ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਲਈ Good News ! ਫਿੱਟ ਹੋਇਆ ਧਾਕੜ ਬੱਲੇਬਾਜ਼

Tuesday, Jun 09, 2026 - 03:18 PM (IST)

ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਲਈ Good News ! ਫਿੱਟ ਹੋਇਆ ਧਾਕੜ ਬੱਲੇਬਾਜ਼

ਸਪੋਰਟਸ ਡੈਸਕ- ਅਫਗਾਨਿਸਤਾਨ ਖਿਲਾਫ ਤਿੰਨ ਮੈਚਾਂ ਦੀ ਵਨਡੇ ਲੜੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡੀ ਰਾਹਤ ਮਿਲੀ ਹੈ। ਤਜਰਬੇਕਾਰ ਓਪਨਰ ਰੋਹਿਤ ਸ਼ਰਮਾ ਨੂੰ ਬੀਸੀਸੀਆਈ ਦੀ ਸੈਂਟਰ ਆਫ਼ ਐਕਸੀਲੈਂਸ (ਸੀਓਈ) ਸਪੋਰਟਸ ਸਾਇੰਸ ਟੀਮ ਨੇ ਫਿੱਟ ਘੋਸ਼ਿਤ ਕਰ ਦਿੱਤਾ ਹੈ। ਸਟਾਰ ਆਲਰਾਉਂਡਰ ਹਾਰਦਿਕ ਪੰਡਯਾ ਨੂੰ ਵੀ ਖੇਡਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।

ਰੋਹਿਤ ਨੂੰ ਆਈਪੀਐਲ 2026 ਦੌਰਾਨ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ, ਜਿਸ ਕਾਰਨ ਉਹ ਪੰਜ ਮੈਚਾਂ ਤੋਂ ਬਾਹਰ ਰਿਹਾ। ਹਾਲਾਂਕਿ ਉਹ ਬਾਅਦ ਵਿੱਚ ਵਾਪਸ ਆਇਆ, ਪਰ ਉਸਨੂੰ ਜ਼ਿਆਦਾਤਰ ਮੈਚਾਂ ਵਿੱਚ ਇੰਪੈਕਟ ਪਲੇਅਲ ਵਜੋਂ ਵਰਤਿਆ ਗਿਆ ਅਤੇ ਉਹ ਫੀਲਡਿੰਗ ਕਰਨ ਵਿੱਚ ਅਸਮਰੱਥ ਰਿਹਾ। ਇਸ ਨਾਲ 50 ਓਵਰਾਂ ਦੇ ਕ੍ਰਿਕਟ ਲਈ ਉਸਦੀ ਫਿਟਨੈਸ 'ਤੇ ਸਵਾਲ ਖੜ੍ਹੇ ਹੋਏ।

ਚੋਣ ਦੌਰਾਨ ਫਿਟਨੈਸ ਵੀ ਸੀ ਇੱਕ ਸ਼ਰਤ

ਜਦੋਂ ਅਫਗਾਨਿਸਤਾਨ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਸੀ, ਤਾਂ ਬੀਸੀਸੀਆਈ ਨੇ ਸਪੱਸ਼ਟ ਕੀਤਾ ਕਿ ਰੋਹਿਤ ਦੀ ਉਪਲਬਧਤਾ ਫਿਟਨੈਸ ਕਲੀਅਰੈਂਸ 'ਤੇ ਨਿਰਭਰ ਕਰੇਗੀ। ਇਹੀ ਕਾਰਨ ਸੀ ਕਿ ਉਸਦੀ ਸ਼ਮੂਲੀਅਤ ਨੂੰ ਲੈ ਕੇ ਕੁਝ ਅਨਿਸ਼ਚਿਤਤਾ ਸੀ। ਹੁਣ, ਸੈਂਟਰ ਆਫ਼ ਐਕਸੀਲੈਂਸ ਦੀ ਮੈਡੀਕਲ ਅਤੇ ਸਪੋਰਟਸ ਸਾਇੰਸ ਟੀਮ ਨੇ ਉਸਨੂੰ ਪੂਰੀ ਤਰ੍ਹਾਂ ਫਿੱਟ ਮੰਨਿਆ ਹੈ ਅਤੇ ਉਸਨੂੰ ਖੇਡਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਨਾਲ ਭਾਰਤੀ ਟੀਮ ਪ੍ਰਬੰਧਨ ਅਤੇ ਚੋਣਕਾਰਾਂ ਨੂੰ ਵੀ ਰਾਹਤ ਮਿਲੀ ਹੈ।

ਰੋਹਿਤ ਲਈ ਇਹ ਲੜੀ ਕਿਉਂ ਹੈ ਮਹੱਤਵਪੂਰਨ?

39 ਸਾਲਾ ਰੋਹਿਤ ਸ਼ਰਮਾ ਆਪਣੇ ਕਰੀਅਰ ਦੇ ਇੱਕ ਅਜਿਹੇ ਪੜਾਅ 'ਤੇ ਹੈ ਜਿੱਥੇ ਹਰ ਲੜੀ ਉਸਦੇ ਭਵਿੱਖ ਬਾਰੇ ਚਰਚਾਵਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਟੀ-20 ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ, ਉਹ ਸਿਰਫ਼ ਵਨਡੇ ਕ੍ਰਿਕਟ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। 2027 ਵਨਡੇ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ, ਰੋਹਿਤ ਲਈ ਨਿਯਮਿਤ ਤੌਰ 'ਤੇ ਖੇਡਣਾ ਅਤੇ ਆਪਣੀ ਤੰਦਰੁਸਤੀ ਸਾਬਤ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਉਹ ਲੰਬੇ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹਿੰਦਾ ਹੈ, ਤਾਂ ਹੋਰ ਖਿਡਾਰੀਆਂ ਨੂੰ ਸਲਾਮੀ ਬੱਲੇਬਾਜ਼ ਦੇ ਸਥਾਨ ਲਈ ਮਜ਼ਬੂਤ ​​ਦਾਅਵਾ ਪੇਸ਼ ਕਰਨ ਦਾ ਮੌਕਾ ਮਿਲ ਸਕਦਾ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਪਿਛਲੇ ਸਮੇਂ ਵਿੱਚ ਵੱਡੇ ਫੈਸਲੇ ਲੈਣ ਤੋਂ ਨਹੀਂ ਝਿਜਕਿਆ ਹੈ। ਇਸ ਲਈ, ਹਰ ਲੜੀ ਰੋਹਿਤ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ।

ਵਨਡੇ ਕ੍ਰਿਕਟ ਵਿੱਚ ਅਜੇ ਵੀ ਸ਼ਾਨਦਾਰ ਰਿਕਾਰਡ
ਹਾਲਾਂਕਿ ਉਸਦੀ ਫਿਟਨੈੱਸ ਬਾਰੇ ਸਵਾਲ ਉਠਾਏ ਗਏ ਹਨ, ਰੋਹਿਤ ਦਾ ਵਨਡੇ ਪ੍ਰਦਰਸ਼ਨ ਅਜੇ ਵੀ ਉਸਦੇ ਲਈ ਬਹੁਤ ਕੁਝ ਬੋਲਦਾ ਹੈ। ਪਿਛਲੇ ਕੁਝ ਸਾਲਾਂ ਤੋਂ, ਉਸਨੇ ਇਸ ਫਾਰਮੈਟ ਵਿੱਚ ਲਗਾਤਾਰ ਦੌੜਾਂ ਬਣਾਈਆਂ ਹਨ ਅਤੇ ਟੀਮ ਦੇ ਸਭ ਤੋਂ ਭਰੋਸੇਮੰਦ ਬੱਲੇਬਾਜ਼ਾਂ ਵਿੱਚੋਂ ਇੱਕ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤੀ ਟੀਮ ਪ੍ਰਬੰਧਨ ਉਸਨੂੰ 2027 ਵਿਸ਼ਵ ਕੱਪ ਲਈ ਆਪਣੀਆਂ ਯੋਜਨਾਵਾਂ ਦਾ ਇੱਕ ਮੁੱਖ ਹਿੱਸਾ ਮੰਨਦਾ ਹੈ। ਉਹ ਅਫਗਾਨਿਸਤਾਨ ਵਿਰੁੱਧ ਲੜੀ ਵਿੱਚ ਚੰਗੀ ਬੱਲੇਬਾਜ਼ੀ ਕਰਕੇ ਆਪਣੇ ਆਲੋਚਕਾਂ ਦਾ ਜਵਾਬ ਵੀ ਦੇਣਾ ਚਾਹੇਗਾ।

ਅਫਗਾਨਿਸਤਾਨ ਵਿਰੁੱਧ ਭਾਰਤ ਦੀ ਵਨਡੇ ਟੀਮ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨਾ, ਪ੍ਰਿੰਸ ਯਾਦਵ, ਗੁਰਨੂਰ ਬਰਾੜ, ਹਰਸ਼ ਦੂਬੇ।


author

Tarsem Singh

Content Editor

Related News