ਵਿਸ਼ਵ ਕੱਪ ਫਾਈਨਲ ''ਤੇ ਮੀਂਹ ਦਾ ਖਤਰਾ ਨਹੀਂ

03/06/2020 6:25:13 PM

ਸਪੋਰਟਸ ਡੈਸਕ— ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲਿਆਂ ਦੇ ਮੀਂਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਤੋਂ ਬਾਅਦ ਭਾਰਤ ਤੇ ਆਸਟਰੇਲੀਆ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਖਿਤਾਬੀ ਮੁਕਾਬਲੇ ਦੇ ਦਿਨ ਮੌਸਮ ਸਾਫ ਰਹਿਣ ਦੀ ਉਮੀਦ ਹੈ ਤੇ ਮੀਂਹ ਦਾ ਕੋਈ ਖਤਰਾ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਮੈਲਬੋਰਨ 'ਚ ਐਤਵਾਰ ਨੂੰ ਮੀਂਹ ਦਾ ਕੋਈ ਖਤਰਾ ਨਹੀਂ ਹੈ ਤੇ ਚੰਗੀ ਧੁੱਪ ਨਿਕਲੇਗੀ। ਅਸਮਾਨ ਦੇ ਵੀ ਸਾਫ ਰਹਿਣ ਦੀ ਉਮੀਦ ਹੈ ਤੇ ਹਾਲਾਂਕਿ ਸ਼ਾਮ ਦੇ ਸਮੇਂ ਥੋੜ੍ਹੀ ਠੰਡ ਹੋ ਸਕਦੀ ਹੈ ਪਰ ਮੀਂਹ ਦੀ ਸ਼ੱਕ ਨਾਂਹ ਦੇ ਬਰਾਬਰ ਹੈ।

ਫਾਈਨਲ ਲਈ ਇਹ ਵੀ ਰਾਹਤ ਦੀ ਗੱਲ ਹੈ ਕਿ ਇਸ ਦੇ ਲਈ ਰਿਜ਼ਰਵ ਡੇਅ ਰੱਖਿਆ ਗਿਆ ਹੈ। ਮੀਂਹ ਦੇ ਕਾਰਨ ਮੈਚ ਨਾ ਹੋਣ ਦੀ ਸਥਿਤੀ 'ਚ ਮੈਚ ਸੋਮਵਾਰ ਨੂੰ ਰਿਜ਼ਰਵ ਡੇਅ ਵਾਲੇ ਦਿਨ ਵੀ ਕਰਵਾਇਆ ਜਾਵੇਗਾ। ਸੈਮੀਫਾਈਨਲ ਮੁਕਾਬਲਿਆਂ 'ਚ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਸੀ। ਭਾਰਤ ਤੇ ਇੰਗਲੈਂਡ ਵਿਚਾਲੇ ਸੈਮੀਫਾਈਨਲ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ ਤੇ ਭਾਰਤ ਨੇ ਆਪਣੇ ਬਿਹਤਰ ਗਰੁੱਪ ਰਿਕਾਰਡ ਦੇ ਕਾਰਨ ਫਾਈਨਲ 'ਚ ਜਗ੍ਹਾ ਬਣਾਈ ਸੀ।

ਆਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਸੈਮੀਫਾਈਨਲ ਵੀ ਮੀਂਹ ਨਾਲ ਪ੍ਰਭਾਵਿਤ ਰਿਹਾ ਸੀ ਪਰ ਆਸਟਰੇਲੀਆ ਨੇ ਡਕਵਰਥ ਲੂਈਸ ਨਿਯਮ ਤਹਿਤ ਦੱਖਣੀ ਅਫਰੀਕਾ ਨੂੰ 5 ਦੌੜਾਂ ਨਾਲ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾ ਲਈ ਸੀ।