ਲਿਏਂਡਰ ਪੇਸ ਹੱਥੋਂ ਹਾਰਿਆ ਪਿਛਲਾ ਚੈਂਪੀਅਨ ਸ਼ਰਣ
Wednesday, Feb 05, 2020 - 03:50 PM (IST)

ਪੁਣੇ : ਸਾਬਕਾ ਚੈਂਪੀਅਨ ਦਿਵਿਜ ਸ਼ਰਣ ਨੂੰ ਟਾਟਾ ਓਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ ਦੇ ਤੀਜੇ ਸੈਸ਼ਨ ਵਿਚ ਮੰਗਲਵਾਰ ਨੂੰ ਹਮਵਤਨ ਲੀਜੈਂਡ ਖਿਡਾਰੀ ਲਿਏਂਡਰ ਪੇਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਰਣ ਨੇ ਪਿਛਲੇ ਸਾਲ ਰੋਹਨ ਬੋਪੰਨਾ ਦੇ ਨਲਾ ਡਬਲਜ਼ ਖਿਤਾਬ ਜਿੱਤਿਆ ਸੀ ਅਤੇ ਇਸ ਵਾਰ ਉਹ ਨਿਊਜ਼ੀਲੈਂਡ ਦੇ ਆਟ੍ਰੇਮ ਸਿਤਾਕ ਦੇ ਨਾਲ ਉਤਰੇ ਪਰ ਪੇਸ ਅਤੇ ਉਸ ਦੇ ਆਸਟਰੇਲੀਆਈ ਜੋੜੀਦਾਰ ਮੈਥਿਊ ਐਬਡੇਨ ਨੇ ਉਸ ਨੂੰ ਲਗਾਤਾਰ ਸੈੱਟਾਂ ਵਿਚ 6-2, 7-6 ਨਾਲ ਹਰਾ ਦਿੱਤਾ। ਮਹਾਲੁੰਗੇ ਬਾਲੇਵਾੜੀ ਸਟੇਡੀਅਮ ਵਿਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿਚ ਪੇਸ ਅਤੇ ਐਬਡੇਨ ਨੇ ਪਹਿਲਾ ਸੈੱਟ 3-0 ਦੀ ਬੜ੍ਹਤ ਬਣਾਉਣ ਤੋਂ ਬਾਅਦ 6-2 ਨਾਲ ਜਿੱਤਿਆ। ਦੂਜੇ ਸੈੱਟ ਵਿਚ ਮਹਾਮੁਕਾਬਲਾ ਸਖਤ ਹੋਇਆ ਅਤੇ ਇਸ ਦਾ ਫੈਸਲਾ ਟਾਈ ਬ੍ਰੇਕ ਵਿਚ ਜਾ ਕੇ ਹੋਇਆ। ਪੇਸ ਅਤੇ ਐਬਡੇਨ ਨੇ ਇਹ ਮੁਕਾਬਲਾ 1 ਘੰਟੇ 26 ਮਿੰਟ ਵਿਚ ਜਿੱਤਿਆ।