ਇਹ ਚਿੰਨਾਸਵਾਮੀ ਦੀ ਆਮ ਵਿਕਟ ਵਾਂਗ ਨਹੀਂ ਹੈ, ਅਸੀਂ ਸਬਕ ਵੀ ਨਹੀਂ ਲਿਆ : ਹੇਜ਼ਲਵੁੱਡ
Sunday, Apr 20, 2025 - 03:58 PM (IST)

ਬੈਂਗਲੁਰੂ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਕਿਹਾ ਕਿ ਇੱਥੋਂ ਦੀ ਵਿਕਟ ਚਿੰਨਾਸਵਾਮੀ ਦੀ ਆਮ ਵਿਕਟ ਵਰਗੀ ਨਹੀਂ ਹੈ ਅਤੇ ਉਨ੍ਹਾਂ ਦੇ ਬੱਲੇਬਾਜ਼ਾਂ ਵੱਲੋਂ ਪਿਛਲੇ ਮੈਚਾਂ ਤੋਂ ਸਬਕ ਨਾ ਲੈਣ ਕਾਰਨ ਉਨ੍ਹਾਂ ਨੂੰ ਆਪਣੇ ਘਰੇਲੂ ਮੈਦਾਨ ’ਤੇ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਰ. ਸੀ. ਬੀ. ਨੂੰ ਸ਼ੁੱਕਰਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ ਵਿਚ ਪੰਜਾਬ ਕਿੰਗਜ਼ ਤੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਉਹ ਆਪਣੇ ਘਰੇਲੂ ਮੈਦਾਨ ’ਤੇ ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲਜ਼ ਤੋਂ ਵੀ ਹਾਰ ਗਿਆ ਸੀ। ਹੇਜ਼ਲਵੁੱਡ ਨੇ ਕਿਹਾ ਕਿ ਇਹ ਚਿੰਨਾਸਵਾਮੀ ਦੀ ਆਮ ਵਿਕਟ ਵਾਂਗ ਨਹੀਂ ਹੈ।
ਇਸ ’ਚ ਹਮੇਸ਼ਾ ਉਛਾਲ ਰਹਿੰਦੀ ਹੈ। ਇਸ ਤੋਂ ਪਹਿਲਾਂ ਆਰ.ਸੀ.ਬੀ. ਦੇ ਮੈਂਟਰ ਦਿਨੇਸ਼ ਕਾਰਤਿਕ ਵੀ ਆਲੋਚਨਾ ਕਰ ਚੁੱਕੇ ਹਨ। ਹੇਜ਼ਲਵੁੱਡ ਨੇ ਕਿਹਾ ਕਿ ਘਰੇਲੂ ਮੈਦਾਨ ’ਤੇ ਇਹ ਸਾਡੀ ਲਗਾਤਾਰ ਤੀਜੀ ਹਾਰ ਹੈ।
ਸ਼ਾਇਦ ਅਜਿਹਾ ਇਸ ਲਈ ਹੋਇਆ ਕਿ ਅਸੀਂ ਪਿਛਲੇ 2 ਮੈਚਾਂ ਤੋਂ ਜਲਦੀ ਸਬਕ ਨਹੀਂ ਸਿੱਖਿਆ ਅਤੇ ਅਸੀਂ ਜਿੰਨਾ ਹੋ ਸਕਦਾ ਸੀ ਓਨਾ ਅਭਿਆਸ ਨਹੀਂ ਕੀਤਾ। ਅਸੀਂ ਸ਼ੁਰੂਆਤੀ ਓਵਰਾਂ ਵਿਚ ਉਮੀਦ ਅਨੁਸਾਰ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੇ।