ਥਾਈਲੈਂਡ ''ਚ ਫੁੱਟਬਾਲ ਟੀਮ ਦਾ ਖਿਡਾਰੀ ਕੋਵਿਡ-19 ਪਾਜ਼ੇਟਿਵ
Saturday, Sep 12, 2020 - 10:19 AM (IST)
ਬੈਂਕਾਕ (ਭਾਸ਼ਾ) : ਥਾਈਲੈਂਡ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਬੁਰਿਰਾਮ ਯੂਨਾਈਟਡ ਫੁੱਟਬਾਲ ਕਲੱਬ ਦੀ ਨੁਮਾਇੰਦਗੀ ਕਰਣ ਵਾਲਾ ਉਜਬੇਕਿਸਤਾਨ ਦਾ ਇਕ 29 ਸਾਲਾ ਖਿਡਾਰੀ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਮਿਲਿਆ ਹੈ। ਇਸ ਖਿਡਾਰੀ ਦੀ ਪਛਾਣ ਪ੍ਰਗਟ ਨਹੀਂ ਕੀਤੀ ਗਈ ਹੈ।
ਚਾਲੁਲਾਂਗਕੋਰਨ ਯੂਨੀਵਰਸਿਟੀ ਦੇ ਮਾਹਰ ਡਾ. ਯੋਂਗ ਪੂਸੋਵਰਵਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਹੈ ਕਿ ਖਿਡਾਰੀ ਥਾਈਲੈਂਡ ਤੋਂ ਬਾਹਰ ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿਚ ਆਇਆ ਹੋਵੇ। ਸੰਚਾਰੀ ਰੋਗ ਕੰਟਰੋਲ ਵਿਭਾਗ ਦੇ ਨਿਰਦੇਸ਼ਕ ਡਾ. ਸੋਫਾਨ ਇਮਸਿਰਿਥਾਰਨ ਨੇ ਕਿਹਾ ਕਿ ਟੀਮ ਦੇ 44 ਖਿਡਾਰੀਆਂ ਅਤੇ ਕਰਮਚਾਰੀਆਂ ਨੂੰ 14 ਦਿਨਾਂ ਦੇ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। ਕੋਵਿਡ-19 ਪਾਜ਼ੇਟਿਵ ਪਾਏ ਗਏ ਖਿਡਾਰੀ ਵਿਚ ਬੀਮਾਰੀ ਦਾ ਕੋਈ ਲੱਛਣ ਨਹੀਂ ਸੀ, ਉਸ ਨੂੰ ਬੈਂਕਾਕ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਇਹ ਖਿਡਾਰੀ ਇਕ ਮਹੀਨਾ ਪਹਿਲਾਂ ਥਾਈਲੈਂਡ ਆਇਆ ਸੀ ਅਤੇ 14 ਦਿਨਾਂ ਤੱਕ ਇਕਾਂਤਵਾਸ ਦੌਰਾਨ 3 ਵਾਰ ਜਾਂਚ ਵਿਚ ਨੈਗੇਟਿਵ ਰਿਹਾ ਸੀ। ਉਹ ਬੁਰਿਰਾਮ ਦੇ ਉੱਤਰ ਪੂਰਬੀ ਸੂਬੇ ਦੀ ਯਾਤਰਾ 'ਤੇ ਫਿਰ 8 ਸਤੰਬਰ ਨੂੰ ਜਾਂਚ ਵਿਚ ਪਾਜ਼ੇਟਿਵ ਮਿਲਿਆ। ਟੀਮ ਦੇ ਹੋਰ ਖਿਡਾਰੀ ਅਤੇ ਸਾਥੀ ਮੈਂਬਰ ਜਾਂਚ ਵਿਚ ਨੈਗੇਟਿਵ ਮਿਲੇ ਹਨ ਪਰ ਐਤਵਾਰ ਦੇ ਉਨ੍ਹਾਂ ਦੇ ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ। ਬੁਰਿਰਾਮ ਖ਼ਿਲਾਫ ਅਭਿਆਸ ਮੈਚ ਖੇਡਣ ਵਾਲੀਆਂ 2 ਹੋਰ ਟੀਮਾਂ ਦੇ ਮੈਚਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ।