ਮਹਿਲਾ ਟੀ20 ਵਿਸ਼ਵ ਕਪ 'ਚ ਫ੍ਰੰਟ ਫੁੱਟ ਨੋ-ਬਾਲ ਦੀ ਨਿਗਰਾਨੀ ਕਰੇਗਾ ਥਰਡ ਅੰਪਾਇਰ

02/11/2020 12:20:49 PM

ਸਪੋਰਟਸ ਡੈਸਕ— ਆਸਟਰੇਲੀਆ 'ਚ ਇਸ ਮਹੀਨੇ ਸ਼ੁਰੂ ਹੋ ਰਹੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੌਰਾਨ ਫ੍ਰੰਟ ਫੁੱਟ ਨੋ ਬਾਲ ਤਕਨੀਕ ਦੀ ਵਰਤੋਂ ਕੀਤੀ ਜਾਵੇਗਾ। ਆਈ. ਸੀ. ਸੀ. ਨੇ ਇਕ ਬਿਆਨ 'ਚ ਕਿਹਾ ਹੈ ਕਿ ਭਾਰਤ ਅਤੇ ਵੈਸਟਇੰਡੀਜ਼ 'ਚ ਸਫਲ ਟੈਸਟ ਤੋਂ ਬਾਅਦ ਇਸ ਸਿਸਟਮ ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਤੀਜਾ ਅੰਪਾਇਰ ਫ੍ਰੰਟ ਫੁੱਟ ਨੋ ਬਾਲ ਦੀ ਨਿਗਰਾਨੀ ਕਰੇਗਾ।

ਤੀਜੇ ਅੰਪਾਇਰ ਨੂੰ ਹਰ ਇਕ ਗੇਂਦ ਤੋਂ ਬਾਅਦ ਇਹ ਵੇਖਣਾ ਹੋਵੇਗਾ ਕਿ ਗੇਂਦਬਾਜ਼ ਦਾ ਅਗਲਾ ਪੈਰ ਠੀਕ ਪਿਆ ਸੀ ਜਾਂ ਨਹੀਂ। ਉਹ ਹਰ ਗੇਂਦ ਤੋਂ ਬਾਅਦ ਮੈਦਾਨੀ ਅੰਪਾਇਰ ਨੂੰ ਸਹੀ ਅਤੇ ਗਲਤ ਦੀ ਜਾਣਕਾਰੀ ਦੇਵੇਗਾ। ਮੈਦਾਨੀ ਅੰਪਾਇਰਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਤਕ ਤੀਜਾ ਅੰਪਾਇਰ ਨਾ ਕਹੇ, ਉਹ ਫ੍ਰੰਟ ਫੁੱਟ ਨੋ ਬਾਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਨਾ ਦੇਣ। ਮੈਦਾਨੀ ਅੰਪਾਇਰਾਂ ਦੇ ਕੋਲ ਹਾਲਾਂਕਿ ਖੇਡ ਦੇ ਦੌਰਾਨ ਬਾਕੀ ਹੋਰ ਤਰ੍ਹਾਂ ਦੀਆਂ ਨੋ ਬਾਲ ਦਾ ਫੈਸਲਾ ਲੈਣ ਦਾ ਅਧਿਕਾਰ ਰਹੇਗਾ।
ਇਸ ਤਕਨੀਕ ਦਾ ਇਸਤੇਮਾਲ ਹਾਲ ਹੀ 'ਚ 12 ਮੈਚਾਂ ਦੇ ਦੌਰਾਨ ਕੀਤਾ ਗਿਆ। ਇਸ ਦੌਰਾਨ 4717 ਗੇਂਦਾਂ ਸੁੱਟੀਆਂ ਗਈਆਂ ਅਤੇ 13 ਨੋ ਬਾਲ ਨੋਟਿਸ ਕੀਤੀਆਂ ਗਈਆਂ । ਸਾਰੀਆਂ ਨੋ ਬਾਲ ਨੂੰ ਲੈ ਕੇ ਬਿਲਕੁੱਲ ਸਟੀਕ ਫੈਸਲਾ ਕੀਤਾ ਗਿਆ। ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦਾ ਆਯੋਜਨ 21 ਫਰਵਰੀ ਤੋਂ ਹੋਵੇਗਾ ਅਤੇ ਉਦਘਾਟਨ ਮੁਕਾਬਲੇ 'ਚ ਮੌਜੂਦਾ ਚੈਂਪੀਅਨ ਅਤੇ ਮੇਜ਼ਬਾਨ ਆਸਟਰੇਲੀਆ ਦਾ ਸਾਹਮਣਾ ਭਾਰਤ ਨਾਲ ਹੋਵੇਗਾ।