ਭਾਰਤ ਬਨਾਮ ਅਫਗਾਨਿਸਤਾਨ ਟੀ20 ਸੀਰੀਜ਼ ਲਈ ਟੀਮ ਦਾ ਐਲਾਨ, ਇਸ ਧਾਕੜ ਗੇਂਦਬਾਜ਼ ਦੀ ਹੋਈ ਵਾਪਸੀ

Monday, Aug 24, 2026 - 06:31 PM (IST)

ਭਾਰਤ ਬਨਾਮ ਅਫਗਾਨਿਸਤਾਨ ਟੀ20 ਸੀਰੀਜ਼ ਲਈ ਟੀਮ ਦਾ ਐਲਾਨ, ਇਸ ਧਾਕੜ ਗੇਂਦਬਾਜ਼ ਦੀ ਹੋਈ ਵਾਪਸੀ

ਨਵੀਂ ਦਿੱਲੀ : ਅਫ਼ਗਾਨਿਸਤਾਨ ਕ੍ਰਿਕਟ ਬੋਰਡ (ACB) ਨੇ ਭਾਰਤ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਸੋਮਵਾਰ ਨੂੰ ਆਪਣੀ ਟੀਮ ਦਾ ਰਸਮੀ ਐਲਾਨ ਕਰ ਦਿੱਤਾ ਹੈ। ਦੋਵਾਂ ਮਜ਼ਬੂਤ ਟੀਮਾਂ ਵਿਚਕਾਰ ਇਹ ਰੋਮਾਂਚਕ ਸੀਰੀਜ਼ 13 ਤੋਂ 17 ਸਤੰਬਰ 2026 ਤੱਕ ਨਵੀਂ ਦਿੱਲੀ ਦੇ ਅਰੁਣ ਜੇਟਲੀ ਕ੍ਰਿਕਟ ਸਟੇਡੀਅਮ ਵਿੱਚ ਖੇਡੀ ਜਾਵੇਗੀ। ਇਸ ਸੀਰੀਜ਼ ਵਿੱਚ ਅਫ਼ਗਾਨਿਸਤਾਨ ਟੀਮ ਦੀ ਅਗਵਾਈ ਨੌਜਵਾਨ ਕਪਤਾਨ ਇਬਰਾਹਿਮ ਜ਼ਾਦਰਾਨ ਦੇ ਹੱਥਾਂ ਵਿੱਚ ਹੋਵੇਗੀ, ਜਿਨ੍ਹਾਂ ਕੋਲ ਸਾਲ 2028 ਦੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖ਼ੁਦ ਨੂੰ ਇੱਕ ਬਿਹਤਰ ਕਪਤਾਨ ਵਜੋਂ ਸਾਬਤ ਕਰਨ ਦਾ ਇੱਕ ਸ਼ਾਨਦਾਰ ਮੌਕਾ ਹੋਵੇਗਾ।

ਟੀਮ ਵਿੱਚ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਦੀ ਵਾਪਸੀ ਹੋਈ ਹੈ, ਜੋ ਮੋਢੇ ਦੀ ਸੱਟ ਕਾਰਨ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਸਨ। ਹੁਣ ਪੂਰੀ ਤਰ੍ਹਾਂ ਫਿੱਟ ਹੋ ਕੇ ਪਰਤਣ ਨਾਲ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਨੂੰ ਨਵੀਂ ਧਾਰ ਮਿਲੇਗੀ। ਇਸ ਤੋਂ ਇਲਾਵਾ, ਤਜ਼ਰਬੇਕਾਰ ਆਲਰਾਊਂਡਰ ਗੁਲਬਦੀਨ ਨਾਇਬ ਦੀ ਵਾਪਸੀ ਮਿਡਲ ਆਰਡਰ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ ਅਤੇ ਗੇਂਦਬਾਜ਼ੀ ਵਿੱਚ ਇੱਕ ਵਾਧੂ ਵਿਕਲਪ ਵੀ ਦੇਵੇਗੀ
 
ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਵਿਕਟਕੀਪਰ-ਬੱਲੇਬਾਜ਼ ਨੂਰ ਰਹਿਮਾਨ ਨੂੰ ਪਹਿਲੀ ਵਾਰ ਰਾਸ਼ਟਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਰਹਿਮਾਨੁੱਲ੍ਹਾ ਗੁਰਬਾਜ਼ ਦੇ ਬੈਕਅੱਪ ਵਜੋਂ ਭੂਮਿਕਾ ਨਿਭਾਉਣਗੇ। ਅਫ਼ਗਾਨਿਸਤਾਨ ਦੀ ਅਸਲੀ ਤਾਕਤ ਹਮੇਸ਼ਾ ਦੀ ਤਰ੍ਹਾਂ ਉਸ ਦੀ ਸਪਿਨ ਗੇਂਦਬਾਜ਼ੀ ਹੀ ਰਹੇਗੀ। ਭਾਰਤੀ ਪਿੱਚਾਂ 'ਤੇ ਆਪਣੀ ਫਿਰਕੀ ਦਾ ਜਾਦੂ ਬਿਖੇਰਨ ਲਈ ਰਾਸ਼ਿਦ ਖ਼ਾਨ, ਨੂਰ ਅਹਿਮਦ ਅਤੇ ਮੁਜੀਬ ਉਰ ਰਹਿਮਾਨ ਵਰਗੇ ਵਿਸ਼ਵ ਪੱਧਰੀ ਸਪਿਨਰ ਤਿਆਰ ਹਨ। ਤਜ਼ਰਬੇਕਾਰ ਖਿਡਾਰੀ ਮੁਹੰਮਦ ਨਬੀ ਵੀ ਟੀਮ ਵਿੱਚ ਸੰਤੁਲਨ ਬਣਾਉਣ ਦਾ ਕੰਮ ਕਰਨਗੇ। 

ਇਸ ਸੀਰੀਜ਼ ਦਾ ਪਹਿਲਾ ਟੀ-20 ਮੈਚ 13 ਸਤੰਬਰ, ਦੂਜਾ ਮੈਚ 15 ਸਤੰਬਰ ਅਤੇ ਤੀਜਾ ਮੈਚ 17 ਸਤੰਬਰ ਨੂੰ ਖੇਡਿਆ ਜਾਵੇਗਾ, ਜਿਸ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਭਾਰਤ ਵਿਰੁੱਧ ਅਫ਼ਗਾਨਿਸਤਾਨ ਦੀ ਟੀਮ: ਇਬਰਾਹਿਮ ਜ਼ਾਦਰਾਨ (ਕਪਤਾਨ), ਰਹਿਮਾਨੁੱਲ੍ਹਾ ਗੁਰਬਾਜ਼ (ਵਿਕਟਕੀਪਰ), ਨੂਰ ਰਹਿਮਾਨ (ਵਿਕਟਕੀਪਰ), ਸੇਦਿਕੁੱਲ੍ਹਾ ਅਟਲ, ਦਰਵੇਸ਼ ਰਸੂਲੀ, ਅਜ਼ਮਤੁੱਲ੍ਹਾ ਉਮਰਜ਼ਈ, ਗੁਲਬਦੀਨ ਨਾਇਬ, ਮੁਹੰਮਦ ਨਬੀ, ਰਾਸ਼ਿਦ ਖ਼ਾਨ, ਨਾਂਗਿਆਲ ਖਰੋਟੀ, ਨੂਰ ਅਹਿਮਦ, ਮੁਜੀਬ ਉਰ ਰਹਿਮਾਨ, ਫਜ਼ਲ ਹੱਕ ਫਾਰੂਕੀ, ਅਬਦੁੱਲ੍ਹਾ ਅਹਿਮਦਜ਼ਈ, ਨਵੀਨ-ਉਲ-ਹੱਕ। 

ਰਿਜ਼ਰਵ ਖਿਡਾਰੀ: ਇਜਾਜ਼ ਅਹਿਮਦਜ਼ਈ, ਸ਼ਾਹੀਦੁੱਲ੍ਹਾ ਕਮਾਲ, ਫਰੀਦ ਅਹਿਮਦ ਮਲਿਕ।


author

Tarsem Singh

Content Editor

Related News