ਮੁਸ਼ਕਿਲ ਵਿਕਟਾਂ ਮੁਤਾਬਕ ਢੱਲਣਾ ਹੋਵੇਗਾ : ਵਿਟੋਰੀ
Saturday, Apr 19, 2025 - 11:54 AM (IST)

ਮੁੰਬਈ- ਆਪਣੇ ਬੱਲੇਬਾਜ਼ਾਂ ਨਾਲ ਮੁਸ਼ਕਿਲ ਪਿੱਚਾਂ ਮੁਤਾਬਕ ਸ਼ੈਲੀ ’ਚ ਬਦਲਾਅ ਦੀ ਬੇਨਤੀ ਕਰਦੇ ਹੋਏ ਸਨਰਾਈਜ਼ਰਸ ਹੈਦਰਾਬਾਦ ਦੇ ਕੋਚ ਡੇਨੀਅਲ ਵਿਟੋਰੀ ਨੇ ਕਿਹਾ ਕਿ ਹਰ ਪਿੱਚ ਬੱਲੇਬਾਜ਼ਾਂ ਦੀ ਮਦਦਗਾਰ ਨਹੀਂ ਹੋ ਸਕਦੀ ਅਤੇ ਉਨ੍ਹਾਂ ਨੂੰ ਆਪਣੀ ਖੇਡ ’ਚ ਬਦਲਾਅ ਕਰਨਾ ਹੋਵੇਗਾ।
ਮੁੰਬਈ ਇੰਡੀਅਨਜ਼ ਨੇ ਵਾਨਖੇੜੇ ਸਟੇਡੀਅਮ ’ਤੇ ਸਨਰਾਈਜ਼ਰਸ ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾਇਆ। ਸਨਰਾਈਜ਼ਰਸ 5 ਵਿਕਟਾਂ ’ਤੇ 162 ਦੌੜਾਂ ਹੀ ਬਣਾ ਸਕੇ। ਮੁੰਬਈ ਦੇ ਆਫ ਸਪਿਨਰ ਵਿਲ ਜੈਕਸ ਨੇ 14 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਵਿਟੋਰੀ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਿੱਚ ’ਤੇ ਕਿਸੇ ਦਾ ਕੰਟਰੋਲ ਨਹੀਂ ਹੈ। ਇਕ ਕਿਸਮਤ ਦੀ ਗੱਲ ਹੈ ਕਿ ਸਾਨੂੰ ਇਸ ਤਰ੍ਹਾਂ ਦੀ ਵਿਕਟ ਮਿਲ ਰਹੀ ਹੈ, ਜੋ ਸਾਨੂੰ ਰਾਸ ਨਹੀਂ ਆ ਰਹੀ।
ਉਸ ਨੇ ਕਿਹਾ ਕਿ ਸਾਨੂੰ ਹਾਲਾਤ ਮੁਤਾਬਕ ਢੱਲਣਾ ਹੀ ਹੋਵੇਗਾ। ਸਾਨੂੰ ਪਤਾ ਹੈ ਕਿ ਚੇਨਈ ’ਚ ਜਾਂ ਅਹਿਮਦਾਬਾਦ ’ਚ ਇਸ ਤਰ੍ਹਾਂ ਦੇ ਹਾਲਾਤ ਹੋਣਗੇ। ਅਸੀਂ ਹਰ ਜਗ੍ਹਾ ਇਹ ਸੋਚ ਕੇ ਨਹੀਂ ਜਾ ਸਕਦੇ ਕਿ ਸਾਡੇ ਮੁਤਾਬਕ ਪਿੱਚਾਂ ਮਿਲਣਗੀਆਂ। ਹੁਣ ਸਾਨੂੰ ਇਹ ਸਮਝ ਕੇ ਉਸ ਦੇ ਮੁਤਾਬਕ ਖੇਡਣਾ ਹੋਵੇਗਾ।
ਵਿਟੋਰੀ ਨੇ ਕਿਹਾ ਕਿ ਮੁੰਬਈ ਦੇ ਗੇਂਦਬਾਜ਼ਾਂ ਨੇ ਵਿਚਾਲੇ ਦੇ ਓਵਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਮੁਸ਼ਕਿਲ ਪਿੱਚ ਸੀ। ਮੁੰਬਈ ਨੇ ਹਾਲਾਤ ਨੂੰ ਬਾਖੂਬੀ ਸਮਝਿਆ ਅਤੇ ਉਸ ਦਾ ਪੂਰਾ ਫਾਇਦਾ ਚੁੱਕਿਆ। ਉਸ ਦੇ ਕੋਲ ਜਸਪ੍ਰੀਤ ਬੁਮਰਾਹ, ਟ੍ਰੈਂਟ ਬੋਲਟ ਅਤੇ ਹਾਰਦਿਕ ਪੰਡਯਾ ਵਰਗਾ ਸ਼ਾਨਦਾਰ ਗੇਂਦਬਾਜ਼ ਹਨ। ਵਿਚਾਲੇ ਦੇ ਓਵਰਾਂ ’ਚ ਉਸ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ।