IPL 2026 ਦੇ ਫਾਈਨਲ ''ਚ ਪੁੱਜੀ RCB, ਪਹਿਲੇ ਕੁਆਲੀਫਾਇਰ ਮੁਕਾਬਲੇ ਗੁਜਰਾਤ ਨੂੰ ਦਿੱਤੀ ਕਰਾਰੀ ਮਾਤ

Wednesday, May 27, 2026 - 12:08 AM (IST)

IPL 2026 ਦੇ ਫਾਈਨਲ ''ਚ ਪੁੱਜੀ RCB, ਪਹਿਲੇ ਕੁਆਲੀਫਾਇਰ ਮੁਕਾਬਲੇ ਗੁਜਰਾਤ ਨੂੰ ਦਿੱਤੀ ਕਰਾਰੀ ਮਾਤ

ਸਪੋਰਟਸ ਡੈਸਕ- ਧਰਮਸ਼ਾਲਾ ਦੇ ਐਚ.ਪੀ.ਸੀ.ਏ. ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2026 ਦੇ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਰੌਇਲ ਚੈਲੇਂਜਰਜ਼ ਬੈਂਗਲੁਰੂ ਨੇ ਗੁਜਰਾਤ ਟਾਈਟਨਜ਼ ਨੂੰ 92 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਰਜਤ ਪਾਟੀਦਾਰ ਦੀ ਤੂਫਾਨੀ ਬੱਲੇਬਾਜ਼ੀ ਸਦਕਾ ਬੈਂਗਲੁਰੂ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪ੍ਰਵੇਸ਼ ਕਰਨ ਵਿੱਚ ਸਫਲ ਰਹੀ ਹੈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 254 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜੋ ਕਿ ਆਈਪੀਐਲ ਪਲੇਅ-ਆਫ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਬੈਂਗਲੁਰੂ ਲਈ ਰਜਤ ਪਾਟੀਦਾਰ ਨੇ ਮਹਿਜ਼ 33 ਗੇਂਦਾਂ ਵਿੱਚ 9 ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ ਨਾਬਾਦ 93 ਦੌੜਾਂ ਦੀ ਬੇਮਿਸਾਲ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ (43), ਕਰੁਣਾਲ ਪੰਡਯਾ (43) ਅਤੇ ਦੇਵਦੱਤ ਪਡਿੱਕਲ (30) ਨੇ ਵੀ ਅਹਿਮ ਯੋਗਦਾਨ ਪਾਇਆ। ਅੰਤ ਵਿੱਚ ਜਿਤੇਸ਼ ਸ਼ਰਮਾ ਨੇ ਸਿਰਫ਼ 5 ਗੇਂਦਾਂ ਵਿੱਚ 15 ਦੌੜਾਂ ਬਣਾ ਕੇ ਸਕੋਰ ਨੂੰ 250 ਦੇ ਪਾਰ ਪਹੁੰਚਾਇਆ।

255 ਦੌੜਾਂ ਦੇ ਪਹਾੜ ਜਿਹੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਜ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਟੀਮ ਨੇ 51 ਦੌੜਾਂ ਤੱਕ ਆਪਣੇ 5 ਅਹਿਮ ਵਿਕਟ ਗੁਆ ਦਿੱਤੇ ਸਨ। ਕਪਤਾਨ ਸ਼ੁਭਮਨ ਗਿੱਲ (2) ਅਤੇ ਸਾਈ ਸੁਦਰਸ਼ਨ (14) ਸਸਤੇ ਵਿੱਚ ਆਊਟ ਹੋ ਗਏ। ਰਾਹੁਲ ਤੇਵਤੀਆ ਨੇ ਇੱਕ ਪਾਸੇ ਤੋਂ ਸੰਘਰਸ਼ ਕਰਦਿਆਂ 68 ਦੌੜਾਂ ਦੀ ਪਾਰੀ ਖੇਡੀ, ਪਰ ਦੂਜੇ ਪਾਸੇ ਤੋਂ ਸਾਥ ਨਾ ਮਿਲਣ ਕਾਰਨ ਪੂਰੀ ਟੀਮ 19.3 ਓਵਰਾਂ ਵਿੱਚ 162 ਦੌੜਾਂ 'ਤੇ ਹੀ ਸਿਮਟ ਗਈ। 

ਇਸ ਹਾਰ ਦੇ ਬਾਵਜੂਦ ਗੁਜਰਾਤ ਟਾਈਟਨਜ਼ ਟੂਰਨਾਮੈਂਟ ਤੋਂ ਬਾਹਰ ਨਹੀਂ ਹੋਈ ਹੈ। ਹੁਣ ਗੁਜਰਾਤ ਦੀ ਟੀਮ 29 ਮਈ ਨੂੰ ਮੁੱਲਾਂਪੁਰ ਵਿੱਚ ਕੁਆਲੀਫਾਇਰ-2 ਖੇਡੇਗੀ, ਜਿੱਥੇ ਉਨ੍ਹਾਂ ਦਾ ਸਾਹਮਣਾ ਐਲੀਮੀਨੇਟਰ (ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਰਾਜਸਥਾਨ ਰੌਇਲਜ਼) ਦੇ ਜੇਤੂ ਨਾਲ ਹੋਵੇਗਾ। 


author

Rakesh

Content Editor

Related News