ਰਵਿੰਦਰ ਜਡੇਜਾ ਨੇ ਤੋੜਿਆ ਮਲਿੰਗਾ ਦਾ ਵੱਡਾ ਰਿਕਾਰਡ, IPL ''ਚ ਅਜਿਹਾ ਕਰਨ ਵਾਲੇ ਬਣੇ 9ਵੇਂ ਖਿਡਾਰੀ

Tuesday, Mar 31, 2026 - 05:55 PM (IST)

ਰਵਿੰਦਰ ਜਡੇਜਾ ਨੇ ਤੋੜਿਆ ਮਲਿੰਗਾ ਦਾ ਵੱਡਾ ਰਿਕਾਰਡ, IPL ''ਚ ਅਜਿਹਾ ਕਰਨ ਵਾਲੇ ਬਣੇ 9ਵੇਂ ਖਿਡਾਰੀ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦੇ ਇੱਕ ਅਹਿਮ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ (RR) ਨੇ 5 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਗੁਵਾਹਾਟੀ ਵਿੱਚ ਖੇਡੇ ਗਏ ਇਸ ਮੈਚ ਵਿੱਚ ਰਾਜਸਥਾਨ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਆਪਣੀ ਪੁਰਾਣੀ ਟੀਮ ਵਿਰੁੱਧ ਖੇਡਦਿਆਂ ਇੱਕ ਵੱਡਾ ਇਤਿਹਾਸਕ ਮੁਕਾਮ ਹਾਸਲ ਕੀਤਾ ਹੈ।

ਰਵਿੰਦਰ ਜਡੇਜਾ ਹੁਣ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ 9ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਦਿੱਗਜ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ (170 ਵਿਕਟਾਂ) ਨੂੰ ਪਿੱਛੇ ਛੱਡ ਦਿੱਤਾ ਹੈ। ਜਡੇਜਾ ਦੇ ਨਾਮ ਹੁਣ 255 ਮੈਚਾਂ ਵਿੱਚ 172 ਵਿਕਟਾਂ ਦਰਜ ਹਨ। ਇਸ ਮੈਚ ਵਿੱਚ ਉਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸ਼ਿਵਮ ਦੂਬੇ ਅਤੇ ਸਰਫਰਾਜ਼ ਖਾਨ ਦੇ ਅਹਿਮ ਵਿਕਟ ਝਟਕਾਏ।

ਚੇਨਈ ਦੀ ਬੱਲੇਬਾਜ਼ੀ ਰਹੀ ਫਲਾਪ ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਬਿਲਕੁਲ ਸਹੀ ਸਾਬਤ ਹੋਇਆ। ਜੋਫਰਾ ਆਰਚਰ (2/19), ਨਾਂਦਰੇ ਬਰਗਰ (2/26) ਅਤੇ ਜਡੇਜਾ (2/18) ਦੀ ਘਾਤਕ ਗੇਂਦਬਾਜ਼ੀ ਅੱਗੇ ਚੇਨਈ ਦਾ ਸਕੋਰ ਇੱਕ ਸਮੇਂ 57 ਦੌੜਾਂ 'ਤੇ 6 ਵਿਕਟਾਂ ਹੋ ਗਿਆ ਸੀ। ਜਿਮੀ ਓਵਰਟਨ ਦੀਆਂ 36 ਗੇਂਦਾਂ ਵਿੱਚ 43 ਦੌੜਾਂ, ਕਾਰਤਿਕ ਸ਼ਰਮਾ (18) ਅਤੇ ਸਰਫਰਾਜ਼ ਖਾਨ (17) ਦੀਆਂ ਪਾਰੀਆਂ ਦੀ ਬਦੌਲਤ ਚੇਨਈ ਦੀ ਟੀਮ 19.4 ਓਵਰਾਂ ਵਿੱਚ 127 ਦੌੜਾਂ ਬਣਾ ਕੇ ਆਊਟ ਹੋ ਗਈ।

128 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਨੂੰ ਵੈਭਵ ਸੂਰਿਆਵੰਸ਼ੀ ਨੇ ਧਮਾਕੇਦਾਰ ਸ਼ੁਰੂਆਤ ਦਿੱਤੀ। ਸੂਰਿਆਵੰਸ਼ੀ ਨੇ ਮਹਿਜ਼ 17 ਗੇਂਦਾਂ ਵਿੱਚ 52 ਦੌੜਾਂ (4 ਚੌਕੇ, 5 ਛੱਕੇ) ਦੀ ਤੂਫ਼ਾਨੀ ਪਾਰੀ ਖੇਡੀ। ਉਨ੍ਹਾਂ ਨੇ ਯਸ਼ਸਵੀ ਜਾਇਸਵਾਲ (38* ਦੌੜਾਂ) ਨਾਲ ਮਿਲ ਕੇ ਪਹਿਲੇ ਵਿਕਟ ਲਈ 75 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ, ਜਿਸ ਸਦਕਾ ਰਾਜਸਥਾਨ ਨੇ ਇਹ ਮੈਚ ਬੇਹੱਦ ਆਸਾਨੀ ਨਾਲ ਜਿੱਤ ਲਿਆ।

ਜ਼ਿਕਰਯੋਗ ਹੈ ਕਿ 2026 ਸੀਜ਼ਨ ਤੋਂ ਪਹਿਲਾਂ ਰਵਿੰਦਰ ਜਡੇਜਾ ਇੱਕ ਵੱਡੀ ਟ੍ਰੇਡ ਡੀਲ ਰਾਹੀਂ ਚੇਨਈ ਸੁਪਰ ਕਿੰਗਜ਼ ਤੋਂ ਵਾਪਸ ਰਾਜਸਥਾਨ ਰਾਇਲਜ਼ ਵਿੱਚ ਸ਼ਾਮਲ ਹੋਏ ਸਨ। ਇਸ ਡੀਲ ਤਹਿਤ ਜਡੇਜਾ ਅਤੇ ਸੈਮ ਕਰਨ ਰਾਜਸਥਾਨ ਵਿੱਚ ਆਏ, ਜਦਕਿ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਚੇਨਈ ਸੁਪਰ ਕਿੰਗਜ਼ ਦੀ ਟੀਮ ਵਿੱਚ ਚਲੇ ਗਏ ਸਨ। ਜਡੇਜਾ ਇਸ ਤੋਂ ਪਹਿਲਾਂ 2008 ਵਿੱਚ ਖਿਤਾਬ ਜਿੱਤਣ ਵਾਲੀ ਰਾਜਸਥਾਨ ਦੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ।


author

Rakesh

Content Editor

Related News