IND vs WI : ਉਹ 4 ਵੱਡੀਆਂ ਗਲਤੀਆਂ ਜਿਨ੍ਹਾਂ ਕਾਰਨ ਭਾਰਤ ਨੂੰ ਮਿਲੀ ਕਰਾਰੀ ਹਾਰ

12/16/2019 10:15:07 AM

ਚੇਨਈ— ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਆਗਾਜ਼ ਟੀਮ ਇੰਡੀਆ ਨੇ ਹਾਰ ਨਾਲ ਕੀਤਾ ਹੈ। ਚੇਨਈ 'ਚ ਖੇਡੇ ਗਏ ਮੈਚ 'ਚ ਭਾਰਤੀ ਟੀਮ 8 ਵਿਕਟਾਂ ਨਾਲ ਹਾਰ ਗਈ। ਵਿਰਾਟ ਕੋਹਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 287 ਦੌੜਾਂ ਬਣਾਈਆਂ, ਜਵਾਬ 'ਚ ਵੈਸਟਇੰਡੀਜ਼ ਦੀ ਟੀਮ ਨੇ ਸਿਰਫ 2 ਵਿਕਟਾਂ ਗੁਆ ਕੇ 13 ਗੇਂਦ ਪਹਿਲਾਂ ਟੀਚਾ ਹਾਸਲ ਕਰ ਲਿਆ। ਵੈਸਟਇੰਡੀਜ਼ ਦੀ ਜਿੱਤ ਦੇ ਹੀਰੋ ਸ਼ਿਮਰੋਨ ਹੇਟਮਾਇਰ ਅਤੇ ਸ਼ਾਈ ਹੋਪ ਰਹੇ। ਹੇਟਮਾਇਰ ਨੇ 139 ਅਤੇ ਸ਼ਾਈ ਹੋਪ ਨੇ ਅਜੇਤੂ 102 ਦੌੜਾਂ ਬਣਾਈਆਂ। ਵੈਸੇ ਟੀਮ ਇੰਡੀਆ ਦੀ ਹਾਰ ਦੀ ਵਜ੍ਹਾ ਹੇਟਮਾਇਰ ਅਤੇ ਹੋਪ ਦੀ ਚੰਗੀ ਬੱਲੇਬਾਜ਼ੀ ਦੇ ਇਲਾਵਾ 4 ਗਲਤੀਆਂ ਵੀ ਰਹੀਆਂ। ਆਓ ਪਾਉਂਦੇ ਹਾਂ ਉਨ੍ਹਾਂ 'ਤੇ ਇਕ ਨਜ਼ਰ-

ਖਰਾਬ ਟੀਮ ਸਿਲੈਕਸ਼ਨ
ਟੀਮ ਇੰਡੀਆ ਨੇ ਚੇਨਈ ਵਨ-ਡੇ 'ਚ ਸਹੀ ਟੀਮ ਸਿਲੈਕਸ਼ਨ ਨਹੀਂ ਕੀਤਾ। ਭਾਰਤੀ ਟੀਮ ਸਿਰਫ ਚਾਰ ਗੇਂਦਬਾਜ਼ਾਂ ਦੇ ਨਾਲ ਮੈਦਾਨ 'ਤੇ ਉਤਰੀ। ਪੰਜਵੇਂ ਗੇਂਦਬਾਜ਼ ਲਈ ਉਸ ਨੂੰ ਸ਼ਿਵਮ ਦੁਬੇ ਅਤੇ ਕੇਦਾਰ ਜਾਧਵ 'ਤੇ ਨਿਰਭਰ ਰਹਿਣਾ ਪਿਆ ਅਤੇ ਇਹੋ ਚੀਜ਼ ਉਸ 'ਤੇ ਭਾਰੀ ਪੈ ਗਈ। ਜਾਧਵ ਨੇ ਇਕ ਓਵਰ ਕਰਾਇਆ ਅਤੇ 11 ਦੌੜਾਂ ਲੁਟਾਈਆਂ। ਜਦਕਿ ਸ਼ਿਵਮ ਦੁਬੇ ਨੇ 7.5 ਓਵਰ 'ਚ 68 ਦੌੜਾਂ ਲੁਟਾ ਦਿੱਤੀਆਂ ਅਤੇ ਉਨ੍ਹਾਂ ਨੂੰ ਇਕ ਵੀ ਵਿਕਟ ਨਹੀਂ ਮਿਲਿਆ।

ਇਕ ਓਵਰ 'ਚ ਰਾਹੁਲ ਅਤੇ ਵਿਰਾਟ ਦਾ ਆਊਟ ਹੋਣਾ
ਚੇਨਈ 'ਚ ਭਾਰਤ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਇੰਡੀਆ ਨੇ 7ਵੇਂ ਓਵਰ 'ਚ ਵਿਰਾਟ ਕੋਹਲੀ ਅਤੇ ਕੇ. ਐੱਲ. ਰਾਹੁਲ ਦੇ ਅਹਿਮ ਵਿਕਟ ਗੁਆਏ। ਸ਼ੇਲਡਨ ਕਾਟਰੇਲ ਨੇ ਦੂਜੀ ਗੇਂਦ 'ਤੇ ਕੇ. ਐੱਲ. ਰਾਹੁਲ ਨੂੰ 6 ਦੌੜਾਂ 'ਤੇ ਆਊਟ ਕੀਤਾ ਅਤੇ ਇਸ ਦੇ ਬਾਅਦ ਆਖਰੀ ਗੇਂਦ 'ਤੇ ਉਸ ਨੇ ਵਿਰਾਟ ਕੋਹਲੀ ਨੂੰ ਬੋਲਡ ਕਰਕੇ ਟੀਮ ਇੰਡੀਆ ਨੂੰ ਦੋਹਰਾ ਝਟਕਾ ਦਿੱਤਾ। ਇਸ ਤੋਂ ਬਾਅਦ ਹੀ ਭਾਰਤੀ ਟੀਮ ਦਬਾਅ 'ਚ ਆ ਗਈ।

ਅਈਅਰ ਅਤੇ ਪੰਤ ਦੇ ਸੈਟ ਹੋਣ ਦੇ ਬਾਅਦ ਆਊਟ ਹੋਣਾ
ਰੋਹਿਤ, ਵਿਰਾਟ ਅਤੇ ਰਾਹੁਲ ਦੇ ਆਊਟ ਹੋਣ ਦੇ ਬਾਅਦ ਅਈਅਰ ਅਤੇ ਪੰਤ ਨੇ ਟੀਮ ਇੰਡੀਆ ਨੂੰ ਮੁਸੀਬਤ ਤੋਂ ਜ਼ਰੂਰ ਕੱਢਿਆ। ਦੋਹਾਂ ਨੇ ਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ ਅਤੇ ਅਰਧ ਸੈਂਕੜੇ ਵੀ ਜੜੇ। ਅਈਅਰ ਨੇ 70 ਦੌੜਾਂ ਅਤੇ ਪੰਤ ਨੇ 71 ਦੌੜਾਂ ਦੀ ਪਾਰੀ ਖੇਡੀ। ਪਰ ਇਹ ਦੋਵੇਂ ਬੱਲੇਬਾਜ਼ ਸੈੱਟ ਹੋਣ ਦੇ ਬਾਅਦ ਅਚਾਨਕ ਆਊਟ ਹੋਏ ਜਿਸ ਦਾ ਨੁਕਸਾਨ ਟੀਮ ਇੰਡੀਆ ਨੂੰ ਭੁਗਤਨਾ ਪਿਆ। ਟੀਮ ਇੰਡੀਆ ਨੇ ਚੇਨਈ ਦੀ ਪਿੱਚ 'ਤੇ 20 ਤੋਂ 30 ਦੌੜਾਂ ਘੱਟ ਬਣਾਈਆਂ।

ਕੈਚ ਛੱਡਣਾ ਪਿਆ ਮਹਿੰਗਾ
ਟੀ-20 ਸੀਰੀਜ਼ 'ਚ ਖਰਾਬ ਫੀਲਡਿੰਗ ਇਕ ਵਾਰ ਫਿਰ ਦਿਖਾਈ ਦਿੱਤੀ। ਸ਼ਿਮਰੋਨ ਹੇਟਮਾਇਰ ਨੂੰ ਦੋ ਜੀਵਨਦਾਨ ਮਿਲੇ। ਪਹਿਲਾ ਜੀਵਨਦਾਨ ਵਿਰਾਟ ਕੋਹਲੀ ਦੇ ਹੱਥੋਂ ਮਿਲਿਆ ਜਦੋਂ ਉਨ੍ਹਾਂ ਕੋਲ ਹੇਟਮਾਇਰ ਨੂੰ ਰਨਆਊਟ ਕਰਨ ਦਾ ਮੌਕਾ ਸੀ ਪਰ ਉਨ੍ਹਾਂ ਨੇ ਪੰਤ ਤੋਂ ਕਾਫੀ ਦੂਰ ਥ੍ਰੋਅ ਸੁੱਟ ਦਿੱਤਾ ਅਤੇ ਹੇਟਮਾਇਰ ਨੂੰ ਜੀਵਨਦਾਨ ਮਿਲ ਗਿਆ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਵੀ ਹੇਟਮਾਇਰ ਦਾ ਆਸਾਨ ਕੈਚ ਛੱਡਿਆ। ਨਤੀਜੇ ਵੱਜੋਂ ਹੇਟਮਾਇਰ ਨੇ ਤੂਫਾਨੀ 139 ਦੌੜਾਂ ਠੋਕ ਕੇ ਟੀਮ ਇੰਡੀਆ ਦੀ ਹਾਰ ਤੈਅ ਕਰ ਦਿੱਤੀ।

Tarsem Singh

This news is Content Editor Tarsem Singh