ਕਿੰਗਜ਼ ਨੂੰ ਪਿਛਲੇ ਕੁਝ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਦੇ ਮੈਚਾਂ ’ਚ ਉਸ ਦੇ ਬੱਲੇਬਾਜ਼ਾਂ ਨੇ ਆਪਣੇ ਹਮਲਾਵਰ ਅੰਦਾਜ਼ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਸੀ। ਬੱਲੇਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਕਾਰਨ ਇਨ੍ਹਾਂ ਮੈਚਾਂ ’ਚ ਉਸ ਦੀ ਗੇਂਦਬਾਜ਼ੀ ਦੀਆਂ ਕਮੀਆਂ ’ਤੇ ਕਿਸੇ ਦਾ ਖਾਸ ਧਿਆਨ ਨਹੀਂ ਗਿਆ। ਸ਼ੁਰੂਆਤੀ ਦੌਰ ’ਚ ਲੈਅ ਬਣਾਉਣ ਵਾਲੇ ਚੋਟੀਕ੍ਰਮ ਦੇ ਬੱਲੇਬਾਜ਼ ਲੜਖੜਾ ਗਏ ਹਨ। ਪ੍ਰਿਆਂਸ਼ ਆਰੀਆ, ਪ੍ਰਭਸਿਮਰਨ ਸਿੰਘ ਤੇ ਕੂਪਰ ਕੋਨੋਲੀ ਦੀ ਯੂਥ ਤਿੱਕੜੀ ਦੀ ਹਮਲਾਵਰ ਰਣਨੀਤੀ ਲਾਪ੍ਰਵਾਹੀ ’ਚ ਬਦਲ ਗਈ ਹੈ। ਇਸ ਨਾਲ ਟੀਮ ਨੂੰ ਸ਼ੁਰੂਆਤੀ ਝਟਕੇ ਸਹਿਣੇ ਪਏ ਤੇ ਮੱਧਕ੍ਰਮ ਨੂੰ ਪਾਰੀ ਸੰਭਾਲਣ ਦੀ ਜ਼ਿੰਮੇਵਾਰੀ ਚੁੱਕਣੀ ਪਈ। ਪੰਜਾਬ ਕਿੰਗਜ਼ ਦਾ ਮੱਧਕ੍ਰਮ ਵੀ ਚੋਟੀ ਦੇ ਬੱਲੇਬਾਜ਼ਾਂ ਦੀ ਅਸਫਲਤਾ ਤੋਂ ਬਾਅਦ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਜਦਕਿ ਪੂਰੇ ਟੂਰਨਾਮੈਂਟ ਦੌਰਾਨ ਉਸ ਦੀ ਗੇਂਦਬਾਜ਼ੀ ਜ਼ਿਅਾਦਾ ਚੰਗੀ ਨਹੀਂ ਰਹੀ ਹੈ।
ਇਹ ਵੀ ਪੜੋ IFAB ਦਾ ਵੱਡਾ ਬਿਆਨ, ਕੀਤੀ ਇਹ ਗਲਤੀ ਤਾਂ ਮਿਲੇਗਾ ਰੈੱਡ ਕਾਰਡ
ਇੱਥੋਂ ਤੱਕ ਕਿ ਪੰਜਾਬ ਕਿੰਗਜ਼ ਜਦੋਂ ਜਿੱਤ ਦਰਜ ਕਰ ਰਿਹਾ ਸੀ ਉਦੋਂ ਵੀ ਉਸ ਦੇ ਗੇਂਦਬਾਜ਼ਾਂ ਨੇ ਵਿਰੋਧੀ ਬੱਲੇਬਾਜ਼ਾਂ ਨੂੰ ਵਿਚਾਲੇ-ਵਿਚਾਲੇ ਖੁੱਲ੍ਹ ਕੇ ਦੌੜਾਂ ਬਣਾਉਣ ਦਿੱਤੀਆਂ ਹਨ। ਇਹ ਹੀ ਨਹੀਂ ਉਸ ਦੀ ਗੇਂਦਬਾਜ਼ੀ ’ਚ ਮਹੱਤਵਪੂਰਨ ਮੌਕਿਆਂ ’ਤੇ ਅਨੁਸ਼ਾਸਨ ਦੀ ਕਮੀ ਕਾਰਨ ਚੰਗਾ ਅੰਤ ਕਰਨਾ ਲਗਾਤਾਰ ਇਕ ਸਮੱਸਿਆ ਬਣੀ ਹੋਈ ਹੈ। ਹੁਣ ਜਦਕਿ ਟੂਰਨਾਮੈਂਟ ਮਹੱਤਵਪੂਰਨ ਪੜਾਅ ’ਚ ਪਹੁੰਚ ਗਿਆ ਹੈ, ਉਦੋਂ ਪੰਜਾਬ ਨੂੰ ਸਨਰਾਈਜ਼ਰਜ਼ ਵਿਰੁੱਧ ਇੱਥੋਂ ਦੇ ਬੱਲੇਬਾਜ਼ੀ ਲਈ ਅਨੁਕੂਲ ਹਾਲਾਤ ’ਚ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ ਤੇ ਸਪੱਸ਼ਟ ਰਣਨੀਤੀ ਦੇ ਨਾਲ ਮੈਦਾਨ ’ਤੇ ਉਤਰਨਾ ਪਵੇਗਾ। ਤੀਜੇ ਸਥਾਨ ’ਤੇ ਕਾਬਜ਼ ਸਨਰਾਈਜ਼ਰਜ਼ ਦੀ ਟੀਮ ਪਿਛਲੇ ਮੈਚ ’ਚ ਕੋਲਕਾਤਾ ਨਾਈਟ ਰਾਈਡਰਜ਼ ਤੋਂ 7 ਵਿਕਟਾਂ ਨਾਲ ਮਿਲੀ ਹਾਰ ਤੋਂ ਉੱਭਰਨ ਲਈ ਬੇਤਾਬ ਹੋਵੇਗੀ। ਇਸ ਹਾਰ ਨਾਲ ਉਸ ਦੀ ਲਗਾਤਾਰ 5 ਮੈਚਾਂ ਦੀ ਜਿੱਤ ਦਾ ਸਿਲਸਿਲਾ ਟੁੱਟ ਗਿਆ। ਇਸ ਨਾਲ ਪੈਟ ਕਮਿੰਸ ਦੀ ਅਗਵਾਈ ਵਾਲੀ ਟੀਮ ਨੇ ਅੰਕ ਸੂਚੀ ’ਚ ਚੋਟੀ ’ਤੇ ਪਹੁੰਚਣ ਦਾ ਮੌਕਾ ਵੀ ਗੁਆ ਦਿੱਤਾ ਸੀ। ਉਸ ਮੈਚ ’ਚ ਟ੍ਰੈਵਿਸ ਹੈੱਡ ਤੇ ਈਸ਼ਾਨ ਕਿਸ਼ਨ ਨੂੰ ਛੱਡ ਕੇ ਬਾਕੀ ਬੱਲੇਬਾਜ਼ ਨਹੀਂ ਚੱਲ ਸਕੇ ਪਰ ਸਨਰਾਈਜ਼ਰਜ਼ ਦੀ ਬੱਲੇਬਾਜ਼ੀ ਬੇਹੱਦ ਮਜ਼ਬੂਤ ਹੈ ਜਿਸ ’ਚ ਹੈੱਡ ਤੇ ਕਿਸ਼ਨ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਤੇ ਹੈਨਰਿਕ ਕਲਾਸੇਨ ਵਰਗੇ ਧਾਕੜ ਬੱਲੇਬਾਜ਼ ਸ਼ਾਮਲ ਹਨ। ਕਪਤਾਨ ਕਮਿੰਸ ਦੀ ਵਾਪਸੀ ਨਾਲ ਸਨਰਾਈਜ਼ਰਜ਼ ਦੀ ਗੇਂਦਬਾਜ਼ੀ ਨੂੰ ਮਜ਼ਬੂਤੀ ਮਿਲੀ ਹੈ। ਉਸ ਦੇ ਤੇਜ਼ ਗੇਂਦਬਾਜ਼ਾਂ ਨੇ ਡੈੱਥ ਓਵਰਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜੋ ਧੋਨੀ ਦੀ ਤਰ੍ਹਾਂ 5 ਆਈ. ਪੀ. ਐੱਲ. ਖਿਤਾਬ ਜਿੱਤਣਾ ਚਾਹੁੰਦਾ ਹਾਂ ਇਹ ਧਾਕੜ ਬੱਲੇਬਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
