ਰਾਹੁਲ ਨੇ ਪਿਛਲੇ ਸੈਸ਼ਨ ਦੇ ਬੋਝ ਨੂੰ ਪਿੱਛੇ ਛੱਡ ਦਿੱਤੈ : ਪੁਜਾਰਾ
Thursday, Apr 24, 2025 - 11:43 AM (IST)

ਨਵੀਂ ਦਿੱਲੀ– ਧਾਕੜ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੂੰ ਲੱਗਦਾ ਹੈ ਕਿ ਲੋਕੇਸ਼ ਰਾਹੁਲ ਲਖਨਊ ਸੁਪਰ ਜਾਇੰਟਸ ਵਿਚ ਪਿਛਲੇ ਸੈਸ਼ਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਅੱਗੇ ਵੱਧ ਚੁੱਕਾ ਹੈ ਤੇ ਮਾਨਸਿਕਤਾ ਵਿਚ ਬਦਲਾਅ ਨਾਲ ਨਾ ਸਿਰਫ ਉਸ ਨੂੰ ਆਪਣੀ ਨਵੀਂ ਆਈ. ਪੀ. ਐੱਲ. ਫ੍ਰੈਂਚਾਈਜ਼ੀ ਵਿਚ ਬਿਹਤਰ ਪ੍ਰਦਰਸ਼ਨ ਕਰਨ ਵਿਚ ਮਦਦ ਮਿਲੀ ਹੈ ਸਗੋਂ ਇਸ ਨਾਲ ਉਹ ਭਾਰਤੀ ਟੀਮ ਲਈ ਵੀ ਮਜ਼ਬੂਤ ਖਿਡਾਰੀ ਬਣੇਗਾ।
ਰਾਹੁਲ ਨੇ ਮੰਗਲਵਾਰ ਨੂੰ ਸੈਸ਼ਨ ਦਾ ਤੀਜਾ ਅਰਧ ਸੈਂਕੜਾ ਲਾਇਆ ਤੇ ਲਖਨਊ ਵਿਚ ਆਪਣੀ ਸਾਬਕਾ ਫ੍ਰੈਂਚਾਈਜ਼ੀ ਸੁਪਰ ਜਾਇੰਟਸ ਵਿਰੁੱਧ ਆਪਣੀ ਨਵੀਂ ਟੀਮ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ।
ਪੁਜਾਰਾ ਨੇ ਕਿਹਾ,‘‘ਬੱਸ ਅੱਗੇ ਵਧੋ, ਅਤੀਤ ਦਾ ਬੋਝ ਨਾ ਚੁੱਕੋ ਤੇ ਇਹ ਚੰਗੀ ਗੱਲ ਹੈ। ਰਾਹੁਲ ਇਕ ਪਰਿਪੱਕ ਖਿਡਾਰੀ ਹੈ। ਪਿਛਲੇ ਕੁਝ ਸਾਲਾਂ ਤੋਂ ਉਹ ਸਾਰੇ ਰੂਪਾਂ ਵਿਚ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ।’’
ਉਸ ਨੇ ਕਿਹਾ,‘‘ਉਹ ਅਤੀਤ ਦੇ ਬਾਰੇ ਵਿਚ ਨਹੀਂ ਸੋਚਣਾ ਚਾਹੁੰਦਾ ਤੇ ਆਪਣੀ ਬੱਲੇਬਾਜ਼ੀ ਦਾ ਮਜ਼ਾ ਲੈਣਾ ਚਾਹੁੰਦਾ ਹੈ। ਉਹ ਇਸਦੇ ਬਾਰੇ ਵਿਚ ਨਹੀਂ ਸੋਚਦਾ ਕਿ ਜਦੋਂ ਉਹ ਲਖਨਊ ਟੀਮ ਲਈ ਖੇਡ ਰਿਹਾ ਸੀ ਤਾਂ ਕੀ ਗਲਤ ਹੋਇਆ ਸੀ।’’
ਪੁਜਾਰਾ ਨੇ ਕਿਹਾ,‘‘ਅੱਗੇ ਵਧਣਾ ਚੰਗਾ ਹੈ ਜਿਹੜਾ ਉਸ ਨੂੰ ਦਿੱਲੀ ਕੈਪੀਟਲਸ ਤੇ ਇੱਥੋਂ ਤੱਕ ਕਿ ਭਾਰਤੀ ਟੀਮ ਲਈ ਵੀ ਚੰਗਾ ਖੇਡਣ ਵਿਚ ਮਦਦ ਕਰੇਗਾ ਕਿਉਂਕਿ ਪਿਛਲੇ ਕੁਝ ਸਮੇਂ ਵਿਚ ਉਹ ਅਜਿਹਾ ਖਿਡਾਰੀ ਹੈ ਕਿ ਉਸਦੀ ਬੱਲੇਬਾਜ਼ੀ ਨੂੰ ਦੇਖਦੇ ਹੋਏ ਭਾਰਤੀ ਟੀਮ ਵੀ ਉਸ ’ਤੇ ਭਰੋਸਾ ਕਰਦੀ ਹੈ।’’
ਰਾਹੁਲ ਦੀ ਕਪਤਾਨੀ ਵਿਚ ਲਖਨਊ 2022 ਤੇ 2023 ਸੈਸ਼ਨ ਵਿਚ ਪਲੇਅ ਆਫ ਵਿਚ ਪਹੁੰਚ ਗਈ ਸੀ। ਹਾਲਾਂਕਿ ਪਿਛਲੇ ਸੈਸ਼ਨ ਵਿਚ ਲਖਨਊ ਦੀ ਟੀਮ 7ਵੇਂ ਸਥਾਨ ’ਤੇ ਰਹੀ ਸੀ। ਪਿਛਲੇ ਸਾਲ ਲਖਨਊ ਦੇ ਮਾਲਕ ਸੰਜੀਵ ਗੋਇਨਕਾ ਦੇ ਨਾਲ ਰਾਹੁਲ ਦੇ ਰਿਸ਼ਤੇ ਵੀ ਖਰਾਬ ਹੋ ਗਏ ਸਨ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਵਿਚ ਗੋਇਨਕਾ ਨੂੰ ਹਾਰ ਤੋਂ ਬਾਅਦ ਲਖਨਊ ਦੇ ਸਾਬਕਾ ਕਪਤਾਨ ਨੂੰ ਜਨਤਕ ਰੂਪ ਨਾਲ ਫਿੱਟਕਾਰ ਲਗਾਉਂਦੇ ਹੋਏ ਦੇਖਿਆ ਗਿਆ ਸੀ। ਕੁਝ ਮਹੀਨੇ ਬਾਅਦ 33 ਸਾਲਾ ਖਿਡਾਰੀ ਨੂੰ ਵੱਡੀ ਨਿਲਾਮੀ ਤੋਂ ਪਹਿਲਾਂ ਫ੍ਰੈਂਚਾਈਜ਼ੀ ਨੇ ਰਿਲੀਜ਼ ਕਰ ਦਿੱਤਾ ਸੀ। ਦਿੱਲੀ ਲਈ ਇਹ ਵਿਕਟਕੀਪਰ ਬੱਲੇਬਾਜ਼ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿਚ ਸ਼ਾਮਲ ਹੈ ਤੇ ਮੌਜੂਦਾ ਸੈਸ਼ਨ ਦੀਆਂ 7 ਪਾਰੀਆਂ ਵਿਚ 323 ਦੌੜਾਂ ਬਣਾ ਕੇ ਟਾਪ ਸਕੋਰਰ ਦੇ ਰੂਪ ਵਿਚ ਉੱਭਰਿਆ ਹੈ।