ਦੌੜਾਕਾਂ ਨੂੰ ਨਵੇਂ ਨਿਯਮਾਂ ਤਹਿਤ ਰੇਪਚੇਜ ਦੌਰ ਰਾਹੀਂ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦਾ ਮਿਲੇਗਾ ਮੌਕਾ
Thursday, Aug 01, 2024 - 10:13 AM (IST)
ਸੇਂਟ-ਡੇਨਿਸ (ਫਰਾਂਸ)– ਓਲੰਪਿਕ ਟ੍ਰੈਕ ਪ੍ਰਤੀਯੋਗਿਤਾ ਵਿਚ ਇਕ ਨਵੇਂ ਨਿਯਮ ਕਾਰਨ ਅੜਿੱਕਾ ਤੇ ਫਰਾਟਾ ਦੌੜਾਕਾਂ ਨੂੰ ਸ਼ੁਰੂਆਤੀ ਗੇੜ ਵਿਚ ਪਿਛੜਨ ਤੋਂ ਬਾਅਦ ਵੀ ਰੇਪਚੇਜ ਦੌਰ ਰਾਹੀਂ ਇਨ੍ਹਾਂ ਖੇਡਾਂ ਵਿਚ ਅਗਲੇ ਦੌਰ ਵਿਚ ਅੱਗੇ ਵਧਣ ਤੇ ਓਲੰਪਿਕ ਤਮਗਾ ਜਿੱਤਣ ਦਾ ਇਕ ਹੋਰ ਮੌਕਾ ਮਿਲੇਗਾ। ਓਲੰਪਿਕ ਵਿਚ ਹਿੱਸਾ ਲੈ ਰਹੇ ਕਈ ਖਿਡਾਰੀਆਂ ਲਈ ਹਾਲਾਂਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਉਨ੍ਹਾਂ ਨੂੰ ਰੇਪਚੇਜ ਦੌਰ ਵਿਚੋਂ ਲੰਘਣਾ ਪਵੇਗਾ। ਜ਼ਿਆਦਾਤਰ ਖਿਡਾਰੀ ਇਸਦਾ ਹਿੱਸਾ ਹੋਣ ਤੋਂ ਬਚਦੇ ਹੋਏ ਆਪਣੀ ਹੀਟ ਵਿਚ ਚੋਟੀ ’ਤੇ ਰਹਿ ਕੇ ਕੁਆਲੀਫਾਈ ਕਰਨਾ ਚਾਹੁਣਗੇ। ਕਈ ਖਿਡਾਰੀਆਂ ਨੇ ਐਥਲੈਟਿਕਸ ਵਿਚ ਇਸ ਦੇ ਬਾਰੇ ਵਿਚ ਕਦੇ ਨਹੀਂ ਸੁਣਿਆ ਹੈ ਤਾਂ ਉੱਥੇ ਹੀ, ਕੁਝ ਅਜਿਹੇ ਵੀ ਖਿਡਾਰੀ ਹਨ, ਜਿਹੜੇ ਸਹੀ ਤਰ੍ਹਾਂ ਨਾਲ ਇਸਦਾ ਉਚਾਰਨ ਨਹੀਂ ਕਰ ਪਾ ਰਹੇ।
ਅਮਰੀਕੀ ਓਲੰਪਿਕ ਟ੍ਰਾਇਲਾਂ ਵਿਚ 100 ਮੀਟਰ ਅੜਿੱਕਾ ਦੌੜ ਚੈਂਪੀਅਨ ਮਸਾਈ ਰਸੇਲ ਨੇ ਕਿਹਾ, ‘‘ਇਹ ਇਕ ਤਰ੍ਹਾਂ ਦੂਜੇ ਮੌਕੇ ਵਰਗਾ ਹੈ। ਤੁਸੀਂ ਜੇਕਰ ਪਹਿਲੀ ਕੋਸ਼ਿਸ਼ ਵਿਚ ਸਫਲਤਾ ਹਾਸਲ ਨਹੀਂ ਕਰ ਸਕੇ ਤਾਂ ਤੁਹਾਡੇ ਕੋਲ ਇਕ ਹੋਰ ਮੌਕਾ ਹੋਵੇਗਾ। ਇਹ ਅਸਲ ਵਿਚ ਚੰਗਾ ਹੈ ਕਿਉਂਕਿ ਰੇਸ ਵਿਚ ਕੁਝ ਵੀ ਹੋ ਸਕਦਾ ਹੈ।’’ ਰੇਪਚੇਜ ਦਾ ਇਸਤੇਮਾਲ ਕਿਸ਼ਤੀ ਚਲਾਉਣਾ, ਕੁਸ਼ਤੀ ਤੇ ਮਾਰਸ਼ਲ ਆਰਟ ਵਿਚ ਹੁੰਦਾ ਰਿਹਾ ਹੈ ਪਰ ਹੁਣ ਇਸਦਾ ਇਸਤੇਮਾਲ ਟ੍ਰੈਕ ਪ੍ਰਤੀਯੋਗਿਤਾਵਾਂ ਵਿਚ ਵੀ ਹੋਵੇਗਾ। ਰੇਪਚੇਜ ਇਕ ਫਰਾਂਸੀਸੀ ਸ਼ਬਦ ’ਤੇ ਆਧਾਰਿਤ ਹੈ, ਜਿਸਦਾ ਅਰਥ ਹੈ ‘ਦੂਜਾ ਮੌਕਾ’।
ਇਸ ਤੋਂ ਪਹਿਲਾਂ ਆਪਣੀ-ਆਪਣੀ ਹੀਟ ਵਿਚ ਚੋਟੀ ’ਤੇ ਰਹਿਣ ਤੋਂ ਇਲਾਵਾ ਉਨ੍ਹਾਂ ਚੋਣਵੇਂ ਦੌੜਾਕਾਂ ਨੂੰ ਅਗਲੇ ਦੌਰ ਵਿਚ ਕੁਆਲੀਫਾਈ ਕਰਨ ਦਾ ਮੌਕਾ ਮਿਲਦਾ ਸੀ ਜਿਹੜੇ ਹੀਟ ਜੇਤੂਆਂ ਤੋਂ ਇਲਾਵਾ ਸਭ ਤੋਂ ਘੱਟ ਸਮੇਂ ਵਿਚ ਰੇਸ ਪੂਰੀ ਕਰਦੇ ਸਨ। ਇਸ ਵਿਚ ਕੁਝ ਹੀਟ ਵਿਚ ਦੂਜੇ ਸਥਾਨ ’ਤੇ ਰਹਿਣ ਵਾਲੇ ਦੌੜਾਕ ਅੱਗੇ ਵਧਣ ਤੋਂ ਖੁੰਝ ਜਾਂਦੇ ਸਨ। ਹੁਣ ਨਿਯਮਾਂ ਵਿਚ ਬਦਲਾਅ ਤੋਂ ਬਾਅਦ ਹਰ ਹੀਟ ਵਿਚ ਦੂਜੇ ਸਥਾਨ ’ਤੇ ਰਹਿਣ ਵਾਲੇ ਦੌੜਾਕ ਰੇਪਚੇਜ ਦੌਰ ਰਾਹੀਂ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹਿਣਗੇ।