ਪੰਜਾਬ ਦਾ ਸਾਹਮਣਾ ਅੱਜ ਲਖਨਊ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
Sunday, May 04, 2025 - 01:36 PM (IST)

ਧਰਮਸ਼ਾਲਾ– ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਦੀ ਬੱਲੇ ਨਾਲ ਖਰਾਬ ਫਾਰਮ ਤੇ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਦੀ ਸ਼ਾਨਦਾਰ ਲੈਅ ਕਾਰਨ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਐਤਵਾਰ ਨੂੰ ਇੱਥੇ ਹੋਣ ਵਾਲਾ ਆਈ. ਪੀ. ਐੱਲ. ਮੈਚ ਰੋਮਾਂਚਕ ਬਣ ਗਿਆ ਹੈ। ਪੰਜਾਬ ਦਾ ਕਪਤਾਨ ਅਈਅਰ ਅੱਗੇ ਵੱਧ ਕੇ ਅਗਵਾਈ ਕਰ ਰਿਹਾ ਹੈ ਤੇ ਉਸ ਨੇ ਅਜੇ ਤੱਕ ਇਕ ਕਪਤਾਨ ਤੇ ਬੱਲੇਬਾਜ਼ ਦੋਵਾਂ ਰੂਪਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹ ਅਜੇ ਤੱਕ ਇਸ ਪ੍ਰਤੀਯੋਗਿਤਾ ਵਿਚ ਚਾਰ ਅਰਧ ਸੈਂਕੜੇ ਲਾ ਚੁੱਕਾ ਹੈ ਤੇ ਉਸਦੀ ਟੀਮ 10 ਮੈਚਾਂ ਵਿਚੋਂ 13 ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ ’ਤੇ ਹੈ।
ਦੂਜੇ ਪਾਸੇ ਪੰਤ ਨੇ ਬੱਲੇ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ ਤੇ ਉਸ ਨੇ 10 ਮੈਚਾਂ ਵਿਚ ਕੁੱਲ 110 ਦੌੜਾਂ ਬਣਾਈਆਂ ਹਨ, ਜਿਸ ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡੀ ਗਈ 63 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ। ਇਸ ਵਿਚਾਲੇ ਉਹ 6 ਪਾਰੀਆਂ ਵਿਚ ਦੋਹਰੇ ਅੰਕ ਤੱਕ ਵੀ ਨਹੀਂ ਪਹੁੰਚ ਸਕਿਆ ਹੈ। ਉਸ ਦੇ ਇਸ ਖਰਾਬ ਪ੍ਰਦਰਸ਼ਨ ਦਾ ਅਸਰ ਟੀਮ ’ਤੇ ਪੈ ਰਿਹਾ ਹੈ ਜਿਹੜਾ ਮੌਜੂਦਾ ਸਮੇਂ ਵਿਚ 10 ਅੰਕਾਂ ਨਾਲ ਅੰਕ ਸੂਚੀ ਵਿਚ ਛੇਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੂੰ ਛੱਡ ਇਸ ਬਾਲੀਵੁੱਡ ਅਭਿਨੇਤਾ ਦੇ ਪਿਆਰ 'ਚ ਪਈ ਸਾਰਾ ਤੇਂਦੁਲਕਰ!
ਅਈਅਰ ਨੇ ਪਿਛਲੇ ਸੈਸ਼ਨ ਵਿਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖਿਤਾਬ ਜਿੱਤਣ ਦੀ ਮੁਹਿੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਪਰ ਮੈਗਾ ਨਿਲਾਮੀ ਤੋਂ ਪਹਿਲਾਂ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ। ਪੰਜਾਬ ਕਿੰਗਜ਼ ਨੇ ਉਸ ਨੂੰ 26.27 ਕਰੋੜ ਰੁਪਏ ਵਿਚ ਖਰੀਦ ਕੇ ਕਪਤਾਨ ਨਿਯੁਕਤ ਕੀਤਾ ਸੀ ਤੇ ਉਹ ਉਮੀਦਾਂ ’ਤੇ ਪੂਰੀ ਤਰ੍ਹਾਂ ਨਾਲ ਖਰਾ ਉਤਰ ਰਿਹਾ ਹੈ। ਪੰਜਾਬ ਦਾ ਆਲਰਾਊਂਡਰ ਗਲੇਨ ਮੈਕਸਵੈੱਲ ਉਂਗਲੀ ਵਿਚ ਫ੍ਰੈਕਚਰ ਕਾਰਨ ਬਾਕੀ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ ਹੈ ਤੇ ਉਸਦੀ ਜਗ੍ਹਾ ਅਜ਼ਮਤਉੱਲ੍ਹਾ ਉਮਰਜ਼ਈ, ਆਰੋਨ ਹਾਰਡੀ ਤੇ ਇੱਥੋਂ ਤੱਕ ਕੇ ਜ਼ੈਵੀਅਰ ਬਾਰਟਲੇਟ ਨੂੰ ਆਖਰੀ-11 ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਬੱਲੇਬਾਜ਼ੀ ਵਿਭਾਗ ਵਿਚ ਅਈਅਰ ਤੋਂ ਇਲਾਵਾ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਦਕਿ ਪ੍ਰਿਆਂਸ਼ ਆਰੀਆ, ਨੇਹਾਲ ਵਢੇਰਾ ਤੇ ਸ਼ਸ਼ਾਂਕ ਸਿੰਘ ਨੇ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਈ ਹੈ।
ਗੇਂਦਬਾਜ਼ੀ ਦੇ ਮੋਰਚੇ ’ਤੇ ਯੁਜਵੇਂਦਰ ਚਾਹਲ ਦੀ ਫਾਰਮ ਵਿਚ ਵਾਪਸੀ ਨਾਲ ਪੰਜਾਬ ਨੂੰ ਮਜ਼ਬੂਤੀ ਮਿਲੀ ਹੈ। ਇਸ ਲੈੱਗ ਸਪਿੰਨਰ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਪਿਛਲੇ ਮੈਚ ਵਿਚ ਹੈਟ੍ਰਿਕ ਬਣਾਈ ਸੀ। ਲਖਨਊ ਦੇ ਬੱਲੇਬਾਜ਼ਾਂ ਨੂੰ ਉਸ ਨੂੰ ਚੌਕਸ ਹੋ ਕੇ ਖੇਡਣਾ ਪਵੇਗਾ।
ਇਹ ਵੀ ਪੜ੍ਹੋ : IPL 'ਚ ਕਿੰਨਾ ਕਮਾਉਂਦੀਆਂ ਹਨ ਚੀਅਰਲੀਡਰਸ? ਕਮਾਈ ਜਾਣ ਉੱਡ ਜਾਣਗੇ ਹੋਸ਼
ਜਿੱਥੋਂ ਤੱਕ ਲਖਨਊ ਦਾ ਸਵਾਲ ਹੈ ਤਾਂ ਉਸਦੀ ਟੀਮ ਇਕ ਹਫਤੇ ਦੇ ਆਰਾਮ ਤੋਂ ਬਾਅਦ ਤਰੋਤਾਜ਼ਾ ਹੋ ਕੇ ਮੈਦਾਨ ’ਤੇ ਉਤਰੇਗੀ। ਪਿਛਲੇ ਮੈਚ ਵਿਚ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਵਾਪਸੀ ਹਾਂ-ਪੱਖੀ ਰਹੀ, ਫਿਰ ਵੀ ਉਸ ਨੂੰ ਮੁੰਬਈ ਇੰਡੀਅਨਜ਼ ਹੱਥੋਂ 54 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਮਿਸ਼ੇਲ ਮਾਰਸ਼, ਐਡਨ ਮਾਰਕ੍ਰਾਮ, ਨਿਕੋਲਸ ਪੂਰਨ ਤੇ ਡੇਵਿਡ ਮਿਲਰ ਵਰਗੇ ਪਾਵਰ ਹਿਟਰਾਂ ਨਾਲ ਭਰੀ ਬੱਲੇਬਾਜ਼ੀ ਇਕਾਈ ਦੀਆਂ ਖਾਮੀਆਂ ਉਜਾਗਰ ਹੋਈਆਂ। ਲਖਨਊ ਦੀ ਬੱਲੇਬਾਜ਼ੀ ਪੂਰਨ (377 ਦੌੜਾਂ), ਮਾਰਸ਼ (344) ਤੇ ਮਾਰਕ੍ਰਾਮ (326) ’ਤੇ ਵੀ ਬਹੁਤ ਜ਼ਿਆਦਾ ਨਿਰਭਰ ਰਹੀ ਤੇ ਐਤਵਾਰ ਨੂੰ ਹੋਣ ਵਾਲੇ ਮੈਚ ਵਿਚ ਵੀ ਇਨ੍ਹਾਂ ਦਾ ਪ੍ਰਦਰਸ਼ਨ ਕਾਫੀ ਮਾਇਨੇ ਰੱਖੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8