ਇਸ ਤਰ੍ਹਾਂ ਟੀਮ ਇੰਡੀਆ ਦੇ ਕੋਚ ਬਣਦੇ-ਬਣਦੇ ਰਹਿ ਗਏ ਸਹਿਵਾਗ

07/15/2017 12:55:56 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਨਵੇਂ ਕੋਚ ਦੀ ਰੇਸ ਵਿਚ ਸਾਬਕਾ ਬੱਲੇਬਾਜ਼ ਅਤੇ ਆਈ.ਪੀ.ਐੱਲ. ਕਿੰਗਸ ਇਲੈਵਨ ਪੰਜਾਬ ਦੇ ਮੇਂਟਰ ਵਰਿੰਦਰ ਸਹਿਵਾਗ ਵੀ ਫੇਵਰਟ ਮੰਨੇ ਜਾ ਰਹੇ ਸਨ। ਖ਼ਬਰਾਂ ਦੀਆਂ ਮੰਨੀਏ ਤਾਂ ਵੀਰੂ ਨੂੰ ਵੀ ਕੋਹਲੀ ਦਾ ਪੂਰਾ ਸਮਰਥਨ ਸੀ, ਪਰ ਅੰਤ ਵਿਚ ਬਾਜ਼ੀ ਸਾਬਕਾ ਕਪਤਾਨ ਰਵੀ ਸ਼ਾਸਤਰੀ ਨੇ ਮਾਰ ਲਈ। ਚੈਂਪੀਅਨਸ ਟਰਾਫੀ ਦੇ ਦੌਰਾਨ ਕੈਪਟਨ ਵਿਰਾਟ ਕੋਹਲੀ ਅਤੇ ਟੀਮ ਇੰਡੀਆ ਦੇ ਖਿਡਾਰੀ ਅਚਾਨਕ ਸਾਬਕਾ ਕੋਚ ਕੁੰਬਲੇ ਦੇ ਖਿਲਾਫ ਹੋ ਗਏ। ਭਾਵੇਂ ਹੀ ਟੀਮ ਇੰਡੀਆ ਅਨਿਲ ਕੁੰਬਲੇ ਦੇ ਖਿਲਾਫ ਹੋਈ ਹੋਵੇ, ਪਰ ਟੀਮ ਨੂੰ ਨਵੇਂ ਕੋਚ ਦੇ ਲਈ ਅਪਲਾਈ ਕਰਨ ਵਾਲੇ ਕਿਸੇ ਵੀ ਉਮੀਦਵਾਰ ਤੋਂ ਕੋਈ ਪਰੇਸ਼ਾਨੀ ਨਹੀਂ ਸੀ। ਟੀਮ ਇੰਡੀਆ ਨੇ ਪਹਿਲੇ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਕ੍ਰਿਕਟ ਐਡਵਾਈਜ਼ਰੀ ਕਮੇਟੀ (ਸੀ.ਏ.ਸੀ.) ਦੇ ਫੈਸਲੇ ਵਿਚ ਕਿਸੇ ਵੀ ਤਰ੍ਹਾਂ ਦਾ ਦਖਲ ਨਹੀਂ ਦੇਵੇਗੀ।

ਸੀ.ਏ.ਸੀ. ਵੱਲੋਂ ਟੀਮ ਇੰਡੀਆ ਦੇ ਕੋਚ ਦੇ ਅਹੁਦੇ ਦੇ ਲਈ ਹਾਲ ਹੀ 'ਚ ਕੀਤੇ ਗਏ ਇਕ ਇੰਟਰਵਿਊ ਦੇ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਵਰਿੰਦਰ ਸਹਿਵਾਗ ਨੂੰ ਵੀ ਕੋਹਲੀ ਦਾ ਪੂਰਾ ਸਮਰਥਨ ਸੀ। ਵੀਰੂ ਉਨ੍ਹਾਂ 5 ਉਮੀਦਵਾਰਾਂ ਵਿਚ ਸ਼ੁਮਾਰ ਸਨ, ਜਿਨ੍ਹਾਂ ਨੇ ਟੀਮ ਇੰਡੀਆ ਦੇ ਕੋਚ ਦੇ ਲਈ ਇੰਟਰਵਿਊ ਦਿੱਤਾ ਸੀ। ਸਹਿਵਾਗ ਨੇ ਇੰਟਰਵਿਊ ਤੋਂ ਪਹਿਲਾਂ ਕੋਚ ਦੀ ਭੂਮਿਕਾ ਦੇ ਲਈ ਕਾਫੀ ਮਿਹਨਤ ਕੀਤੀ ਸੀ। ਸਹਿਵਾਗ ਨੇ ਟੀਮ ਇੰਡੀਆ ਨਾਲ ਕਾਫੀ ਗ੍ਰਾਊਂਡ ਵਰਕ ਵੀ ਕੀਤਾ ਸੀ।

ਕਿੰਗਸ ਇਲੈਵਨ ਪੰਜਾਬ ਦੇ ਮੇਂਟਰ ਬਣਨ ਦੇ ਬਾਅਦ ਵੀਰੂ ਵਿਚ ਕਾਫੀ ਆਤਮਵਿਸ਼ਵਾਸ ਵੀ ਸੀ ਕਿ ਉਹ ਇਸ ਚੋਟੀ ਦੇ ਸਥਾਨ 'ਤੇ ਟੀਮ ਇੰਡੀਆ ਦੇ ਲਈ ਬਿਹਤਰ ਨਤੀਜੇ ਲਿਆਉਣ ਵਿਚ ਹਾਂ ਪੱਖੀ ਭੂਮਿਕਾ ਨਿਭਾਉਣਗੇ। ਵੀਰੂ ਨੂੰ ਇਹ ਆਤਮਵਿਸ਼ਵਾਸ ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਕੋਚ ਦੇ ਅਹੁਦੇ ਦੇ ਲਈ ਅਪਲਾਈ ਕਰਨ ਦੀ ਸਲਾਹ ਦੇਣ ਦੇ ਬਾਅਦ ਆਇਆ।

ਅਧਿਕਾਰੀ ਦੀ ਮਨਜ਼ੂਰੀ ਮਿਲਣ ਦੇ ਬਾਅਦ ਅਪਲਾਈ ਕਰਨ ਤੋਂ ਪਹਿਲਾਂ ਵੀਰੂ ਨੇ ਕੈਪਟਨ ਕੋਹਲੀ ਨੂੰ ਮਿਲਣਾ ਬਿਹਤਰ ਸਮਝਿਆ। ਕੋਹਲੀ ਨੇ ਸਹਿਵਾਗ ਨੂੰ ਕਿਹਾ, ''ਬਿਲਕੁੱਲ ਵੀਰੂ ਭਾ। ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤੀ ਕ੍ਰਿਕਟ ਵਿਚ ਤੁਹਾਡਾ ਯੋਗਦਾਨ ਚੋਟੀ ਦੇ ਪੱਧਰ ਦਾ ਰਿਹਾ ਹੈ। ਮੈਨੂੰ ਇਸ ਗੱਲ ਨਾਲ ਕੋਈ ਦਿੱਕਤ ਨਹੀਂ ਹੈ ਕਿ ਜੇਕਰ ਤੁਸੀਂ ਕੋਚ ਬਣਨ ਦੇ ਲਈ ਅਪਲਾਈ ਕਰ ਰਹੇ ਹੋ।''

ਟੀਮ ਇੰਡੀਆ ਦੇ ਕੋਚ ਅਤੇ ਕੈਪਟਨ ਦੇ ਰੂਪ ਵਿਚ ਦਿੱਲੀ ਦੀ ਇਹ ਜੋੜੀ ਭਾਰਤੀ ਕ੍ਰਿਕਟ 'ਚ ਇਕ ਨਵਾਂ ਇਤਿਹਾਸ ਲਿਖ ਸਕਦੀ ਸੀ ਜੇਕਰ ਸਹਿਵਾਗ ਨੇ ਸੀ.ਏ.ਸੀ. ਦੇ ਸਾਹਮਣੇ ਇਹ ਪ੍ਰਸਤਾਵ ਨਹੀਂ ਰਖਿਆ ਹੁੰਦਾ। ਵੀਰੂ ਆਪਣੇ ਹੈੱਡ ਬਨਣ ਦੇ ਬਾਅਦ ਸਪੋਰਟਸ ਸਟਾਫ ਦੇ ਰੂਪ ਵਿਚ ਆਪਣੀ ਪਸੰਦ ਦੇ ਲੋਕਾਂ ਨੂੰ ਹੀ ਰਖਣਾ ਚਾਹੁੰਦੇ ਸਨ। ਵੀਰੂ ਫਿਜ਼ੀਓਥੈਰੇਪਿਸਟ ਦੇ ਤੌਰ ਉੱਤੇ ਅਮਿਤ ਤਿਆਗੀ ਅਤੇ ਕਿੰਗਸ ਇਲੈਵਨ ਪੰਜਾਬ ਦੀ ਟੀਮ ਵਿਚ ਸਹਾਇਕ ਕੋਚ ਦੀ ਭੂਮਿਕਾ ਨਿਭਾ ਰਹੇ ਮਿਥੁਨ ਮਿਨਹਾਸ ਨੂੰ ਵੀ ਨਾਲ ਲਿਆਉਣਾ ਚਾਹੁੰਦੇ ਸਨ।