ਸੁਲਤਾਨ ਜੋਹੋਰ ਹਾਕੀ ਕੱਪ ਟੂਰਨਾਮੈਂਟ-2025 : ਭਾਰਤ ਨੇ ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਕੇ ਕੀਤੀ ਲਗਾਤਾਰ ਦੂਜੀ ਜਿੱਤ ਦਰਜ
Monday, Oct 13, 2025 - 01:52 AM (IST)

ਜੋਹੋਰ (ਮਲੇਸ਼ੀਆ) (ਭਾਸ਼ਾ)–ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਕੇ ਸੁਲਤਾਨ ਜੋਹੋਰ ਹਾਕੀ ਕੱਪ ਟੂਰਨਾਮੈਂਟ-2025 ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਭਾਰਤ ਲਈ ਅਰਸ਼ਦੀਪ ਸਿੰਘ (ਦੂਜੇ ਮਿੰਟ), ਪੀ. ਬੀ. ਸੁਨੀਲ (15ਵੇਂ ਮਿੰਟ), ਅਰਿਜੀਤ ਸਿੰਘ ਹੁੰਦਲ (26ਵੇਂ ਮਿੰਟ) ਤੇ ਆਰ. ਕੁਮੂਰ (47ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਨਿਊਜ਼ੀਲੈਂਡ ਲਈ ਗਸ ਨੈਲਸਨ (41ਵੇਂ ਮਿੰਟ) ਤੇ ਐਡਨ ਮੈਕਸ (52ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿਚ ਬ੍ਰਿਟੇਨ ਨੂੰ 3-2 ਨਾਲ ਹਰਾਇਆ ਸੀ।
ਭਾਰਤ ਨੇ ਪਹਿਲਾ ਗੋਲ ਸ਼ੁਰੂਆਤੀ ਕੁਆਰਟਰ ਦੇ ਦੂਜੇ ਮਿੰਟ ਵਿਚ ਕਰ ਦਿੱਤਾ, ਜਿਸ ਵਿਚ ਅਰਸ਼ਦੀਪ ਨੇ ਆਸਾਨ ਮੌਕੇ ਨੂੰ ਗੋਲ ਵਿਚ ਬਦਲ ਦਿੱਤਾ। ਉਸ ਨੇ ਸੱਜੇ ਪਾਸਿਓਂ ਸਰਕਲ ਵਿਚ ਤੇਜ਼ੀ ਨਾਲ ਦੌੜ ਲਗਾਈ ਤੇ ਸ਼ਾਟ ਲਗਾਈ ਪਰ ਸ਼ੁਰੂਆਤ ਵਿਚ ਨਿਊਜ਼ੀਲੈਂਡ ਦੇ ਗੋਲਕੀਪਰ ਨੇ ਇਸ ਨੂੰ ਬਚਾਅ ਲਿਆ ਪਰ ਉਹ ਰਿਬਾਊਂਡ ’ਤੇ ਗੋਲ ਕਰਨ ਵਿਚ ਕਾਮਯਾਬ ਰਿਹਾ। ਕੁਆਰਟਰ ਦੇ ਆਖਰੀ ਮਿੰਟ ਵਿਚ ਭਾਰਤ ਨੇ ਆਪਣੀ ਬੜ੍ਹਤ ਦੁੱਗਣੀ ਕਰ ਦਿੱਤੀ ਜਦੋਂ ਡ੍ਰੈਗਫਲਿੱਕਰ ਤੇ ਕਪਤਾਨ ਰੋਹਿਤ ਨੇ ਗੇਂਦ ਸੁਨੀਲ ਨੂੰ ਪਾਸ ਕੀਤੀ ਤੇ ਸੁਨੀਲ ਨੇ ਪੈਨਲਟੀ ਕਾਰਨਰ ’ਤੇ ਇਕ ਬਿਹਤਰੀਨ ਵੈਰੀਏਸ਼ਨ ਨਾਲ ਗੋਲ ਕਰ ਦਿੱਤਾ।
ਭਾਰਤ ਨੂੰ ਦੂਜੇ ਕੁਆਰਟਰ ਵਿਚ ਇਕ ਮੌਕਾ ਤਦ ਮਿਲਿਆ ਜਦੋਂ ਸਰਕਲ ਵਿਚ ਅਰਿਜੀਤ ਨੇ ਤੇਜ਼ੀ ਨਾਲ ਘੁੰਮ ਕੇ ਗੋਲ ’ਤੇ ਇਕ ਸਫਲ ਸ਼ਾਟ ਲਾ ਕੇ ਸਕੋਰ 3-0 ਕਰ ਿਦੱਤਾ। ਨਿਊਜ਼ੀਲੈਂਡ ਨੇ ਆਖਿਰਕਾਰ ਤੀਜੇ ਕੁਆਰਟਰ ਵਿਚ ਨੈਲਸਨ ਦੀ ਬਦੌਲਤ 41ਵੇਂ ਮਿੰਟ ਵਿਚ ਖਾਤਾ ਖੋਲ੍ਹਿਆ।
ਆਰ. ਕੁਮਾਰ ਨੇ 47ਵੇਂ ਮਿੰਟ ਵਿਚ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਭਾਰਤ ਨੂੰ ਆਖਰੀ ਕੁਆਰਟਰ ਵਿਚ 4-1 ਦੀ ਬੜ੍ਹਤ ਦਿਵਾ ਦਿੱਤੀ। ਮੈਕਸ ਨੇ 52ਵੇਂ ਮਿੰਟ ਵਿਚ ਨਿਊਜ਼ੀਲੈਂਡ ਲਈ ਇਕ ਹੋਰ ਗੋਲ ਕੀਤਾ ਤੇ ਆਖਰੀ ਕੁਝ ਮਿੰਟ ਕਾਫੀ ਰੋਮਾਂਚਕ ਹੋ ਗਏ। ਨਿਊਜ਼ੀਲੈਂਡ ਨੇ ਮੈਚ ਵਿਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਡਿਫੈਂਸ ਮਜ਼ਬੂਤ ਰਿਹਾ। ਭਾਰਤ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਪਾਕਿਸਤਾਨ ਨਾਲ ਹੋਵੇਗਾ।