ਸਪੇਨ ਬਣਿਆ ਓਲੰਪਿਕ ਚੈਂਪੀਅਨ, ਫਾਈਨਲ ''ਚ ਫਰਾਂਸ ਨੂੰ 5-3 ਨਾਲ ਹਰਾ ਕੇ ਗੋਲਡ ਮੈਡਲ ''ਤੇ ਕੀਤਾ ਕਬਜ਼ਾ
Saturday, Aug 10, 2024 - 02:27 AM (IST)
ਸਪੋਰਟਸ ਡੈਸਕ- ਪੈਰਿਸ ਓਲੰਪਿਕ 'ਚ ਸਪੇਨ ਨੇ ਫਰਾਂਸ ਨੂੰ ਫੁੱਟਬਾਲ ਦੇ ਫਾਈਨਲ ਮੁਕਾਬਲੇ 'ਚ 5-3 ਨਾਲ ਹਰਾ ਕੇ ਸੋਨ ਤਮਗੇ 'ਤੇ ਕਬਜ਼ਾ ਕਰ ਲਿਆ ਹੈ। ਉੱਥੇ ਹੀ ਫਰਾਂਸ ਨੂੰ ਕਾਂਸੀ ਤਮਗਾ ਪ੍ਰਾਪਤ ਹੋਇਆ ਹੈ।
ਮੈਚ ਸ਼ੁਰੂ ਹੋਣ ਦੇ 11ਵੇਂ ਮਿੰਟ 'ਚ ਫਰਾਂਸ ਦੇ ਐਂਜ਼ੋ ਮਿਲਟ ਨੇ ਪਹਿਲਾ ਗੋਲ ਕਰ ਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਹੀ 18ਵੇਂ ਮਿੰਟ 'ਚ ਲੋਪੇਜ਼ ਫਰਮਿਨ ਨੇ ਗੋਲ ਕਰ ਕੇ ਸਪੇਨ ਨੂੰ ਮੈਚ 'ਚ ਬਰਾਬਰੀ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ।
ਫ਼ਿਰ 25ਵੇਂ ਮਿੰਟ 'ਚ ਲੋਪੇਜ਼ ਫਰਮਿਨ ਨੇ ਇਕ ਵਾਰ ਫ਼ਿਰ ਤੋਂ ਗੋਲ ਕਰ ਕੇ ਟੀਮ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ। ਮੈਚ ਦੇ 28ਵੇਂ ਮਿੰਟ 'ਚ ਸਪੇਨ ਨੇ ਬਾਇਨਾ ਐਲੇਕਸ ਨੇ ਗੋਲ ਕਰ ਕੇ ਟੀਮ ਨੂੰ 3-1 ਦੀ ਬੜ੍ਹਤ ਦਿਵਾ ਦਿੱਤੀ, ਜਿਸ ਤੋਂ ਬਾਅਦ ਪਹਿਲੇ ਹਾਫ਼ ਦੇ ਖ਼ਤਮ ਹੋਣ ਤੱਕ ਕੋਈ ਟੀਮ ਹੋਰ ਗੋਲ ਨਹੀਂ ਕਰ ਸਕੀ।
ਦੂਜੇ ਹਾਫ਼ ਦੀ ਸ਼ੁਰੂਆਤ ਤੋਂ ਹੀ ਫਰਾਂਸ ਨੇ ਸਪੇਨ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ, ਜਿਸ ਦਾ ਫ਼ਾਇਦਾ ਉਨ੍ਹਾਂ ਨੂੰ ਮੈਚ ਦੇ 79ਵੇਂ ਮਿੰਟ 'ਚ ਮਿਲਿਆ, ਜਦੋਂ ਐਕਲਿਚ ਮੈਗਨੇਸ ਨੇ ਗੋਲ ਕਰ ਕੇ ਮੈਚ 'ਚ ਟੀਮ ਦੀ ਵਾਪਸੀ ਕਰਵਾਈ।
ਇਸ ਤੋਂ ਬਾਅਦ ਮੈਚ ਦੇ ਵਾਧੂ ਸਮੇਂ ਦੌਰਾਨ 93ਵੇਂ ਮਿੰਟ 'ਚ ਫਰਾਂਸ ਦੇ ਜਾਨ ਫਿਲਿਪ ਮਟੇਟਾ ਨੇ ਪਨੈਲਟੀ 'ਤੇ ਗੋਲ ਕਰ ਕੇ ਦੋਵਾਂ ਟੀਮਾਂ ਦਾ ਸਕੋਰ 3-3 ਦੀ ਬਰਾਬਰੀ 'ਤੇ ਲਿਆ ਦਿੱਤਾ।
ਇਸ ਮਗਰੋਂ ਮੈਚ ਨੂੰ ਵਾਧੂ ਸਮੇਂ ਤੱਕ ਚਲਾਇਆ ਗਿਆ, ਜਿਸ ਦੌਰਾਨ ਕੈਮੇਲੋ ਸਰਜਿਓ ਨੇ 100ਵੇਂ ਮਿੰਟ 'ਚ ਗੋਲ ਕਰ ਕੇ ਸਪੇਨ ਨੂੰ ਇਕ ਵਾਰ ਫ਼ਿਰ ਬੜ੍ਹਤ ਦਿਵਾ ਦਿੱਤੀ। ਉਸ ਨੇ 121ਵੇਂ ਮਿੰਟ 'ਚ ਇਖ ਹੋਰ ਗੋਲ ਕਰ ਕੇ ਟੀਮ ਲਈ ਗੋਲਡ ਮੈਡਲ ਪੱਕਾ ਕਰ ਦਿੱਤਾ ਤੇ ਸਪੇਨ ਨੇ ਇਹ ਫਾਈਨਲ ਮੁਕਾਬਲਾ 5-3 ਨਾਲ ਆਪਣੇ ਨਾਂ ਕਰ ਲਿਆ।
ਇਸ ਮੁਕਾਬਲੇ 'ਚ ਮਿਲੀ ਹਾਰ ਕਾਰਨ ਫਰਾਂਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਮੋਰੱਕੋ ਨੇ ਮਿਸਰ ਨੂੰ 6-0 ਨਾਲ ਹਰਾ ਕੇ ਕਾਂਸੀ ਤਮਗੇ 'ਤੇ ਕਬਜ਼ਾ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e