ਲਾਸ ਏਂਜਲਸ ’ਚ ਅਗਲਾ ਓਲੰਪਿਕ, ਮੁਨਾਫਾ ਕਮਾਉਣ ਦੀ ਬੱਝੀ ਉਮੀਦ

Wednesday, Aug 14, 2024 - 10:59 AM (IST)

ਲਾਸ ਏਂਜਲਸ ’ਚ ਅਗਲਾ ਓਲੰਪਿਕ, ਮੁਨਾਫਾ ਕਮਾਉਣ ਦੀ ਬੱਝੀ ਉਮੀਦ

ਸਪੋਰਟਸ ਡੈਸਕ : ਪੈਰਿਸ ਓਲੰਪਿਕ ਨਿਕਲ ਗਿਆ, ਹੁਣ 2028 ਦਾ ਮੇਜ਼ਬਾਨ ਲਾਸ ਏਂਜਲਸ ਅਗਲੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਸ਼ਹਿਰ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਿਰਮਾਣ ਕਾਰਜ ਜ਼ੋਰਾਂ ’ਤੇ ਚੱਲ ਰਹੇ ਹਨ। ਇਹ 3 ਪੜਾਵਾਂ ’ਚ ਚੱਲ ਰਹੇ ਹਨ-ਰੇਲ ਪ੍ਰਣਾਲੀ ’ਚ ਵਾਧਾ, ਹਵਾਈ ਅੱਡੇ ਅਤੇ ਡਾਊਨ ਟਾਊਨ ਕਨਵੈਂਸ਼ਨ ਸੈਂਟਰ ਦਾ ਨਵੀਨੀਕਰਨ। ਇਸ ਸੈਂਟਰ ’ਚ ਓਲੰਪਿਕ ਦੀਆਂ 5 ਗੇਮਾਂ ਹੋਣਗੀਆਂ ਅਤੇ ਪ੍ਰਬੰਧਨ ਚਾਹੇਗਾ ਕਿ ਸੈਲਾਨੀਆਂ ਨੂੰ ਇਥੇ ਪੈਸੇ ਖਰਚ ਕਰਨ ਲਈ ਲੋੜੀਆਂ ਸਹੂਲਤਾਂ ਦਿੱਤੀਆਂ ਜਾਣ।
ਲਾਸ ਏਂਜਲਸ ਸ਼ਹਿਰ ਓਲੰਪਿਕ ਨੂੰ ਖਰਚੇ ਦੀ ਜਗ੍ਹਾ ਮਾਲੀਆ ਵਧਣ ਦੀ ਉਮੀਦ ਨਾਲ ਦੇਖ ਰਿਹਾ ਹੈ। 2019 ’ਚ ਲਾਸ ਏਂਜਲਸ ਨੂੰ ਖੇਡਾਂ ਦੀ ਮੇਜ਼ਬਾਨੀ ਮਿਲਣ ਦੇ 2 ਸਾਲਾਂ ਬਾਅਦ ਤਤਕਾਲੀ ਮੇਅਰ ਐਰਿਕ ਗਾਰਸੇਟੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸ਼ਹਿਰ 1 ਬਿਲੀਅਨ ਡਾਲਰ ਦਾ ਮੁਨਾਫਾ ਕਮਾਏਗਾ। ਮੌਜੂਦਾ ਮੇਅਰ ਕੈਰੇਨ ਬਾਸ ਦਾ ਕਹਿਣਾ ਹੈ ਕਿ ਓਲੰਪਿਕ ਦਾ ਮਕਸਦ ਲੋਕਾਂ ਨੂੰ ਹਾਲੀਵੁੱਡ ਜਾਂ ਵੇਨਿਸ ਬੀਚ ਦਿਖਾਉਣਾ ਹੀ ਨਹੀਂ ਹੈ ਸਗੋਂ ਸ਼ਹਿਰ ਦੇ ਲੋਕਾਂ ਨੂੰ ਕਾਰੋਬਾਰ ਨਾਲ ਜੋੜਣ ਦਾ ਵੀ ਹੈ। ਬਾਸ ਨੇ ਕਿਹਾ ਕਿ ਸਫਲਤਾ ਦਾ ਮਤਲਬ ਇਹ ਹੈ ਕਿ ਸਾਰਿਆਂ ਨੂੰ ਲਾਭ ਮਿਲੇ। ਉਨ੍ਹਾਂ ਨੂੰ ਲਿਟਲ ਬੰਗਲਾਦੇਸ਼ ਅਤੇ ਲਿਟਲ ਈਥੋਪਿਆ ਅਤੇ ਲਿਟਲ ਆਰਮੇਨੀਆ ਬਾਰੇ ਜਾਨਣ ਦੀ ਲੋੜ ਹੈ।
1984 ’ਚ ਵੀ ਲਾਸ ਏਂਜਲਸ ’ਚ ਓਲੰਪਿਕ ਕਰਵਾਇਆ ਗਿਆ ਸੀ, ਜੋ ਕਿ ਵਿੱਤੀ ਤੌਰ ’ਤੇ ਸਭ ਤੋਂ ਸਫਲ ਓਲੰਪਿਕਸ ’ਚੋਂ ਇਕ ਸੀ। ਅਧਿਕਾਰੀਆਂ ਅਨੁਸਾਰ ਉਦੋਂ ਇਨ੍ਹਾਂ ਖੇਡਾਂ ਤੋਂ 223 ਮਿਲੀਅਨ ਡਾਲਰ (ਅੱਜ ਦੇ ਡਾਲਰ ’ਚ 670 ਮਿਲੀਅਨ ਡਾਲਰ) ਦਾ ਲਾਭ ਹੋਇਆ ਸੀ। ਫਿਲਹਾਲ ਓਲੰਪਿਕ ਦੇ 2028 ਸੀਜ਼ਨ ਲਈ ਐੱਲ. ਏ. ਪ੍ਰਬੰਧਨ ਨੇ 7 ਬਿਲੀਅਨ ਡਾਲਰ ਦਾ ਬਜਟ ਰੱਖਿਆ ਹੈ, ਇਹ ਵਧਣ ਦੀ ਉਮੀਦ ਹੈ ਕਿਉਂਕਿ ਪਿਛਲੀਆਂ ਕੁਝ ਓਲੰਪਿਕ ਖੇਡਾਂ ਆਪਣੇ ਅੰਦਾਜ਼ਨ ਬਜਟ ਤੋਂ ਕਿਤੇ ਜ਼ਿਆਦਾ ਖਰਚੀਲੀਆਂ ਸਨ।
ਓਲੰਪਿਕ ਲਾਗਤਾਂ ’ਤੇ ਯੂਨੀਵਰਸਿਟੀ ਆਫ ਆਕਸਫੋਰਡ ਦੇ ਅਧਿਐਨ ਅਨੁਸਾਰ ਮਹਾਮਾਰੀ ਦੇ ਕਾਰਨ 2021 ’ਚ ਟੋਕੀਓ ਖੇਡਾਂ ਦੀ ਕੁਲ ਲਾਗਤ 14 ਬਿਲੀਅਨ ਡਾਲਰ ਸੀ, ਜੋ ਬਜਟ ਤੋਂ ਲਗਭਗ 128 ਫੀਸਦੀ ਵੱਧ ਸੀ। ਇਸੇ ਤਰ੍ਹਾਂ 2016 ’ਚ ਰਿਓ ਡਿ ਜੇਨੇਰੀਓ ਖੇਡਾਂ ਦੀ ਲਾਗਤ 24 ਬਿਲੀਅਨ ਡਾਲਰ ਸੀ, ਜੋ ਹੁਣ ਤੱਕ ਦਾ ਸਭ ਤੋਂ ਮਹਿੰਗਾ ਓਲੰਪਿਕ ਸੀ। ਇਸ ਦਾ ਬਜਟ ਅੰਦਾਜ਼ੇ ਤੋਂ 352 ਫੀਸਦੀ ਵੱਧ ਸੀ। ਹਾਲਾਂਕਿ ਇਸ ਸਭ ਦੇ ਬਾਵਜੂਦ ਐੱਲ. ਏ. ਪ੍ਰਬੰਧਨ ਸਪਾਂਸਰਸ਼ਿਪ, ਟਿਕਟ ਵਿਕਰੀ, ਗਲੋਬਲ ਟੀ. ਵੀ. ਅਧਿਕਾਰ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਤੋਂ ਭੁਗਤਾਨ ਰਾਹੀਂ ਆਪਣੇ ਘਾਟੇ ਪੂਰੇ ਕਰਨ ਦੀ ਉਮੀਦ ’ਚ ਹੈ।
1932 ਅਤੇ 1984 ਓਲੰਪਿਕ ਦੇ ਕੇਂਦਰ ਬਿੰਦੂ ਲਾਸ ਏਂਜਲਸ ਮੈਮੋਰੀਅਲ ਕੋਲੀਜੀਅਮ ਦੇ ਬਾਹਰ ਪਿਛਲੇ ਮਹੀਨੇ ਇਕ ਪ੍ਰੈੱਸ ਕਾਨਫਰੰਸ ’ਚ ਬਾਸ ਨੇ ਐਲਾਨ ਕੀਤਾ ਕਿ ਸ਼ਹਿਰ ’ਚ ਜ਼ੀਰੋ-ਕਾਰਬਨ ਬੱਸਾਂ ਅਤੇ ਉਨ੍ਹਾਂ ਲਈ ਇਲੈਕਟ੍ਰਿਕ ਚਾਰਜਿੰਗ ਵਰਗੇ ਬੁਨਿਆਦੀ ਢਾਂਚੇ ਲਈ ਲਗਭਗ 80 ਮਿਲੀਅਨ ਡਾਲਰ ਸੁਰੱਖਿਅਤ ਰੱਖੇ ਗਏ ਹਨ। ਐੱਲ. ਏ. ਕਾਊਂਟੀ ਮੈਟਰੋਪਾਲੀਟਨ ਟ੍ਰਾਂਸਪੋਰਟੇਸ਼ਨ ਅਥਾਰਿਟੀ ਨੇ ਬੱਸ ਅਤੇ ਰੇਲ ਲਾਈਨਾਂ ਦੇ ਵਿਸਤਾਰ ਲਈ 20 ਬਿਲੀਅਨ ਡਾਲਰ ਖਰਚ ਕੀਤੇ ਹਨ, ਜਿਸ ’ਚ ਕੈਲੀਫੋਰਨੀਆ ਯੂਨੀਵਰਸਿਟੀ ਦੇ ਕੰਪਲੈਕਸ ਦੇ ਅੰਦਰ ਸ਼ਹਿਰ ਤੋਂ ਪੱਛਮ ਵੱਲ ਇਕ ਰੇਲ ਮਾਰਗ ਵੀ ਸ਼ਾਮਲ ਹੈ।
ਲਾਸ ਏਂਜਲਸ ਕੌਮਾਂਤਰੀ ਹਵਾਈ ਅੱਡੇ ਨੂੰ 14 ਬਿਲੀਅਨ ਡਾਲਰ ਦੀ ਲਾਗਤ ਨਾਲ ਨਵਾਂ ਰੂਪ ਦਿੱਤਾ ਜਾ ਰਿਹਾ ਹੈ, ਜਿਸ ’ਚ ਸੈਂਟਰਲ ਟਰਮੀਨਲ ਖੇਤਰ ਨੂੰ ਰੇਲ ਟ੍ਰਾਂਜ਼ਿਟ ਨਾਲ ਜੋੜਣ ਵਾਲੀ ਇਕ ਆਟੋਮੈਟਿਕ ਪੀਪੁਲ ਮੂਵਰ ਅਤੇ ਇਕ ਨਵੀਂ ਕਿਰਾਏ ਦੀ ਕਾਰ ਸਹੂਲਤ ਵੀ ਸ਼ਾਮਲ ਹੈ। ਮਾਰਚ ’ਚ ਇਸ ਖੇਤਰ ਨੂੰ ਖੇਡਾਂ ਤੋਂ ਪਹਿਲਾਂ ਬੁਨਿਆਦੀ ਢਾਂਚੇ ਅਤੇ ਟ੍ਰਾਂਸਪੋਰਟ ਸੁਧਾਰ ਲਈ ਸੰਘੀ ਫੰਡ ’ਚ 900 ਮਿਲੀਅਨ ਡਾਲਰ ਮਿਲੇ। ਪਿਛਲੇ ਮਹੀਨੇ ਐੱਲ. ਏ. ਸਿਟੀ ਕੌਂਸਲ ਨੇ ਕਨਵੈਂਸ਼ਨ ਸੈਂਟਰ ਦੇ ਵਿਸਤਾਰ ਲਈ 54 ਮਿਲੀਅਨ ਡਾਲਰ ਦੀ ਮਨਜ਼ੂਰੀ ਦਿੱਤੀ।
ਸਥਾਨਕ ਸਿਆਸੀ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਖੇਡਾਂ ਤੋਂ ਲਾਭ ਹੋਵੇਗਾ, ਜਿਸ ਨਾਲ ਖਿਡਾਰੀਆਂ ਦੇ ਸ਼ਹਿਰ ਛੱਡਣ ਤੋਂ ਬਾਅਦ ਵੀ ਕਈ ਸਾਲਾਂ ਤੱਕ ਸ਼ਹਿਰ ਦੇ ਖਜ਼ਾਨੇ ’ਚ ਮਦਦ ਮਿਲੇਗੀ। ਦੱਖਣੀ ਕੈਲੀਫੋਰਨੀਆ ’ਚ ਹਜ਼ਾਰਾਂ ਦਰਸ਼ਕਾਂ ਨੂੰ ਫ੍ਰੀ ਵੇਅ ਗ੍ਰਿਡਲਾਕ ਬਣਾਏ ਬਿਨਾ ਲਿਆਉਣ-ਲੈ ਜਾਣ ਦੀ ਯੋਜਨਾ ’ਚ 2700 ਤੋਂ ਵੱਧ ਬੱਸਾਂ ਨੂੰ ਤਾਇਨਾਤ ਕਰਨ ’ਤੇ ਕੇਂਦ੍ਰਿਤ ਹੈ। ਕੁਝ ਸਥਾਨਕ ਅਧਿਕਾਰੀ ਵਾਧੂ ਬੱਸ ਸੇਵਾ ਦੀ ਲਾਗਤ ਬਾਰੇ ਪ੍ਰੇਸ਼ਾਨ ਹਨ, ਜਿਸ ਦਾ ਅੰਦਾਜ਼ਾ ਮੈਟਰੋਪਾਲੀਟਨ ਟ੍ਰਾਂਸਪੋਰਟੇਸ਼ਨ ਅਥਾਰਿਟੀ ਨੇ 1 ਤੋਂ 2 ਬਿਲੀਅਨ ਡਾਲਰ ਲਗਾਇਆ ਹੈ।


author

Aarti dhillon

Content Editor

Related News