ਵੈਭਵ ਸੂਰਿਆਵੰਸ਼ੀ ਨੇ 36 ਗੇਂਦਾਂ ''ਚ ਜੜਿਆ ਸੈਂਕੜਾ, RR ਨੇ SRH ਨੂੰ ਦਿੱਤਾ 229 ਦੌੜਾਂ ਦਾ ਟੀਚਾ

Saturday, Apr 25, 2026 - 09:40 PM (IST)

ਵੈਭਵ ਸੂਰਿਆਵੰਸ਼ੀ ਨੇ 36 ਗੇਂਦਾਂ ''ਚ ਜੜਿਆ ਸੈਂਕੜਾ, RR ਨੇ SRH ਨੂੰ ਦਿੱਤਾ 229 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਆਈਪੀਐਲ 2026 ਦੇ 36ਵੇਂ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਆਪਣੇ ਬੱਲੇ ਨਾਲ ਅਜਿਹਾ ਕਹਿਰ ਮਚਾਇਆ ਕਿ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ ਬੇਵੱਸ ਨਜ਼ਰ ਆਏ। ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਰਾਜਸਥਾਨ ਨੇ ਵੈਭਵ ਦੇ ਇਤਿਹਾਸਕ ਸੈਂਕੜੇ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿੱਚ ਹੈਦਰਾਬਾਦ ਸਾਹਮਣੇ 229 ਦੌੜਾਂ ਦਾ ਵੱਡਾ ਟੀਚਾ ਰੱਖਿਆ ਹੈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਦੀ ਸ਼ੁਰੂਆਤ ਬਹੁਤ ਹੀ ਤੂਫ਼ਾਨੀ ਰਹੀ। ਵੈਭਵ ਸੂਰਿਆਵੰਸ਼ੀ ਨੇ ਪਹਿਲੇ ਹੀ ਓਵਰ ਵਿੱਚ 4 ਛੱਕੇ ਲਗਾ ਕੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਸਨ। ਉਨ੍ਹਾਂ ਨੇ ਮਹਿਜ਼ 15 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਫਿਰ ਰੁਕਣ ਦਾ ਨਾਮ ਨਹੀਂ ਲਿਆ। ਵੈਭਵ ਨੇ ਸਿਰਫ਼ 36 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕਰਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਆਪਣੀ 103 ਦੌੜਾਂ ਦੀ ਪਾਰੀ ਦੌਰਾਨ ਕੁੱਲ 12 ਛੱਕੇ ਅਤੇ 5 ਚੌਕੇ ਜੜੇ।

ਵੈਭਵ ਤੋਂ ਇਲਾਵਾ ਧਰੁਵ ਜੁਰੇਲ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਅਰਧ ਸੈਂਕੜਾ ਜੜਦਿਆਂ ਵੈਭਵ ਨਾਲ ਮਿਲ ਕੇ ਸੈਂਕੜੇ ਦੀ ਸਾਂਝੇਦਾਰੀ ਨਿਭਾਈ। ਰਾਜਸਥਾਨ ਦੇ ਹੋਰ ਬੱਲੇਬਾਜ਼ਾਂ ਵਿੱਚ ਡੋਨੋਵਨ ਫਰੇਰਾ ਨੇ 33 ਦੌੜਾਂ ਅਤੇ ਸ਼ਿਮਰੋਨ ਹੇਟਮਾਇਰ ਨੇ 11 ਦੌੜਾਂ ਦਾ ਯੋਗਦਾਨ ਪਾਇਆ। ਟੀਮ ਦੇ ਕਪਤਾਨ ਰਿਆਨ ਪਰਾਗ ਇਸ ਮੈਚ ਵਿੱਚ ਕੁਝ ਖਾਸ ਨਹੀਂ ਕਰ ਸਕੇ ਅਤੇ ਸਿਰਫ਼ 7 ਦੌੜਾਂ ਬਣਾ ਕੇ ਆਊਟ ਹੋ ਗਏ।

ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਪਰ ਰਾਜਸਥਾਨ ਦੇ ਬੱਲੇਬਾਜ਼ਾਂ ਨੇ ਉਨ੍ਹਾਂ ਦੇ ਇਸ ਫੈਸਲੇ ਨੂੰ ਗਲਤ ਸਾਬਿਤ ਕਰ ਦਿੱਤਾ। ਹੈਦਰਾਬਾਦ ਵੱਲੋਂ ਸਾਕਿਬ ਹੁਸੈਨ ਨੇ ਵੈਭਵ ਸੂਰਿਆਵੰਸ਼ੀ ਦੀ ਅਹਿਮ ਵਿਕਟ ਲਈ। ਇਸ ਤੋਂ ਇਲਾਵਾ ਕਪਤਾਨ ਪੈਟ ਕਮਿੰਸ, ਈਸ਼ਾਨ ਮਲਿੰਗਾ ਅਤੇ ਪ੍ਰਫੁੱਲ ਹਿੰਗੇ ਨੇ ਵੀ ਇੱਕ-ਇੱਕ ਵਿਕਟ ਹਾਸਲ ਕੀਤੀ।


author

Rakesh

Content Editor

Related News