ਪੰਜਾਬ ਕਿੰਗਜ਼-ਰਾਜਸਥਾਨ ਦੇ ਮੈਚ ''ਚੋਂ 4 ਧਾਕੜ ਖਿਡਾਰੀ ਬਾਹਰ!

Tuesday, Apr 28, 2026 - 08:39 PM (IST)

ਪੰਜਾਬ ਕਿੰਗਜ਼-ਰਾਜਸਥਾਨ ਦੇ ਮੈਚ ''ਚੋਂ 4 ਧਾਕੜ ਖਿਡਾਰੀ ਬਾਹਰ!

ਸਪੋਰਟਸ ਡੈਸਕ- ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਨੇ ਜਿੱਤ ਲਈ 4 ਵੱਡੇ ਖਿਡਾਰੀਆਂ ਨੂੰ ਹੀ ਪਲੇਇੰਗ-11 'ਚੋਂ ਬਾਹਰ ਕਰ ਦਿੱਤਾ ਹੈ। ਆਈਪੀਐਲ 2026 ਦੇ 40ਵੇਂ ਮੁਕਾਬਲੇ ਵਿੱਚ ਅੱਜ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਸ ਅਹਿਮ ਮੈਚ ਵਿੱਚ ਦੋਵਾਂ ਟੀਮਾਂ ਨੇ ਜਿੱਤ ਦੀ ਲੈਅ ਬਣਾਉਣ ਲਈ ਆਪਣੀ ਪਲੇਇੰਗ ਇਲੈਵਨ ਵਿੱਚ 4 ਵੱਡੇ ਬਦਲਾਅ ਕੀਤੇ ਹਨ। ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਰਾਜਸਥਾਨ ਰਾਇਲਜ਼ 'ਚ ਵੱਡੇ ਫੇਰਬਦਲ

ਰਾਜਸਥਾਨ ਦੇ ਕਪਤਾਨ ਨੇ ਦੱਸਿਆ ਕਿ ਟੀਮ ਵਿੱਚ ਦੋ ਅਹਿਮ ਬਦਲਾਅ ਕੀਤੇ ਗਏ ਹਨ। ਲਗਾਤਾਰ ਖ਼ਰਾਬ ਫਾਰਮ ਵਿੱਚ ਚੱਲ ਰਹੇ ਸ਼ਿਮਰੋਨ ਹੇਟਮਾਇਰ ਨੂੰ ਅੰਤ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਹੇਟਮਾਇਰ ਨੇ ਇਸ ਸੀਜ਼ਨ ਦੇ 6 ਮੈਚਾਂ ਵਿੱਚ ਸਿਰਫ਼ 14.40 ਦੀ ਔਸਤ ਨਾਲ 72 ਰਨ ਬਣਾਏ ਸਨ। ਇਸ ਤੋਂ ਇਲਾਵਾ ਸਟਾਰ ਸਪਿਨਰ ਰਵੀ ਬਿਸ਼ਨੋਈ ਨੂੰ ਵੀ ਅੱਜ ਦੇ ਮੈਚ ਵਿੱਚ ਜਗ੍ਹਾ ਨਹੀਂ ਮਿਲੀ, ਹਾਲਾਂਕਿ ਉਨ੍ਹਾਂ ਨੂੰ ਬਾਹਰ ਰੱਖਣ ਦੀ ਕੋਈ ਸਪੱਸ਼ਟ ਵਜ੍ਹਾ ਸਾਹਮਣੇ ਨਹੀਂ ਆਈ ਹੈ। ਇਨ੍ਹਾਂ ਦੀ ਜਗ੍ਹਾ ਦਾਸੁਨ ਸ਼ਨਾਕਾ ਅਤੇ ਯਸ਼ ਪੁੰਜਾ ਨੂੰ ਮੌਕਾ ਦਿੱਤਾ ਗਿਆ ਹੈ।

ਪੰਜਾਬ ਕਿੰਗਜ਼ ਦੀ ਰਣਨੀਤੀ

ਦੂਜੇ ਪਾਸੇ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਵੀ ਟੀਮ ਵਿੱਚ ਦੋ ਬਦਲਾਅ ਕੀਤੇ ਹਨ। ਸਟਾਰ ਖਿਡਾਰੀ ਸ਼ਸ਼ਾਂਕ ਸਿੰਘ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਅੱਜ ਨਹੀਂ ਖੇਡ ਰਹੇ। ਜ਼ਿਕਰਯੋਗ ਹੈ ਕਿ ਸ਼ਸ਼ਾਂਕ ਨੇ ਪਿਛਲੇ ਮੈਚਾਂ ਵਿੱਚ ਫੀਲਡਿੰਗ ਦੌਰਾਨ ਕਈ ਕੈਚ ਛੱਡੇ ਸਨ। ਗੇਂਦਬਾਜ਼ੀ ਵਿੱਚ ਜੇਵੀਅਰ ਬਾਰਟਲੇਟ ਨੂੰ ਵੀ ਬਾਹਰ ਰੱਖਿਆ ਗਿਆ ਹੈ, ਜਿਨ੍ਹਾਂ ਦਾ ਇਕਾਨਮੀ ਰੇਟ 11 ਤੋਂ ਉੱਪਰ ਰਿਹਾ ਹੈ। ਉਨ੍ਹਾਂ ਦੀ ਜਗ੍ਹਾ ਸੂਰਿਆਂਸ਼ ਸ਼ੇਡਗੇ ਅਤੇ ਲੌਕੀ ਫਰਗੂਸਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ:

ਪੰਜਾਬ ਕਿੰਗਜ਼: ਪ੍ਰਭਸਿਮਰਨ ਸਿੰਘ, ਪ੍ਰਿਆਂਸ਼ ਆਰਿਆ, ਸ਼੍ਰੇਅਸ ਅਈਅਰ (ਕਪਤਾਨ), ਕੂਪਰ ਕੋਨਲੀ, ਸੂਰਿਆਂਸ਼ ਸ਼ੇਡਗੇ, ਨੇਹਾਲ ਵਢੇਰਾ, ਮਾਰਕਸ ਸਟੋਇਨਿਸ, ਮਾਰਕੋ ਯਾਨਸਨ, ਲੌਕੀ ਫਰਗੂਸਨ, ਅਰਸ਼ਦੀਪ ਸਿੰਘ ਅਤੇ ਯੁਜਵਿੰਦਰ ਚਾਹਲ

ਰਾਜਸਥਾਨ ਰਾਇਲਜ਼: ਵੈਭਵ ਸੂਰਿਆਵੰਸ਼ੀ, ਯਸ਼ਸਵੀ ਜਾਇਸਵਾਲ, ਧਰੁਵ ਜੁਰੇਲ, ਰਿਆਨ ਪਰਾਗ (ਕਪਤਾਨ), ਡੋਨੋਵਨ ਫਰੇਰਾ, ਰਵਿੰਦਰ ਜਡੇਜਾ, ਦਾਸੁਨ ਸ਼ਨਾਕਾ, ਜੋਫਰਾ ਆਰਚਰ, ਨਾਂਦਰੇ ਬਰਗਰ, ਬ੍ਰਿਜੇਸ਼ ਸ਼ਰਮਾ ਅਤੇ ਯਸ਼ ਰਾਜ ਪੁੰਜਾ


author

Rakesh

Content Editor

Related News