T20 WC 2026: ਸਕਾਟਲੈਂਡ ਨੇ ਇਟਲੀ ਨੂੰ 73 ਦੌੜਾਂ ਨਾਲ ਹਰਾਇਆ
Monday, Feb 09, 2026 - 02:34 PM (IST)
ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ ਦੇ ਗਰੁੱਪ ਸੀ ਮੁਕਾਬਲੇ ਵਿੱਚ ਸਕਾਟਲੈਂਡ ਨੇ ਇਟਲੀ ਨੂੰ 73 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸਕਾਟਲੈਂਡ ਨੇ 4 ਵਿਕਟਾਂ 'ਤੇ 207 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜਿਸ ਨਾਲ ਉਹ ਮੌਜੂਦਾ ਵਿਸ਼ਵ ਕੱਪ ਵਿੱਚ 200 ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਸਲਾਮੀ ਬੱਲੇਬਾਜ਼ ਜਾਰਜ ਮੁਨਸੇ ਨੇ 84 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਮਾਈਕਲ ਜੋਨਸ (37) ਨਾਲ ਪਹਿਲੀ ਵਿਕਟ ਲਈ 126 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਮੈਚ ਦੇ ਸ਼ੁਰੂ ਵਿੱਚ ਹੀ ਇਟਲੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਕਪਤਾਨ ਵੇਨ ਮੈਡਸਨ ਫੀਲਡਿੰਗ ਦੌਰਾਨ ਖੱਬੇ ਮੋਢੇ 'ਤੇ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਹੋ ਗਏ ਅਤੇ ਮੁੜ ਮੈਚ ਵਿੱਚ ਹਿੱਸਾ ਨਹੀਂ ਲੈ ਸਕੇ।
208 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇਟਲੀ ਦੀ ਪੂਰੀ ਟੀਮ 16.4 ਓਵਰਾਂ ਵਿੱਚ 134 ਦੌੜਾਂ 'ਤੇ ਢੇਰ ਹੋ ਗਈ। ਇਟਲੀ ਵੱਲੋਂ ਬੇਨ ਮਾਨੇਤੀ ਨੇ 52 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਵਿਸ਼ਵ ਕੱਪ ਵਿੱਚ ਅਰਧ-ਸੈਂਕੜਾ ਲਗਾਉਣ ਵਾਲੇ ਇਟਲੀ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਆਪਣੇ ਭਰਾ ਹੈਰੀ ਮਾਨੇਤੀ (37) ਨਾਲ ਚੌਥੀ ਵਿਕਟ ਲਈ 73 ਦੌੜਾਂ ਜੋੜੀਆਂ, ਪਰ ਮਾਈਕਲ ਲੀਸਕ ਦੀ ਘਾਤਕ ਗੇਂਦਬਾਜ਼ੀ (17 ਦੌੜਾਂ 'ਤੇ 4 ਵਿਕਟਾਂ) ਦੇ ਸਾਹਮਣੇ ਕੋਈ ਹੋਰ ਬੱਲੇਬਾਜ਼ ਟਿਕ ਨਾ ਸਕਿਆ। ਮਾਰਕ ਵਾਟ ਨੇ ਵੀ 24 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ, ਜਿਸ ਨਾਲ ਸਕਾਟਲੈਂਡ ਨੇ ਇੱਕਤਰਫ਼ਾ ਜਿੱਤ ਹਾਸਲ ਕੀਤੀ।
