WC ਦੇ ਪਹਿਲੇ ਮੈਚ ਤੋਂ ਪਹਿਲਾਂ ਵਿਵਾਦ 'ਚ ਟੀਮ ਇੰਡੀਆ, ਭਾਰਤੀ ਮੀਡੀਆ ਵੱਲੋਂ ਗੱਲਬਾਤ ਦਾ ਬਾਈਕਾਟ

06/04/2019 11:46:46 AM

ਸਪੋਰਟਸ ਡੈਸਕ— ਹਰ ਵਾਰ ਆਈ.ਸੀ.ਸੀ. ਵਰਲਡ ਕੱਪ ਦੇ ਦੌਰਾਨ ਕੁਝ ਅਜਿਹਾ ਹੁੰਦਾ ਹੈ ਜਿੱਥੇ ਭਾਰਤੀ ਮੀਡੀਆ ਅਤੇ ਰਾਸ਼ਟਰੀ ਟੀਮ ਵਿਚਾਲੇ ਸਬੰਧ ਖਰਾਬ ਹੋ ਜਾਂਦੇ ਹਨ। 2015 'ਚ ਖੇਡੇ ਗਏ ਵਰਲਡ ਕੱਪ ਦੇ ਦੌਰਾਨ ਵੀ ਅਜਿਹਾ ਹੋਇਆ ਸੀ ਅਤੇ ਇਸ ਸੈਸ਼ਨ ਦੀ ਸ਼ੁਰੂਆਤ 'ਚ ਵੀ ਇਹੋ ਦੇਖਣ ਨੂੰ ਮਿਲਿਆ ਹੈ। ਭਾਰਤੀ ਮੀਡੀਆ ਦਲਾਂ ਨੇ ਦੀਪਕ ਚਾਹਰ, ਆਵੇਸ਼ ਖਾਨ ਅਤੇ ਖਲੀਲ ਅਹਿਮਦ ਦੇ ਨਾਲ ਗੱਲਬਾਤ ਸੈਸ਼ਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਦੱਖਣੀ ਅਫਰੀਕਾ ਖਿਲਾਫ ਭਾਰਤ ਦੇ ਪਹਿਲੇ ਮੈਚ ਲਈ ਸਿਰਫ ਇਕ ਦਿਨ ਰਹਿ ਗਿਆ ਹੈ, ਉਮੀਦ ਸੀ ਕਿ ਘੱਟੋ-ਘੱਟ ਰਵੀ ਸ਼ਾਸਤਰੀ ਜਾਂ ਸੀਨੀਅਰ ਖਿਡਾਰੀ ਜਾਂ ਸਹਿਯੋਗੀ ਸਟਾਫ ਮੀਡੀਆ ਨੂੰ ਸੰਬੋਧਨ ਕਰੇਗਾ ਕਿਉਂਕਿ ਅਜਿਹਾ ਕਿਸੇ ਵੀ ਦੋ ਪੱਖੀ ਲੜੀ ਤੋਂ ਪਹਿਲਾਂ ਹੁੰਦਾ ਆਇਆ ਹੈ ਜਿੱਥੇ ਕਪਤਾਨ ਵਿਰਾਟ ਕੋਹਲੀ ਮੈਚ ਤੋਂ ਇਕ ਦਿਨ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹਨ। ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ।

ਦਰਅਸਲ ਟੀਮ ਇੰਡੀਆ ਦੇ ਮੀਡੀਆ ਮੈਨੇਜਰ ਵੱਲੋਂ ਦੱਸਿਆ ਗਿਆ ਸੀ ਕਿ ਟੀਮ ਇੰਡੀਆ ਦਾ ਕੋਈ ਖਿਡਾਰੀ ਪ੍ਰੈੱਸ ਕਾਨਫਰੰਸ 'ਚ ਨਹੀਂ ਆਵੇਗਾ, ਸਗੋਂ ਟੀਮ ਨੂੰ ਅਭਿਆਸ ਕਰਾਉਣ ਲਈ ਇੱਥੇ ਆਏ ਤੇਜ਼ ਗੇਂਦਬਾਜ਼ ਆਵੇਸ਼ ਖਾਨ ਅਤੇ ਦੀਪਕ ਚਾਹਰ ਮੀਡੀਆ ਨਾਲ ਗੱਲਬਾਤ ਕਰਨਗੇ। ਇਹ ਪੁੱਛੇ ਜਾਣ 'ਤੇ ਕਿ ਕੋਈ ਖਿਡਾਰੀ ਜਾਂ ਸਹਿਯੋਗੀ ਸਟਾਫ ਕਾਨਫਰੰਸ ਲਈ ਉਪਲਬਧ ਕਿਉਂ ਨਹੀਂ ਕਰਾਇਆ ਗਿਆ ਤਾਂ ਮੀਡੀਆ ਮੈਨੇਜਰ ਨੇ ਕਿਹਾ ਕਿ ਭਾਰਤ ਨੇ ਆਪਣੀ ਵਰਲਡ ਕੱਪ ਮੁਹਿੰਮ ਅਜੇ ਸ਼ੁਰੂ ਨਹੀਂ ਕੀਤੀ ਹੈ ਇਸ ਲਈ ਅਜਿਹਾ ਨਹੀਂ ਹੋ ਸਕਦਾ। ਇਸ ਤੋਂ ਬਾਅਦ ਉੱਥੇ ਮੌਜੂਦ ਮੀਡੀਆ ਨਾਰਾਜ਼ ਹੋ ਗਿਆ ਅਤੇ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਨ ਤੋਂ ਮਨ੍ਹਾ ਕਰ ਦਿੱਤਾ। ਮੀਡੀਆ ਮੁਤਾਬਕ ਜਿਨ੍ਹਾਂ ਦੇ ਕੋਲ ਟੀਮ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਦਾ ਹੱਕ ਨਹੀਂ ਹੈ। ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਉਹ ਨਹੀਂ ਕਰਨਾ ਚਾਹੁੰਦੇ। ਜ਼ਿਕਰਯੋਗ ਵਰਲਡ ਕੱਪ ਲਈ ਬਣਾਏ ਗਏ ਪ੍ਰੋਟੋਕਾਲ ਦੇ ਮੁਤਾਬਕ ਹਰੇਕ ਟੀਮ ਨੂੰ ਦਿਨ ਦੇ ਪ੍ਰੋਗਰਾਮ ਦੀ ਜਾਣਕਾਰੀ ਮੀਡੀਆ ਨੂੰ ਦੇਣੀ ਹੁੰਦੀ ਹੈ। ਇਸ 'ਚ ਟੀਮ ਦੇ ਅਭਿਆਸ ਅਤੇ ਮੀਡੀਆ ਨਾਲ ਗੱਲ ਕਰਨ ਦੇ ਸਮੇਂ ਦੀ ਜਾਣਕਾਰੀ ਦੇਣੀ ਹੁੰਦੀ ਹੈ ਪਰ ਟੀਮ ਇੰਡੀਆ ਨੇ 6 ਦਿਨਾਂ ਤੋਂ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਹੈ। ਬੰਗਲਾਦੇਸ਼ ਖਿਲਾਫ ਵਾਰਮ ਅਪ ਮੈਚ 'ਚ ਸੈਂਕੜਾ ਜੜਨ ਦੇ ਬਾਅਦ ਸਿਰਫ ਕੇ.ਐੱਲ. ਰਾਹੁਲ ਨੇ ਹੀ ਮੀਡੀਆ ਨਾਲ ਗੱਲ ਕੀਤੀ ਸੀ।

Tarsem Singh

This news is Content Editor Tarsem Singh