ਹਾਕੀ ਇੰਡੀਆ ਲੀਗ ਦੀ 7 ਸਾਲ ਬਾਅਦ ਮੁੜ ਵਾਪਸੀ, ਪਹਿਲੀ ਵਾਰ ਮਹਿਲਾ ਲੀਗ ਵੀ ਹੋਵੇਗੀ

Friday, Oct 04, 2024 - 05:30 PM (IST)

ਹਾਕੀ ਇੰਡੀਆ ਲੀਗ ਦੀ 7 ਸਾਲ ਬਾਅਦ ਮੁੜ ਵਾਪਸੀ, ਪਹਿਲੀ ਵਾਰ ਮਹਿਲਾ ਲੀਗ ਵੀ ਹੋਵੇਗੀ

ਨਵੀਂ ਦਿੱਲੀ : ਚਿਰਾਂ ਤੋਂ ਉਡੀਕੀ ਜਾ ਰਹੀ ਹਾਕੀ ਇੰਡੀਆ ਲੀਗ (ਐੱਚਆਈਐੱਲ) 7 ਸਾਲ ਬਾਅਦ 28 ਦਸੰਬਰ ਤੋਂ ਨਵੇਂ ਫਾਰਮੈਟ ਵਿਚ ਵਾਪਸੀ ਕਰੇਗੀ ਜਿਸ ਵਿਚ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਹਿੱਸਾ ਲੈਣਗੀਆਂ। ਪੁਰਸ਼ਾਂ ਦੇ ਮੁਕਾਬਲੇ ਵਿਚ 8 ਟੀਮਾਂ ਹਿੱਸਾ ਲੈਣਗੀਆਂ, ਜਦਕਿ ਔਰਤਾਂ ਦੇ ਮੁਕਾਬਲੇ ਵਿਚ 6 ਟੀਮਾਂ ਹਿੱਸਾ ਲੈਣਗੀਆਂ। ਔਰਤਾਂ ਦਾ ਇਹ ਮੁਕਾਬਲਾ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ। ਲੀਗ ਦਾ ਆਯੋਜਨ 28 ਦਸੰਬਰ ਤੋਂ 1 ਫਰਵਰੀ ਤੱਕ 2 ਸਥਾਨਾਂ ਰੁੜਕੇਲਾ ਅਤੇ ਰਾਂਚੀ 'ਤੇ ਕੀਤਾ ਜਾਵੇਗਾ। ਪੁਰਸ਼ਾਂ ਦਾ ਮੁਕਾਬਲਾ ਰੁੜਕੇਲਾ ਵਿਚ ਖੇਡਿਆ ਜਾਵੇਗਾ, ਜਦਕਿ ਔਰਤਾਂ ਦਾ ਮੁਕਾਬਲਾ ਰਾਂਚੀ ਵਿਚ ਖੇਡਿਆ ਜਾਵੇਗਾ। ਲੀਗ ਲਈ ਖਿਡਾਰੀਆਂ ਦੀ ਨਿਲਾਮੀ ਇੱਥੇ 13 ਤੋਂ 15 ਅਕਤੂਬਰ ਤੱਕ ਹੋਵੇਗੀ। ਇਸ ਲਈ ਕੁੱਲ 10 ਫਰੈਂਚਾਇਜ਼ੀ ਮਾਲਕ ਇਕੱਠੇ ਹੋਣਗੇ। ਖਿਡਾਰੀਆਂ ਦੀ ਨਿਲਾਮੀ 2 ਲੱਖ, 5 ਲੱਖ ਅਤੇ 10 ਲੱਖ ਰੁਪਏ ਦੀਆਂ 3 ਸ਼੍ਰੇਣੀਆਂ ਵਿਚ ਕੀਤੀ ਜਾਵੇਗੀ।

ਪਹਿਲੀ ਵਾਰ ਮਹਿਲਾ ਲੀਗ ਸ਼ੁਰੂ ਕਰਨ ਨਾਲ ਮਹਿਲਾ ਹਾਕੀ ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਪਲੇਟਫਾਰਮ ਮਿਲੇਗਾ। ਪੁਰਸ਼ਾਂ ਦੇ ਵਰਗ ਵਿਚ ਫ੍ਰੈਂਚਾਇਜ਼ੀ ਮਾਲਕਾਂ ਵਿਚ ਚੇਨਈ (ਚਾਰਲਸ ਗਰੁੱਪ), ਲਖਨਊ (ਯਾਦੂ ਗਰੁੱਪ), ਪੰਜਾਬ (ਜੇਐੱਸਡਬਲਯੂ ਸਪੋਰਟਸ), ਪੱਛਮੀ ਬੰਗਾਲ (ਸ਼ਰਾਚੀ ਸਪੋਰਟਸ), ਦਿੱਲੀ (ਮਹੇਸ਼ ਭੂਪਤੀ ਦੀ ਐੱਸਜੀ ਸਪੋਰਟਸ ਐਂਡ ਐਂਟਰਟੇਨਮੈਂਟ), ਓਡੀਸ਼ਾ (ਵੇਦਾਂਤਾ ਲਿਮਟਿਡ), ਹੈਦਰਾਬਾਦ (ਰੈਜ਼ੋਲੂਟ ਸਪੋਰਟਸ) ਅਤੇ ਰਾਂਚੀ (ਨਵਯਮ ਸਪੋਰਟਸ ਵੈਂਚਰਸ ਪ੍ਰਾਈਵੇਟ ਲਿਮਟਿਡ)।

ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ ’ਚ ਭਾਰਤੀ ਮਹਿਲਾ ਟੀਮ ਨੂੰ ਸਭ ਤੋਂ ਵੱਡੀ ਚੁਣੌਤੀ ਆਸਟ੍ਰੇਲੀਆ ਤੋਂ ਮਿਲੇਗੀ : ਹਰਭਜਨ

ਮਹਿਲਾ ਵਰਗ ਵਿਚ ਟੀਮ ਦੇ ਮਾਲਕ ਹਰਿਆਣਾ (JSW ਸਪੋਰਟਸ), ਪੱਛਮੀ ਬੰਗਾਲ (Sratchi Sports), ਦਿੱਲੀ (ਮਹੇਸ਼ ਭੂਪਤੀ ਦੀ SG Sports & Entertainment) ਅਤੇ ਰਾਂਚੀ (Navoyam Sports Ventures Pvt Ltd) ਹਨ। ਮਹਿਲਾ ਲੀਗ ਦੀਆਂ ਬਾਕੀ 2 ਟੀਮਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਹਰ ਟੀਮ ਵਿਚ 24 ਖਿਡਾਰੀ ਹੋਣਗੇ ਜਿਨ੍ਹਾਂ ਵਿੱਚੋਂ ਘੱਟੋ-ਘੱਟ 16 ਭਾਰਤੀ ਖਿਡਾਰੀ ਹੋਣਗੇ। ਇਨ੍ਹਾਂ ਵਿਚ 4 ਜੂਨੀਅਰ ਖਿਡਾਰੀ ਅਤੇ 8 ਅੰਤਰਰਾਸ਼ਟਰੀ ਸਟਾਰਾਂ ਦਾ ਹੋਣਾ ਲਾਜ਼ਮੀ ਹੈ। ਮਹਿਲਾ ਲੀਗ ਦਾ ਫਾਈਨਲ ਅਗਲੇ ਸਾਲ 26 ਜਨਵਰੀ ਨੂੰ ਰਾਂਚੀ 'ਚ ਖੇਡਿਆ ਜਾਵੇਗਾ, ਜਦਕਿ ਪੁਰਸ਼ ਟੀਮ ਦਾ ਫਾਈਨਲ 1 ਫਰਵਰੀ ਨੂੰ ਰੁੜਕੇਲਾ 'ਚ ਖੇਡਿਆ ਜਾਵੇਗਾ।

ਹਾਕੀ ਇੰਡੀਆ ਦੇ ਪ੍ਰਧਾਨ ਅਤੇ ਲੀਗ ਦੇ ਚੇਅਰਮੈਨ ਦਿਲੀਪ ਟਿਰਕੀ ਨੇ ਕਿਹਾ ਕਿ ਫੈਡਰੇਸ਼ਨ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦਾ ਸੁਪਨਾ ਲੀਗ ਨੂੰ ਦੁਬਾਰਾ ਸ਼ੁਰੂ ਕਰਨਾ ਸੀ। ਉਨ੍ਹਾਂ ਕਿਹਾ ਕਿ ਪ੍ਰੀਮੀਅਰ ਹਾਕੀ ਲੀਗ ਨੇ ਵਿਸ਼ਵ ਵਿਚ ਲੀਗਾਂ ਦਾ ਰੁਝਾਨ ਸ਼ੁਰੂ ਕੀਤਾ। ਅਹੁਦਾ ਸੰਭਾਲਣ ਤੋਂ ਬਾਅਦ ਸਾਡਾ ਸੁਪਨਾ ਲੀਗ ਨੂੰ ਦੁਬਾਰਾ ਸ਼ੁਰੂ ਕਰਨਾ ਸੀ। ਅੱਜ ਸਾਡਾ ਸੁਪਨਾ ਸਾਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਕੀ ਇੰਡੀਆ ਲੀਗ ਰਾਸ਼ਟਰੀ ਟੀਮਾਂ ਲਈ ਖਿਡਾਰੀ ਪੈਦਾ ਕਰੇਗੀ। ਇਸ ਨਾਲ ਹਾਕੀ ਵਿਚ ਨਵਾਂ ਇਤਿਹਾਸ ਸਿਰਜੇਗਾ। ਇਹ ਵਿਸ਼ਵ ਹਾਕੀ ਲਈ ਵੀ ਮਹੱਤਵਪੂਰਨ ਹੈ। ਅਸੀਂ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਧੰਨਵਾਦੀ ਹਾਂ। 

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਕਿਹਾ ਕਿ ਇਸ ਲੀਗ ਦਾ ਇੰਤਜ਼ਾਰ ਲੰਬਾ ਹੋ ਗਿਆ ਹੈ। ਹਾਕੀ ਸਿਰਫ ਭਾਰਤ ਦੀ ਖੇਡ ਹੀ ਨਹੀਂ ਹੈ, ਇਹ ਸਾਡੇ ਦਿਲਾਂ ਵਿਚ ਵਸੀ ਹੋਈ ਹੈ। ਉਨ੍ਹਾਂ ਦੱਸਿਆ ਕਿ ਐੱਫਆਈਐੱਚ ਨੇ ਹਾਕੀ ਇੰਡੀਆ ਨੂੰ ਲੀਗ ਲਈ 5 ਸਾਲ ਦਾ ਸਮਾਂ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉੜੀਸਾ ਸਰਕਾਰ ਨੇ ਭਾਰਤੀ ਹਾਕੀ ਨਾਲ ਸਪਾਂਸਰਸ਼ਿਪ ਸਮਝੌਤੇ ਨੂੰ 2036 ਤੱਕ ਵਧਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News