ਸ਼ੈਲਟਨ ਨੇ ਨੈਸ਼ਨਲ ਬੈਂਕ ਓਪਨ ਖਿਤਾਬ ਦਾ ਸਫਲਤਾਪੂਰਵਕ ਕੀਤਾ ਬਚਾਅ
Saturday, Aug 15, 2026 - 11:27 AM (IST)
ਮਾਂਟਰੀਅਲ– ਬੇਨ ਸ਼ੈਲਟਨ ਨੇ ਆਲ ਅਮਰੀਕਨ ਫਾਈਨਲ ’ਚ ਬ੍ਰੈਂਡਨ ਨਕਾਸ਼ੀਮਾ ਨੂੰ 6-3, 7-6 ਨਾਲ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਖਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ।
5ਵਾਂ ਦਰਜਾ ਪ੍ਰਾਪਤ ਸ਼ੈਲਟਨ ਦੇ ਨਾਂ ਹੁਣ ਏ. ਟੀ. ਪੀ. ਟੂਰ ’ਚ 7 ਖਿਤਾਬ ਹਨ। ਉਸ ਨੇ ਇਸ ਸਾਲ ਡਲਾਸ, ਮਿਊਨਿਕ ਤੇ ਸਟੁੱਟਗਾਰਟ ’ਚ ਵੀ ਖਿਤਾਬ ਜਿੱਤੇ ਹਨ। ਉਸ ਨੇ ਪਿਛਲੇ ਸਾਲ ਟੋਰਾਂਟੋ ’ਚ ਇਸ ਕੈਨੇਡੀਆਈ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ। ਸ਼ੈਲਟਨ ਨੇ ਪੂਰੇ ਟੂਰਨਾਮੈਂਟ ’ਚ ਇਕ ਵੀ ਸੈੱਟ ਨਹੀਂ ਗੁਆਇਆ।
2019 ’ਚ ਰਾਫੇਲ ਨਡਾਲ ਤੋਂ ਬਾਅਦ ਕੈਨੇਡਾ ’ਚ ਖਿਤਾਬ ਦਾ ਸਫਲਤਾਪੂਰਵਕ ਬਚਾਅ ਕਰਨ ਵਾਲੇ ਪਹਿਲੇ ਖਿਡਾਰੀ ਬਣੇ 23 ਸਾਲਾ ਖੱਬੇ ਹੱਥ ਦੇ ਇਸ ਖਿਡਾਰੀ ਦੇ ਵਿਸ਼ਵ ਰੈਂਕਿੰਗ ’ਚ 6ਵੇਂ ਸਥਾਨ ’ਤੇ ਪਹੁੰਚਣ ਦੀ ਉਮੀਦ ਹੈ।
ਸ਼ੈਲਟਨ ਨੇ ਪੂਰੇ ਮੁਕਾਬਲੇ ’ਚ 142 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਰਵਿਸ ਕੀਤੀ ਤੇ 1 ਘੰਟਾ 27 ਮਿੰਟ ਤੱਕ ਚੱਲੇ ਮੁਕਾਬਲੇ ’ਚ ਨਕਾਸ਼ੀਮਾ ਨੂੰ ਇਕ ਵੀ ਬ੍ਰੇਕ ਪੁਆਇੰਟ ਹਾਸਲ ਨਹੀਂ ਕਰਨ ਦਿੱਤਾ।
