ਰਾਜਸਥਾਨ ਦਾ ਸਾਹਮਣਾ ਅੱਜ ਪੰਜਾਬ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

Sunday, May 18, 2025 - 11:40 AM (IST)

ਰਾਜਸਥਾਨ ਦਾ ਸਾਹਮਣਾ ਅੱਜ ਪੰਜਾਬ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਜੈਪੁਰ– ਆਈਪੀਐੱਲ 2025 ਦਾ 59ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ ਤੇ ਪੰਜਾਬ ਕਿੰਗਜ਼ ਦਰਮਿਆਨ ਜੈਪੁਰ ਦੇ ਮਾਨਸਿੰਘ ਸਟੇਡੀਅਮ 'ਚ ਦੁਪਹਿਰ 3.30 ਵਜੇ ਖੇਡਿਆ ਜਾਵੇਗਾ। ਪੰਜਾਬ ਕਿੰਗਜ਼ ਦੀ ਟੀਮ ਇੱਥੇ ਰਾਜਸਥਾਨ ਰਾਇਲਜ਼ ਵਿਰੁੱਧ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਪਲੇਅ ਆਫ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ। ਰਾਇਲਜ਼ ਦੀ ਟੀਮ ਮੌਜੂਦਾ ਸੈਸ਼ਨ ਵਿਚ ਚੰਗੇ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਔਸਤ ਪ੍ਰਦਰਸ਼ਨ ਵੀ ਨਹੀਂ ਕਰ ਸਕੀ ਹੈ।

ਇਕ ਹਫਤੇ ਦੀ ਬ੍ਰੇਕ ਤੋਂ ਬਾਅਦ ਸਵਾਈ ਮਾਨਸਿੰਘ ਸਟੇਡੀਅਮ ਵਿਚ ਵਾਪਸੀ ਕਰਦੇ ਹੋਏ ਸ਼੍ਰੇਅਸ ਅਈਅਰ ਦੀ ਟੀਮ 8 ਮਈ ਦੇ ਉਸ ਬੁਰੇ ਸੁਪਨੇ ਨੂੰ ਭੁੱਲਣ ਦੀ ਉਮੀਦ ਕਰੇਗੀ ਜਦੋਂ ਭਾਰਤ-ਪਾਕਿਸਤਾਨ ਸੰਘਰਸ਼ ਕਾਰਨ ਧਰਮਸ਼ਾਲਾ ਵਿਚ ਦਿੱਲੀ ਕੈਪੀਟਲਸ ਵਿਰੁੱਧ ਉਸਦਾ ਮੈਚ ਰੱਦ ਕਰਨਾ ਪਿਆ ਸੀ ਤੇ ਖਿਡਾਰੀਆਂ ਨੂੰ ਹਨੇਰੇ ਵਿਚ ਆਪਣੇ ਡ੍ਰੈਸਿੰਗ ਰੂਮ ਵਿਚ ਪਰਤਣ ਲਈ ਮਜਬੂਰ ਹੋਣਾ ਪਿਆ ਸੀ। ਪੰਜਾਬ ਦੀ ਟੀਮ 11 ਮੈਚਾਂ ਵਿਚੋਂ 15 ਅੰਕਾਂ ਨਾਲ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਹੈ। ਆਸਟ੍ਰੇਲੀਆ ਦੇ ਮਾਰਕਸ ਸਟੋਇੰਸ ਤੇ ਜੋਸ਼ ਇੰਗਲਿਸ ਟੀਮ ਵਿਚ ਫਿਰ ਤੋਂ ਸ਼ਾਮਲ ਹੋਣ ਲਈ ਸਹਿਮਤ ਹੋ ਗਏ ਹਨ ਪਰ ਉਹ ਆਈ. ਪੀ. ਐੱਲ. ਦੇ ਬਹਾਲ ਹੋਣ ਤੋਂ ਬਾਅਦ ਪੰਜਾਬ ਦੇ ਪਹਿਲੇ ਮੈਚ ਵਿਚ ਨਹੀਂ ਖੇਡ ਸਕਣਗੇ, ਜਿਸ ਨਾਲ ਟੀਮ ਨੂੰ ਆਪਣੇ ਬੱਲੇਬਾਜ਼ੀ ਕ੍ਰਮ ਵਿਚ ਵਿਚ ਬਦਲਾਅ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ 10ਵੀਂ ਦੀ ਮਾਰਕਸ਼ੀਟ ਹੋਈ ਵਾਇਰਲ, ਦੇਖੋ ਕਿੰਨੇ ਪੜ੍ਹਾਕੂ ਸਨ ਵਿਰਾਟ

ਕ੍ਰਿਕਟ ਦੱਖਣੀ ਅਫਰੀਕਾ ਵੱਲੋਂ ਵਾਪਸ ਬੁਲਾਏ ਗਏ ਤੇਜ਼ ਗੇਂਦਬਾਜ਼ ਮਾਰਕੋ ਜਾਨਸੇਨ ਦੀ ਗੈਰ-ਹਾਜ਼ਰੀ ਪੰਜਾਬ ਦੀ ਟੀਮ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਏਗੀ ਕਿਉਂਕਿ ਉਸ ਨੇ ਮੌਜੂਦਾ ਸੈਸ਼ਨ ਵਿਚ 11 ਵਿਕਟਾਂ ਲੈ ਕੇ ਕਾਫੀ ਪ੍ਰਭਾਵ ਪਾਇਆ ਸੀ। ਹਾਲਾਂਕਿ ਪੰਜਾਬ ਕੋਲ ਕਪਤਾਨ ਅਈਅਰ, ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆ, ਪ੍ਰਭਸਿਮਰਨ ਸਿੰਘ ਤੇ ਨੇਹਾਲ ਵਢੇਰਾ ਦੀ ਮੌਜੂਦਗੀ ਵਿਚ ਭਾਰਤੀ ਖਿਡਾਰੀਆਂ ਦਾ ਇਕ ਮਜ਼ਬੂਤ ਦਲ ਹੈ ਤੇ ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਵਿਦੇਸ਼ੀ ਖਿਡਾਰੀਆਂ ਦੇ ਜਾਣ ਦੇ ਬਾਵਜੂਦ ਟੀਮ ’ਤੇ ਜ਼ਿਆਦਾ ਅਸਰ ਨਹੀਂ ਪਿਆ ਹੈ।

ਗੇਂਦਬਾਜ਼ੀ ਵਿਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਫਾਰਮ ਵਿਚ ਚੱਲ ਰਹੇ ਸਪਿੰਨਰ ਯੁਜਵੇਂਦਰ ਚਾਹਲ ਤੋਂ ਟੀਮ ਨੂੰ ਕਾਫੀ ਉਮੀਦਾਂ ਹੋਣਗੀਆਂ। ਚਾਹਲ ਨੇ 11 ਮੈਚਾਂ ਵਿਚ 14 ਵਿਕਟਾਂ ਲਈਆਂ ਹਨ, ਜਿਸ ਵਿਚ 28 ਦੌੜਾਂ ’ਤੇ 4 ਵਿਕਟਾਂ ਉਸਦਾ ਸਰਵੋਤਮ ਪ੍ਰਦਰਸ਼ਨ ਰਿਹਾ ਹੈ। ਜ਼ਖ਼ਮੀ ਲਾਕੀ ਫਰਗਿਊਸਨ ਦੀ ਜਗ੍ਹਾ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਦੇ ਆਉਣ ਨਾਲ ਰਾਇਲਜ਼ ਵਿਰੁੱਧ ਪੰਜਾਬ ਦੀ ਟੀਮ ਸੰਤੁਲਨ ਹਾਸਲ ਕਰ ਸਕਦੀ ਹੈ ਜਦਕਿ ਇਸ ਤੋਂ ਬਾਅਦ ਸਟੋਇੰਸ ਤੇ ਇੰਗਲਿਸ ਟੀਮ ਨਾਲ ਜੁੜ ਜਾਣਗੇ।

ਪੰਜਾਬ ਦੀ ਟੀਮ ਇਕ ਵਾਰ ਫਿਰ ਆਪਣੇ ਬੱਲੇਬਾਜ਼ਾਂ ’ਤੇ ਵੱਧ ਨਿਰਭਰ ਹੋਵੇਗੀ ਜਿਹੜੀ ਧਰਮਸ਼ਾਲਾ ਵਿਚ ਦਿੱਲੀ ਕੈਪੀਟਲਸ ਦੇ ਗੇਂਦਬਾਜ਼ੀ ਹਮਲੇ ਨੂੰ ਢਹਿ-ਢੇਰੀ ਕਰਨ ਦੇ ਨੇੜੇ ਸੀ ਤੇ ਉਸ ਨੇ ਮੈਚ ਰੱਦ ਹੋਣ ਤੋਂ ਪਹਿਲਾਂ ਸਿਰਫ 10.1 ਓਵਰਾਂ ਵਿਚ 1 ਵਿਕਟ ’ਤੇ 122 ਦੌੜਾਂ ਬਣਾ ਲਈਆਂ ਸਨ । ਇਸ ਪ੍ਰਦਰਸ਼ਨ ਨਾਲ ਉਸ ਨੂੰ ਰਾਇਲਜ਼ ਵਿਰੁੱਧ ਲੋੜੀਂਦਾ ਆਤਮਵਿਸ਼ਵਾਸ ਮਿਲੇਗਾ। ਮੇਜ਼ਬਾਨ ਟੀਮ ਪਹਿਲਾਂ ਹੀ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ ਤੇ 12 ਮੈਚਾਂ ਵਿਚੋਂ ਸਿਰਫ 3 ਜਿੱਤਾਂ ਦੇ ਨਾਲ ਅੰਕ ਸੂਚੀ ਵਿਚ 9ਵੇਂ ਸਥਾਨ ’ਤੇ ਹੈ।

ਇਹ ਵੀ ਪੜ੍ਹੋ : ਟੀਮ ਦੀ ਹੋਈ ਬੱਲੇ-ਬੱਲੇ, Playoffs ਤੋਂ ਪਹਿਲਾਂ ਟੀਮ ਨਾਲ ਜੁੜੇ ਦੋ ਧਾਕੜ ਖਿਡਾਰੀ

ਰਾਇਲਜ਼ ਦੀ ਟੀਮ ਆਪਣੇ ਘਰੇਲੂ ਪ੍ਰਸ਼ੰਸਕਾਂ ਦੇ ਸਾਹਮਣੇ ਆਖਰੀ ਮੈਚ ਵਿਚ ਜਿੱਤ ਦਰਜ ਕਰਨਾ ਚਾਹੇਗੀ ਪਰ ਇਸਦੇ ਲਈ ਉਸ ਨੂੰ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨਾ ਪਵੇਗਾ ਕਿਉਂਕਿ ਉਸ ਨੇ ਆਪਣੇ ਪਿਛਲੇ 5 ਵਿਚੋਂ 4 ਮੈਚ ਗਵਾਏ ਹਨ। ਟੀਮ ਲਈ 14 ਸਾਲਾ ਵੈਭਵ ਸੂਰਯਵੰਸ਼ੀ ਨੇ 35 ਗੇਂਦਾਂ ਵਿਚ ਸ਼ਾਨਦਾਰ ਸੈਂਕੜਾ ਲਾ ਕੇ ਧਮਾਕੇਦਾਰ ਪਾਰੀ ਖੇਡੀ ਸੀ ਪਰ ਰਾਇਲਜ਼ ਦੀ ਟੀਮ ਹਰ ਵਾਰ ਇਸ ਤਰ੍ਹਾਂ ਦੀ ਵਿਅਕਤੀਗਤ ਪ੍ਰਤਿਭਾ ’ਤੇ ਨਿਰਭਰ ਨਹੀਂ ਰਹਿ ਸਕਦੀ ਹੈ।

ਸੱਟ ਕਾਰਨ ਜ਼ਿਆਦਾਤਰ ਸੈਸ਼ਨ ਵਿਚੋਂ ਬਾਹਰ ਰਹੇ ਨਿਯਮਤ ਕਪਤਾਨ ਸੰਜੂ ਸੈਮਸਨ ਦੀ ਗੈਰ-ਹਾਜ਼ਰੀ ਨੇ ਰਾਇਲਜ਼ ਦੇ ਬੱਲੇਬਾਜ਼ੀ ਕ੍ਰਮ ਵਿਚ ਵੱਡਾ ਖਾਲੀਪਨ ਪੈਦਾ ਕੀਤਾ ਹੈ। ਰਾਇਲਜ਼ ਦੀ ਬੱਲੇਬਾਜ਼ੀ ਦਾ ਭਾਰ ਹੁਣ ਯਸ਼ਸਵੀ ਜਾਇਸਵਾਲ ਤੇ ਰਿਆਨ ਪ੍ਰਾਗ ’ਤੇ ਹੈ ਤੇ ਜੇਕਰ ਰਾਇਲਜ਼ ਨੂੰਆਪਣੇ ਆਖਰੀ ਘਰੇਲੂ ਮੈਚ ਵਿਚ ਜਿੱਤ ਦਰਜ ਕਰਨੀ ਹੈ ਤਾਂ ਇਨ੍ਹਾਂ ਦੋਵਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਟੀਮ ਦੇ ਗੇਂਦਬਾਜ਼ੀ ਹਮਲੇ ਨੂੰ ਵੀ ਝਟਕਾ ਲੱਗਾ ਹੈ ਕਿਉਂਕਿ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੇ ਬਾਕੀ ਬਚੇ ਦੋ ਮੈਚਾਂ ਲਈ ਭਾਰਤ ਨਾ ਪਰਤਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਪਹਿਲਾਂ ਤੋਂ ਹੀ ਸੰਘਰਸ਼ ਕਰ ਰਹੀ ਟੀਮ ਹੋਰ ਕਮਜ਼ੋਰ ਹੋ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News