ਸਚਿਨ ਦੇ ਪਹਿਲੇ ਟੈਸਟ ਸੈਂਕੜੇ ਦੇ 30 ਸਾਲ ਪੂਰੇ

08/13/2020 11:14:10 PM

ਨਵੀਂ ਦਿੱਲੀ- ਟੀਮ ਇੰਡੀਆ ਦੇ ਧਾਕੜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਅੱਜ ਹੀ ਦੇ ਦਿਨ 30 ਸਾਲ ਪਹਿਲਾਂ ਇੰਗਲੈਂਡ ਦੇ ਓਲਡ ਟ੍ਰੈਫੋਰਡ ਮੈਦਾਨ 'ਤੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਾਇਆ ਸੀ। ਸੈਂਕੜਾ ਲਾਉਂਦੇ ਸਮੇਂ ਸਚਿਨ ਦੀ ਉਮਰ 17 ਸਾਲ 112 ਦਿਨ ਸੀ। ਉਹ ਓਵਰਆਲ ਤੀਜਾ ਪਲੇਅਰ ਹੈ, ਜਿਸ ਨੇ ਇੰਨੀ ਘੱਟ ਉਮਰ ਵਿਚ ਟੈਸਟ ਸੈਂਕੜਾ ਲਾਇਆ। ਉਸ ਤੋਂ ਅੱਗੇ ਮੁਸ਼ਤਾਕ ਮੁਹੰਮਦ ਅਸ਼ਰਫੁਲ ਦਾ ਨਾਂ ਹੈ। ਤੇਂਦੁਲਕਰ ਦੇ ਇਸ ਸੈਂਕੜੇ ਦੀ ਖਾਸੀਅਤ ਇਹ ਸੀ ਕਿ ਉਸ ਨੇ ਭਾਰਤੀ ਟੀਮ ਨੂੰ ਇੰਗਲੈਂਡ ਹੱਥੋਂ ਹਾਰ ਤੋਂ ਬਚਾਅ ਲਿਆ ਸੀ। ਇੰਗਲੈਂਡ ਨੇ ਪਹਿਲਾਂ ਖੇਡਦੇ ਹੋਏ 519 ਦੌੜਾਂ ਬਣਾਈਆਂ ਸਨ। ਗ੍ਰਾਹਮ ਗੂਚ, ਮਾਈਕ ਆਰਥਟਨ ਤੇ ਆਰ. ਸਮਿਥ ਨੇ ਸੈਂਕੜੇ ਲਾਏ । ਜਵਾਬ ਵਿਚ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 432 ਦੌੜਾਂ ਬਣਾਈਆਂ। ਪਹਿਲੀ ਪਾਰੀ ਵਿਚ ਵੀ ਸਚਿਨ ਨੇ 68 ਦੌੜਾਂ ਬਣਾਈਆਂ ਸਨ। ਆਸਟਰੇਲੀਆ ਨੇ ਦੂਜੀ ਪਾਰੀ ਵਿਚ 320 ਦੌੜਾਂ ਬਣਾ ਕੇ ਟੀਮ ਇੰਡੀਆ ਨੂੰ ਮਜ਼ਬੂਤ ਟੀਚਾ ਦਿੱਤਾ। ਟੀਮ ਇੰਡੀਆ ਜਦੋਂ 127 ਦੌੜਾਂ 'ਤੇ 5 ਵਿਕਟਾਂ ਗੁਆ ਚੁੱਕੀ ਸੀ ਤਦ ਸਚਿਨ ਮੈਦਾਨ 'ਤੇ ਆਇਆ। ਉਸ ਨੇ 189 ਗੇਂਦਾਂ ਵਿਚ 17 ਚੌਕਿਆਂ ਦੀ ਮਦਦ ਨਾਲ 119 ਦੌੜਾਂ ਬਣਾਈਆਂ। ਉਸਦਾ ਸਾਥ ਮਨੋਜ ਪ੍ਰਭਾਕਰ ਨੇ ਬਾਖੂਬੀ ਦਿੱਤਾ। ਪ੍ਰਭਾਕਰ 128 ਗੇਂਦਾਂ ਵਿਚ 67 ਦੌੜਾਂ ਬਣਾ ਕੇ ਉਸਦੇ ਨਾਲ ਡਟਿਆ ਰਿਹਾ। ਭਾਰਤ ਨੇ ਆਖਿਰਕਾਰ ਮੈਚ ਨੂੰ ਡਰਾਅ ਕਰਵਾ ਲਿਆ। ਤੇਂਦੁਲਕਰ ਤੇ ਪ੍ਰਭਾਕਰ ਤਕਰੀਬਨ ਦੋ ਸੈਸ਼ਨਾਂ ਤਕ ਪਿੱਚ 'ਤੇ ਡਟੇ ਰਹੇ। ਤੇਂਦੁਲਕਰ ਨੂੰ ਉਸਦੀ ਜੁਝਾਰੂ ਪਾਰੀ ਲਈ 'ਮੈਨ ਆਫ ਦਿ ਮੈਚ' ਚੁਣਿਆ ਗਿਆ ਸੀ। ਜ਼ਿਕਰਯੋਗ ਹੈ ਕਿ ਸਚਿਨ ਤੇਂਦਲੁਕਰ ਅਜਿਹਾ ਪਹਿਲਾ ਕ੍ਰਿਕਟਰ ਹੈ, ਜਿਸ ਦੇ ਨਾਂ 'ਤੇ ਕੌਮਾਂਤਰੀ ਕ੍ਰਿਕਟ ਵਿਚ 100 ਸੈਂਕੜੇ ਦਰਜ ਹਨ। ਇਹ 100 ਸੈਂਕੜੇ ਉਸ ਨੇ ਆਪਣੇ 24 ਸਾਲ ਦੇ ਕਰੀਅਰ ਵਿਚ ਬਣਾਏ।

Gurdeep Singh

This news is Content Editor Gurdeep Singh