‘ਪੁਖਰਾਜ ਗਿੱਲ’ ਜਕਾਰਤਾ ’ਚ ਸਾਂਝੇ ਤੌਰ ’ਤੇ 19ਵੇਂ ਸਥਾਨ ਨਾਲ ਏਸ਼ੀਆਈ ਟੂਰ ਕਾਰਡ ਦੇ ਕਰੀਬ ਪਹੁੰਚੇ

Monday, Aug 31, 2026 - 02:15 PM (IST)

‘ਪੁਖਰਾਜ ਗਿੱਲ’ ਜਕਾਰਤਾ ’ਚ ਸਾਂਝੇ ਤੌਰ ’ਤੇ 19ਵੇਂ ਸਥਾਨ ਨਾਲ ਏਸ਼ੀਆਈ ਟੂਰ ਕਾਰਡ ਦੇ ਕਰੀਬ ਪਹੁੰਚੇ

ਜਕਾਰਤਾ, (ਏਜੰਸੀ) -ਭਾਰਤੀ ਗੋਲਫ਼ਰ ਪੁਖਰਾਜ ਸਿੰਘ ਗਿੱਲ ਨੇ ‘ਏਸ਼ੀਅਨ ਡਿਵੈੱਲਪਮੈਂਟ ਟੂਰ (ਏ. ਡੀ. ਟੀ.)’ ਦੇ ‘ਸਿਪੁਤਰਾ ਗੋਲਫ਼ਪ੍ਰੇਨਿਓਰ ਟੂਰਨਾਮੈਂਟ’ ਵਿਚ ਸਾਂਝੇ ਤੌਰ ’ਤੇ 19ਵੇਂ ਸਥਾਨ ’ਤੇ ਰਹਿੰਦਿਆਂ 2027 ਦੇ ਏਸ਼ੀਆਈ ਟੂਰ ਕਾਰਡ ਹਾਸਲ ਕਰਨ ਦੀ ਆਪਣੀ ਉਮੀਦ ਮਜ਼ਬੂਤ ਕਰ ਲਈ ਹੈ। ਆਈ. ਜੀ. ਪੀ. ਐੱਲ. (ਇੰਡੀਅਨ ਗੋਲਫ਼ ਪ੍ਰੀਮੀਅਰ ਲੀਗ) ਟੂਰ ਦੇ ਆਰਡਰ ਆਫ਼ ਮੈਰਿਟ ਜੇਤੂ ਗਿੱਲ ਹੁਣ ਏ.ਡੀ.ਟੀ. ‘ਆਰਡਰ ਆਫ਼ ਮੈਰਿਟ (ਸੀਜ਼ਨ ਦੀ ਸਮੁੱਚੀ ਸਾਰਣੀ) ਵਿਚ 9ਵੇਂ ਸਥਾਨ ’ਤੇ ਹਨ। ਸੀਜ਼ਨ ਵਿਚ ਹੁਣ ਕੇਵਲ ਇਕ ਟੂਰਨਾਮੈਂਟ ਬਾਕੀ ਹੈ ਅਤੇ ਚੋਟੀ ਦੇ 10 ਖਿਡਾਰੀਆਂ ਨੂੰ ਅਗਲੇ ਸਾਲ ਦੇ ਏਸ਼ੀਆਈ ਟੂਰ ਦੇ ਕਾਰਡ ਮਿਲਣਗੇ।
ਗਿੱਲ ਨੇ ਐਤਵਾਰ ਨੂੰ ਚੌਥੇ ਦੌਰ ਵਿਚ 69 ਦਾ ਕਾਰਡ ਖੇਡਿਆ ਅਤੇ ਕੁੱਲ 15 ਅੰਡਰ ਪਾਰ ਦੇ ਸਕੋਰ ਨਾਲ ਟੂਰਨਾਮੈਂਟ ਖ਼ਤਮ ਕੀਤਾ। ਉਨ੍ਹਾਂ ਇਸ ਤੋਂ ਪਹਿਲਾਂ 3 ਦੌਰਾਂ ਵਿਚ 70, 66 ਅਤੇ 68 ਦਾ ਸਕੋਰ ਕੀਤਾ ਸੀ। ਪਿਛਲੇ ਸਾਲ ਆਈ.ਜੀ.ਪੀ.ਐੱਲ. ਦੇ ਇਕ ਹੋਰ ਖਿਡਾਰੀ ਕਰਮਨਦੀਪ ਕੋਚਰ ਨੇ ਵੀ ਇਸੇ ਰਸਤੇ ਤੋਂ ਏਸ਼ੀਅਨ ਟੂਰ ਕਾਰਡ ਹਾਸਲ ਕੀਤਾ ਸੀ ਅਤੇ ਉਹ ਹੁਣ ਏਸ਼ੀਆਈ ਟੂਰ ’ਤੇ ਖੇਡ ਰਹੇ ਹਨ।

ਗਿੱਲ ਤੋਂ ਇਲਾਵਾ ਭਾਰਤ ਦੇ ਖਲੀਨ ਜੋਸ਼ੀ ਸਾਂਝੇ ਤੌਰ ’ਤੇ 10ਵੇਂ ਸਥਾਨ ’ਤੇ ਰਹੇ। ਉਨ੍ਹਾਂ ਨੇ 66, 68, 69 ਅਤੇ 67 ਦਾ ਸਕੋਰ ਕੀਤਾ। ਅਮਨ ਰਾਜ 67, 69, 70 ਅਤੇ 73 ਦੇ ਸਕੋਰ ਨਾਲ ਸਾਂਝੇ ਤੌਰ 'ਤੇ 37ਵੇਂ, ਜਦਕਿ ਕਾਰਤਿਕ ਸਿੰਘ 72, 70, 66 ਅਤੇ 69 ਦੇ ਸਕੋਰ ਨਾਲ ਸਾਂਝੇ ਤੌਰ ’ਤੇ 32ਵੇਂ ਸਥਾਨ ’ਤੇ ਰਹੇ।

‘ਪ੍ਰਣਵੀ’ ਆਇਰਿਸ਼ ਓਪਨ ’ਚ ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ ਖਿਸਕੀ
ਕਿਲਡਾਰੇ (ਆਇਰਲੈਂਡ), 30 ਅਗਸਤ (ਏਜੰਸੀ) -ਭਾਰਤੀ ਗੋਲਫ਼ਰ ਪ੍ਰਣਵੀ ਉਰਸ ਆਇਰਿਸ਼ ਓਪਨ ਦੇ ਤੀਜੇ ਦੌਰ ਵਿਚ 2-ਅੰਡਰ 70 ਦਾ ਕਾਰਡ ਖੇਡਣ ਦੇ ਬਾਵਜੂਦ ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ ਖਿਸਕ ਗਈ। ਮੈਸੂਰ ਦੀ ਇਸ ਖਿਡਾਰਨ ਨੇ ਹੁਣ ਤੱਕ ਤਿੰਨੋਂ ਦੌਰਾਂ ਵਿਚ ਪਾਰ ਤੋਂ ਘੱਟ ਦਾ ਸਕੋਰ ਬਣਾਇਆ ਹੈ। ਉਨ੍ਹਾਂ ਦਾ ਕੁੱਲ ਸਕੋਰ 7-ਅੰਡਰ ਹੈ ਅਤੇ ਇਕ ਦੌਰ ਦੀ ਖੇਡ ਬਾਕੀ ਹੈ।
ਪ੍ਰਣਵੀ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ 4 ਭਾਰਤੀ ਖਿਡਾਰਨਾਂ ’ਚੋਂ ਕੱਟ ਵਿਚ ਜਗ੍ਹਾ ਬਣਾਉਣ ਵਾਲੀ ਇਕੱਲੀ ਖਿਡਾਰਨ ਹੈ। ਉਨ੍ਹਾਂ ਨੇ ਦੂਜੇ ਅਤੇ ਤੀਜੇ ਹੋਲ ਵਿਚ ਲਗਾਤਾਰ ਬਰਡੀ ਨਾਲ ਚੰਗੀ ਸ਼ੁਰੂਆਤ ਕੀਤੀ, ਪਰ ਅਗਲੇ 2 ਹੋਲਜ਼ ਵਿਚ ਦੋਵੇਂ ਸ਼ਾਟ ਗਵਾ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ 7ਵੇਂ ਅਤੇ 10ਵੇਂ ਹੋਲ ਵਿਚ ਬਰਡੀ ਲਗਾਈ ਅਤੇ ਆਖ਼ਰੀ 8 ਹੋਲਜ਼ ਵਿਚ ਲਗਾਤਾਰ ਪਾਰ ਸਕੋਰ ਕਰਦੇ ਹੋਏ ਆਪਣਾ ਦੌਰ 70 ’ਤੇ ਸਮਾਪਤ ਕੀਤਾ। ਇਸ ਤੋਂ ਪਹਿਲਾਂ ਦੀਕਸ਼ਾ ਡਾਗਰ, ਤਵੇਸਾ ਮਲਿਕ ਅਤੇ ਅਵਨੀ ਪ੍ਰਸ਼ਾਂਤ ਕੱਟ ਵਿਚ ਜਗ੍ਹਾ ਬਣਾਉਣ ’ਚ ਨਾਕਾਮ ਰਹੀਆਂ ਸਨ। ਦੱਖਣੀ ਅਫ਼ਰੀਕਾ ਦੀ ਕੈਸਾਂਦਰਾ ਅਲੈਕਜ਼ੈਂਡਰ ਨੇ ਤੀਜੇ ਦੌਰ ਤੋਂ ਬਾਅਦ 3 ਸ਼ਾਟਾਂ ਦੀ ਲੀਡ ਬਣਾ ਲਈ ਹੈ।


author

Shubam Kumar

Content Editor

Related News