ਸੈਫ ਅੰਡਰ-17 ਚੈਂਪੀਅਨਸ਼ਿਪ : ਭਾਰਤ ਨੇ ਪਾਕਿਸਤਾਨ ਨੂੰ 3-2 ਨਾਲ ਹਰਾਇਆ

Tuesday, Sep 23, 2025 - 10:54 AM (IST)

ਸੈਫ ਅੰਡਰ-17 ਚੈਂਪੀਅਨਸ਼ਿਪ : ਭਾਰਤ ਨੇ ਪਾਕਿਸਤਾਨ ਨੂੰ 3-2 ਨਾਲ ਹਰਾਇਆ

ਕੋਲੰਬੋ– ਭਾਰਤ ਨੇ ਸੈਫ ਅੰਡਰ-17 ਫੁੱਟਬਾਲ ਚੈਂਪੀਅਨਸ਼ਿਪ ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਸੋਮਵਾਰ ਨੂੰ ਇੱਥੇ 3-2 ਨਾਲ ਹਰਾ ਦਿੱਤਾ। ਮੈਚ ਦੌਰਾਨ ਪਾਕਿਸਤਾਨ ਦੇ ਮੁਹੰਮਦ ਅਬਦੁੱਲਾ ਦਾ ਵਿਵਾਦਪੂਰਨ ਜਸ਼ਨ ਚਰਚਾ ਦਾ ਵਿਸ਼ਾ ਬਣ ਗਿਆ। ਦੋਵਾਂ ਟੀਮਾਂ ਦੇ ਕੁਆਲੀਫਾਈ ਕਰਨ ਤੋਂ ਬਾਅਦ ਇਹ ਮੁਕਾਬਲਾ ਰਸਮੀ ਹੋ ਗਿਆ ਸੀ।

ਭਾਰਤ ਨੇ ਮੈਚ ਦੇ 31ਵੇਂ ਮਿੰਟ ਵਿਚ ਡਲਲਾਲਮੁਓਨ ਗਾਂਗਟੇ ਦੇ ਗੋਲ ਨਾਲ ਬੜ੍ਹਤ ਬਣਾ ਲਈ ਸੀ। ਪਾਕਿਸਤਾਨ ਨੇ 43ਵੇਂ ਮਿੰਟ ਵਿਚ ਅਬਦੁੱਲ੍ਹਾ ਵੱਲੋਂ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਬਰਾਬਰੀ ਕੀਤੀ। ਗੋਲ ਕਰਨ ਤੋਂ ਬਾਅਦ ਉਹ ਆਪਣੇ ਸਾਥੀਆਂ ਦੇ ਨਾਲ ਇਕ ਅਨੋਖਾ ਜਸ਼ਨ ਵਿਚ ਚਾਹ ਪੀਣ ਦੀ ਨਕਲ ਕਰਨ ਲੱਗਾ। ਉਸਦਾ ਇਹ ਜਸ਼ਨ ਹਾਲਾਂਕਿ ਪਾਕਿਸਤਾਨ ਲਈ ਵੀ ਭਾਰੀ ਪੈ ਗਿਆ ਕਿਉਂਕਿ ਭਾਰਤ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਆਪਣੀ ਸ੍ਰੇਸ਼ਠਤਾ ਸਾਬਤ ਕਰ ਦਿੱਤੀ। 

ਗੁਨਲੇਈਬਾ ਵਾਂਗਖੇਈਰਾਮਕਪਮ ਨੇ 63ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਫਿਰ ਤੋਂ ਬੜ੍ਹਤ ਦਿਵਾ ਦਿੱਤੀ ਪਰ ਇਸ ਦੇ 7 ਮਿੰਟ ਬਾਅਦ ਹੀ ਹਮਜ਼ਾ ਯਾਸਿਰ ਨੇ ਪਾਕਿਸਤਾਨ ਲਈ ਬਰਾਬਰੀ ਦਾ ਗੋਲ ਕਰ ਦਿੱਤਾ। ਰਹਾਮ ਅਹਿਮਦ ਨੇ 73ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ 3-2 ਨਾਲ ਅੱਗੇ ਕਰ ਦਿੱਤਾ ਜਿਹੜਾ ਫੈਸਲਾਕੁੰਨ ਸਾਬਤ ਹੋਇਆ। ਭਾਰਤ ਨੇ ਇਸ ਤੋਂ ਬਾਅਦ ਡਿਫੈਂਸ ਨੂੰ ਮਜ਼ਬੂਤ ਕਰ ਕੇ ਪਾਕਿਸਤਾਨ ਨੂੰ ਬਰਾਬਰੀ ਕਰਨ ਦਾ ਮੌਕਾ ਨਹੀਂ ਦਿੱਤਾ। ਅਬਦੁੱਲ੍ਹਾ ਦਾ ਇਹ ਵਿਵਾਦਪੂਰਨ ਜਸ਼ਨ ਪਾਕਿਸਤਾਨ ਦੇ ਕ੍ਰਿਕਟਰਾਂ ਹੈਰਿਸ ਰਾਊਫ ਤੇ ਸਾਹਿਬਜ਼ਾਦਾ ਫਰਹਾਨ ਵੱਲੋਂ ਐਤਵਾਰ ਨੂੰ ਦੁਬਈ ਵਿਚ ਭਾਰਤ ਵਿਰੁੱਧ ਏਸ਼ੀਆ ਕੱਪ ਸੁਪਰ-4 ਮੈਚ ਦੌਰਾਨ ਕੀਤੇ ਗਏ ਉਕਸਾਉਣ ਵਾਲੇ ਇਸ਼ਾਰੇ ਤੋਂ ਠੀਕ ਇਕ ਦਿਨ ਬਾਅਦ ਆਇਅਾ। ਭਾਰਤ ਨੇ ਏਸ਼ੀਆ ਕੱਪ ਦਾ ਉਹ ਮੈਚ 6 ਵਿਕਟਾਂ ਨਾਲ ਜਿੱਤਿਆ ਸੀ, ਜਿਸ ਤੋਂ ਬਾਅਦ ਭਾਰਤ ਦੀ ਨੌਜਵਾਨ ਫੁੱਟਬਾਲ ਟੀਮ ਨੇ ਸ਼੍ਰੀਲੰਕਾ ਦੀ ਰਾਜਧਾਨੀ ਵਿਚ ਰੇਸਕੋਰਸ ਇੰਟਰਨੈਸ਼ਨਲ ਸਟੇਡੀਅਮ ਵਿਚ ਪਾਕਿਸਤਾਨ ਨੂੰ ਹਰਾ ਦਿੱਤਾ।


author

Tarsem Singh

Content Editor

Related News