ਅੱਜ ਹੀ ਦੇ ਦਿਨ 16 ਸਾਲ ਦੀ ਉਮਰ 'ਚ ਸਚਿਨ ਨੇ ਕ੍ਰਿਕਟ ਦੀ ਦੁਨੀਆ 'ਚ ਰੱਖਿਆ ਸੀ ਪਹਿਲਾ ਕਦਮ

11/15/2019 4:57:22 PM

ਸਪੋਰਸਟ ਡੈਸਕ— ਟੀਮ ਇੰਡੀਆ ਦੇ ਦਿੱਗਜ ਕ੍ਰਿਕਟਰਾਂ 'ਚੋਂ ਇਕ ਸਚਿਨ ਤੇਂਦੁਲਕਰ ਨੇ ਕ੍ਰਿਕਟ ਇਤਿਹਾਸ 'ਚ ਕਈ ਵੱਡੇ ਮੁਕਾਮ ਹਾਸਲ ਕੀਤੇ ਅਤੇ ਕਈ ਨੌਜਵਾਨ ਖਿਡਾਰੀਆਂ ਲਈ ਇਕ ਰੋਲ ਮਾਡਲ ਵੀ ਬਣੇ। ਕ੍ਰਿਕਟ ਦੀ ਦੁਨੀਆ 'ਚ ਭਗਵਾਨ ਦੇ ਨਾਂ ਨਾਲ ਮਸ਼ਹੂਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਭਾਰਤੀ ਕ੍ਰਿਕਟ ਦੇ ਇਤਿਹਾਸ 'ਚ 15 ਨਵੰਬਰ ਦਾ ਦਿਨ ਬੇਹੱਦ ਖਾਸ ਹੈ। ਭਾਰਤੀ ਕ੍ਰਿਕਟ ਨੂੰ ਅੱਜ ਹੀ ਦੇ ਦਿਨ ਸਚਿਨ ਤੇਂਦੁਲਕਰ ਨਾਂ ਦਾ ਮਹਾਨ ਬੱਲੇਬਾਜ਼ ਮਿਲਿਆ ਸੀ, ਜਿਨ੍ਹੇ ਆਪਣੀ ਬੱਲੇਬਾਜ਼ੀ ਨਾਲ ਭਾਰਤੀ ਕ੍ਰਿਕਟ ਦੀ ਦਿਸ਼ਾ ਅਤੇ ਹਾਲਤ ਦੋਵੇਂ ਬਦਲਣ ਦਾ ਕੰਮ ਕੀਤਾ। ਦਰਅਸਲ ਅੱਜ ਹੀ ਦੇ ਦਿਨ ਸਚਿਨ ਨੇ ਕ੍ਰਿਕਟ ਦੇ ਮੈਦਾਨ 'ਤੇ ਆਪਣਾ ਪਹਿਲਾ ਕਦਮ ਰੱਖਿਆ ਸੀ। ਹਾਲਾਂਕਿ ਸਚਿਨ ਇਸ ਮੈਚ 'ਚ ਕੁਝ ਖਾਸ ਦੌੜਾਂ ਨਹੀਂ ਬਣਾ ਸਕੇ ਸਨ ਪਰ ਇਹ ਟੈਸਟ ਮੈਚ ਉਨ੍ਹਾਂ ਦਾ ਡੈਬਿਊ ਮੈਚ ਸੀ।

ਅੱਜ ਦੇ ਹੀ ਦਿਨ ਕ੍ਰਿਕਟ ਦੀ ਦੁਨੀਆ 'ਚ ਰੱਖਿਆ ਸੀ ਕਦਮ
15 ਨਵੰਬਰ 1989 ਦੇ ਦਿਨ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਆਪਣੇ ਕਰੀਅਰ ਦਾ ਆਗਾਜ਼ ਕੀਤਾ ਸੀ ਅਤੇ ਕਰੀਬ 24 ਸਾਲਾਂ ਤੱਕ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਸਚਿਨ ਤੇਂਦੁਲਕਰ ਨੇ ਪੂਰੀ ਦੁਨੀਆ 'ਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ। ਮੁੰਬਈ ਦੇ ਰਹਿਣ ਵਾਲੇ 5 ਫੁੱਟ 5 ਇੰਚ ਦੇ ਬੱਲੇਬਾਜ਼ ਸਚਿਨ ਰਮੇਸ਼ ਤੇਂਦੁਲਕਰ ਨੂੰ ਵੇਖ ਕੇ ਸ਼ਾਇਦ ਹੀ ਕਿਸੇ ਨੇ ਇਸ ਗੱਲ ਦਾ ਅੰਦਾਜ਼ਾ ਲਾਇਆ ਹੋਣਾ ਹੈ ਕਿ ਕਿ ਆਉਣ ਵਾਲੇ ਸਮੇਂ 'ਚ ਉਹ ਕੀਰਤੀਮਨਾਂ ਦੇ ਇਨ੍ਹੇ ਪਹਾੜ ਚੱੜ੍ਹ ਜਾਣਗੇ।

16 ਸਾਲ ਦੀ ਉਮਰ 'ਚ ਖੇਡਿਆ ਸੀ ਪਹਿਲਾ ਟੈਸਟ ਮੈਚ
ਆਪਣੇ ਕਰੀਅਰ 'ਚ 200 ਟੈਸਟ ਮੈਚ ਖੇਡਣ ਵਾਲੇ ਸਚਿਨ ਤੇਂਦੁਲਕਰ ਨੇ 16 ਸਾਲ ਦੀ ਉਮਰ 'ਚ 30 ਸਾਲ ਪਹਿਲਾਂ ਅੱਜ ਦੇ ਦਿਨ ਪਾਕਿਸਤਾਨ ਖਿਲਾਫ ਕਰਾਚੀ ਦੇ ਨੈਸ਼ਨਲ ਸਟੇਡੀਅਮ 'ਚ ਆਪਣਾ ਟੈਸਟ ਡੈਬਿਊ ਕੀਤਾ ਸੀ ਅਤੇ ਭਾਰਤ ਲਈ ਡੈਬਿਊ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣੇ ਸਨ। ਵਕਾਰ ਯੂਨਿਸ ਦੇ ਸਾਹਮਣੇ ਉਨ੍ਹਾਂ ਨੇ ਬੱਲੇਬਾਜ਼ੀ ਕੀਤੀ। ਵਕਾਰ ਦਾ ਵੀ ਇਹ ਪਹਿਲਾ ਮੈਚ ਸੀ। ਵਕਾਰ ਯੂਨਿਸ ਨੇ ਸਚਿਨ ਨੂੰ ਜਦੋਂ ਯਾਦ ਦਿਵਾਈ ਕਿ ਕਿਵੇਂ ਉਨ੍ਹਾਂ ਨੇ 29 ਸਾਲ ਪਹਿਲਾਂ ਇਕੱਠੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਇਸ 'ਤੇ ਸਚਿਨ ਨੇ ਕਿਹਾ ਕਿ ਹਾਂ, ਸਮਾਂ ਭਲੇ ਹੀ ਤੇਜ਼ੀ ਨਾਲ ਨਿਕਲ ਗਿਆ ਹੋਵੇ, ਪਰ ਤੂੰ ਕਦੇ ਹੌਲੀ ਨਹੀਂ ਪਿਆ ਵਕਾਰ!

ਡੈਬਿਊ ਮੈਚ 'ਚ 15 ਦੌੜਾਂ ਹੀ ਬਣਾ ਸਕੇ ਸਨ ਸਚਿਨ
ਸਚਿਨ ਨੇ ਪਾਕਿਸਤਾਨ ਖਿਲਾਫ ਕ੍ਰਿਸ਼ਣਮਾਚਾਰੀ ਸ਼੍ਰੀਕਾਂਤ ਦੀ ਕਪਤਾਨੀ 'ਚ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸਨ। ਪਾਕਿਸਤਾਨ ਦੀ ਪਹਿਲੀ ਪਾਰੀ 'ਚ 409 ਦੌੜਾਂ ਦੇ ਜਵਾਬ 'ਚ ਭਾਰਤੀ ਟੀਮ 41 ਦੌੜਾਂ 'ਤੇ 4 ਵਿਕਟਾਂ ਗੁਆ ਚੁੱਕੀ ਸੀ। ਤੇਂਦੁਲਕਰ ਨੇ 24 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਵਕਾਰ ਯੂਨਿਸ ਦੇ ਓਵਰ 'ਚ ਦੋ ਚੌਕੇ ਲਗਾ ਕੇ 15 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਵਕਾਰ ਯੂਨਿਸ ਨੇ ਉਨ੍ਹਾਂ ਨੂੰ ਬੋਲਡ ਕਰ ਦਿੱਤਾ ਸੀ। ਬੱਲੇਬਾਜ਼ੀ ਦੇ ਨਾਲ ਹੀ ਸਚਿਨ ਨੇ ਆਪਣੇ ਪਹਿਲੇ ਮੈਚ 'ਚ ਇਕ ਓਵਰ ਗੇਂਦਬਾਜ਼ੀ ਵੀ ਕੀਤੀ ਅਤੇ ਉਸ 'ਚ 10 ਦੌੜਾਂ ਦਿੱਤੀਆਂ।
15 ਨਵੰਬਰ ਨੂੰ ਹੀ ਕ੍ਰਿਕਟ ਨੂੰ ਕਿਹਾ ਅਲਵਿਦਾ
16 ਸਾਲ ਦੀ ਉਮਰ 'ਚ ਡੈਬਿਊ ਕਰਨ ਵਾਲੇ ਸਚਿਨ ਤੇਂਦੁਲਕਰ ਨੇ ਆਪਣੇ ਕਰੀਅਰ ਦੀ ਆਖਰੀ ਪਾਰੀ ਵੀ 15 ਨਵੰਬਰ ਨੂੰ ਹੀ ਖੇਡੀ ਸੀ। 2013 'ਚ ਵੈਸਟਇੰਡੀਜ਼ ਖਿਲਾਫ ਆਪਣੇ ਆਖਰੀ ਮੈਚ 'ਚ ਸਚਿਨ ਤੇਂਦੁਲਕਰ ਨੇ 74 ਦੌੜਾਂ ਦੀ ਪਾਰੀ ਖੇਡੀ ਸੀ। ਆਪਣੇ ਟੈਸਟ ਕਰੀਅਰ ਦੇ ਦੌਰਾਨ ਸਚਿਨ ਤੇਂਦੁਲਕਰ ਨੇ 53.78 ਦੀ ਔਸਤ ਨਾਲ 15921 ਦੌੜਾਂ ਬਣਾਈਆਂ ।ਇਸ ਦੌਰਾਨ ਉਨ੍ਹਾਂ ਨੇ 51 ਟੈਸਟ ਸੈਂਕੜੇ ਅਤੇ 68 ਅਰਧ ਸੈਂਕੜੇ ਲਾਏ।