IPL ਮੈਚ ਦੌਰਾਨ ਚੀਟਿੰਗ ਕਰਦੇ ਫੜ੍ਹੇ KKR ਦੇ ਖਿਡਾਰੀ! ਅੰਪਾਇਰ ਨੇ...
Wednesday, Apr 16, 2025 - 06:50 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 'ਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡੇ ਗਏ ਮੈਚ 'ਚ ਪੰਜਾਬ ਨੇ 16 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸ ਮੈਚ 'ਚ ਕੋਲਕਾਤਾ ਦੀ ਟੀਮ ਨਾ ਸਿਰਫ 112 ਦੌੜਾਂ ਦਾ ਆਸਾਨ ਟੀਚਾ ਹਾਸਲ ਕਰਨ 'ਚ ਨਾਕਾਮ ਰਹੀ ਸਗੋਂ ਉਨ੍ਹਾਂ ਦੇ 3 ਖਿਡਾਰੀਆਂ ਦਾ ਬੱਲਾ 'ਗੇਜ ਟੈਸਟ' 'ਚ ਵੀ ਫੇਲ੍ਹ ਹੋ ਗਿਆ ਜਿਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ 'ਤੇ ਚੀਟਿੰਗ ਕਰਨ ਦੇ ਦੋਸ਼ ਲੱਗ ਰਹੇ ਹਨ।
ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ ਦੇ ਮੁੱਲਾਂਪੁਰ 'ਚ ਖੇਡੇ ਗਏ ਮੈਚ 'ਚ ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 111 ਦੌੜਾਂ ਬਣਾਈਆਂ ਸਨ। ਇਸਦੇ ਜਬਾਵ 'ਚ ਜਦੋਂ ਕੋਲਕਾਤਾ ਦੇ ਬੱਲੇਬਾਜ਼ ਮੈਦਾਨ 'ਤੇ ਉਤਰੇ ਤਾਂ ਅੰਪਾਇਰ ਸੈਯਦ ਖਾਲਿਦ ਨੇ ਓਪਨਰ ਸੁਨੀਲ ਨਾਰਾਇਣ ਅਤੇ ਅੰਗਕ੍ਰਿਸ਼ ਰਘੁਵੰਸ਼ੀ ਦੇ ਬੱਲੇ ਦੀ ਜਾਂਚ ਕੀਤੀ। ਇਸ ਟੈਸਟ 'ਚ ਨਾਰਾਇਣ ਦਾ ਬੱਲਾ ਫੇਲ੍ਹ ਹੋ ਗਿਆ। ਉਸਦੇ ਬੈਟ ਦਾ ਮੋਟਾ ਹਿੱਸਾ 'ਗੇਜ' 'ਚੋਂ ਨਹੀਂ ਨਿਕਲ ਸਕਿਆ। ਇਸਤੋਂ ਬਾਅਦ ਨਾਰਾਇਣ ਨੂੰ ਅੰਪਾਇਰ ਨਾਲ ਗੱਲਬਾਤ ਕਰਦਿਆਂ ਵੀ ਦੇਖਿਆ ਗਿਆ ਪਰ ਜਦੋਂ ਰੰਘੁਵੰਸ਼ੀ ਦੇ ਬੱਲੇ ਦੀ ਜਾਂਚ ਕੀਤੀ ਗਈ ਤਾਂ ਉਸਦਾ ਬੱਲਾ ਟੈਸਟ 'ਚ ਪਾਸ ਹੋ ਗਿਆ।
ਇਸਤੋਂ ਬਾਅਦ ਐਨਰਿਕ ਨੋਰਕੀਆ ਜਦੋਂ ਬੱਲੇਬਾਜ਼ੀ ਕਰਨ ਆਏ ਤਾਂ ਉਸਦਾ ਬੱਲਾ ਵੀ ਟੈਸਟ 'ਚ ਫੇਲ੍ਹ ਹੋ ਗਿਆ। ਇਹ ਘਟਨਾ ਕੋਲਕਾਤਾ ਨਾਈਟ ਰਾਈਡਰਜ਼ ਦੀ ਪਾਰੀ ਦੇ 16ਵੇਂ ਓਵਰ ਦੀ ਸ਼ੁਰੂਆਤ 'ਚ ਵਾਪਰੀ। ਇਸਦੇ ਚਲਦੇ ਥੋੜੀ ਦੇਰ ਲਈ ਮੈਚ ਰੁਕਿਆ ਰਿਹਾ। ਦੱਸ ਦੇਈਏ ਕਿ ਇਹ ਨੋਰਕੀਆ ਦਾ ਆਈਪੀਐੱਲ 2025 ਦਾ ਪਹਿਲਾ ਮੈਚ ਸੀ। ਇਸ ਤੋਂ ਇਲਾਵਾ ਆਂਦਰੇ ਰਸਲ ਦਾ ਬੱਲਾ ਵੀ ਟੈਸਟ 'ਚ ਫੇਲ੍ਹ ਪਾਇਆ ਗਿਆ।
ਦੱਸ ਦੇਈਏ ਕਿ ਆਈਪੀਐੱਲ ਦੇ ਮੌਜੂਦਾ ਸੀਜ਼ਨ ਵਿੱਚ ਅੰਪਾਇਰਾਂ ਨੇ ਮੈਦਾਨ 'ਤੇ ਹੀ ਬੱਲੇ ਦੇ ਆਕਾਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਲੇ ਦੇ ਆਕਾਰ ਦੀ ਜਾਂਚ ਕਰਨਾ ਕੋਈ ਨਵਾਂ ਨਿਯਮ ਨਹੀਂ ਹੈ ਪਰ ਪਹਿਲਾਂ ਇਹ ਟੈਸਟ ਸਿਰਫ਼ ਡ੍ਰੈਸਿੰਗ ਰੂਮ ਦੇ ਅੰਦਰ ਹੀ ਕੀਤਾ ਜਾਂਦਾ ਸੀ। ਹਾਲਾਂਕਿ, ਪਾਵਰ-ਹਿਟਿੰਗ ਦੇ ਇਸ ਯੁੱਗ ਵਿੱਚ ਵਧੇਰੇ ਚੌਕਸ ਰਹਿਣ ਦੀ ਕੋਸ਼ਿਸ਼ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੈਚ ਅਧਿਕਾਰੀਆਂ ਨੂੰ ਲੋੜ ਪੈਣ 'ਤੇ ਬੱਲੇ ਦੀ ਕਿਸੇ ਵੀ ਤਰ੍ਹਾਂ ਦੀ ਮੈਦਾਨੀ ਜਾਂਚ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਕਿਵੇਂ ਹੁੰਦਾ ਹੈ 'ਗੇਜ ਟੈਸਟ'
ਇਸ ਟੈਸਟ ਦੌਰਾ, ਅੰਪਾਇਰ ਬੱਲੇ ਦੇ ਆਕਾਰ ਦੀ ਜਾਂਚ ਕਰਨ ਲਈ 'ਬੈਟ ਗੇਜ' ਨਾਮਕ ਇੱਕ ਯੰਤਰ ਆਪਣੇ ਕੋਲ ਰੱਖਦੇ ਹਨ। ਜੇਕਰ ਬੱਲਾ ਉਸ ਗੇਜ ਵਿੱਚੋਂ ਲੰਘਦਾ ਹੈ, ਤਾਂ ਬੱਲਾ ਸਹੀ ਮੰਨਿਆ ਜਾਂਦਾ ਹੈ। ਜੇਕਰ ਉਹ ਇਸ ਵਿੱਚ ਫਸ ਜਾਂਦਾ ਹੈ ਤਾਂ ਬੱਲਾ ਬਦਲਣਾ ਪੈਂਦਾ ਹੈ।
ਕੀ ਕਹਿੰਦੇ ਹਨ ਨਿਯਮ
ਨਿਯਮਾਂ ਅਨੁਸਾਰ ਬੱਲੇ ਦੀ ਚੌੜਾਈ 4.25 ਇੰਚ (10.79 ਸੈਂਟੀਮੀਟਰ) ਤੋਂ ਵੱਧ ਨਹੀਂ ਹੋਣੀ ਚਾਹੀਦੀ। ਬੱਲੇ ਦੇ ਵਿਚਕਾਰਲੇ ਹਿੱਸੇ (ਉੱਠੇ ਹੋਏ ਹਿੱਸੇ) ਦੀ ਮੋਟਾਈ 2.64 ਇੰਚ (6.7 ਸੈਂਟੀਮੀਟਰ) ਤੋਂ ਵੱਧ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਕਿਨਾਰੇ ਦੀ ਵੱਧ ਤੋਂ ਵੱਧ ਚੌੜਾਈ 1.56 ਇੰਚ (4 ਸੈਂਟੀਮੀਟਰ) ਤੋਂ ਵੱਧ ਨਹੀਂ ਹੋ ਸਕਦੀ। ਬੱਲੇ ਦੀ ਲੰਬਾਈ ਹੈਂਡਲ ਦੇ ਉੱਪਰ ਤੋਂ ਲੈ ਕੇ ਬੇਸ ਤੱਕ 38 ਇੰਚ (96.4 ਸੈਂਟੀਮੀਟਰ) ਤੋਂ ਵੱਧ ਨਹੀਂ ਹੋ ਸਕਦੀ।