CSK ਖ਼ਿਲਾਫ਼ ਮੈਚ ਜਿੱਤਣ ਤੋਂ ਬਾਅਦ ''ਸਰਪੰਚ ਸਾਬ੍ਹ'' ਨੂੰ ਪੈ ਗਿਆ ''ਘਾਟਾ'' !
Thursday, May 01, 2025 - 09:35 AM (IST)

ਸਪੋਰਟਸ ਡੈਸਕ- ਬੁੱਧਵਾਰ ਨੂੰ ਚੇਨਈ ਦੇ ਚੇਪਾਕ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਪੰਜਾਬ ਕਿੰਗਜ਼ ਨੇ ਰੋਮਾਂਚਕ ਮੁਕਾਬਲੇ 'ਚ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਪਲੇਆਫ਼ 'ਚ ਜਗ੍ਹਾ ਬਣਾਉਣ ਵੱਲ ਮਜ਼ਬੂਤੀ ਨਾਲ ਕਦਮ ਵਧਾਏ ਹਨ। ਉੱਥੇ ਹੀ ਚੇਨਈ ਲਈ ਪਲੇਆਫ਼ 'ਚ ਪਹੁੰਚਣ ਦੀਆਂ ਬਚੀਆਂ-ਖੁਚੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ ਹਨ।
ਇਸ ਜਿੱਤ ਤੋਂ ਬਾਅਦ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਮੈਚ ਦੌਰਾਨ ਸਲੋਅ ਓਵਰ-ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ। ਇਹ ਪੰਜਾਬ ਕਿੰਗਜ਼ ਦਾ ਆਈ.ਪੀ.ਐੱਲ. ਆਚਾਰ ਸੰਹਿਤਾ ਦੀ ਧਾਰਾ 2.2 ਦੇ ਤਹਿਤ ਸੀਜ਼ਨ ਦਾ ਪਹਿਲਾ ਅਪਰਾਧ ਸੀ, ਜਿਸ ਕਾਰਨ ਕਪਤਾਨ ਅਈਅਰ ਨੂੰ 12 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ।
ਮੈਚ ਦੀ ਗੱਲ ਕਰੀਏ ਤਾਂ ਅਈਅਰ ਨੇ ਸੀਜ਼ਨ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ 41 ਗੇਂਦਾਂ 'ਚ 5 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 72 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਪ੍ਰਭਸਿਮਰਨ ਸਿੰਘ (54) ਦੇ ਸ਼ਾਨਦਾਰ ਅਰਧ ਸੈਂਕੜੇ ਤੇ 19ਵੇਂ ਓਵਰ 'ਚ ਯੁਜਵੇਂਦਰ ਚਾਹਲ ਦੀਆਂ 4 ਵਿਕਟਾਂ ਦੀ ਬਦੌਲਤ ਚੇਨਈ ਖ਼ਿਲਾਫ਼ ਰੋਮਾਂਚਕ ਜਿੱਤ ਦਰਜ ਕੀਤੀ ਸੀ।
ਇਸ ਜਿੱਤ ਮਗਰੋਂ ਪੰਜਾਬ ਕਿੰਗਜ਼ 10 'ਚੋਂ 6 ਮੁਕਾਬਲੇ ਜਿੱਤ ਕੇ ਤੇ 1 ਮੈਚ ਰੱਦ ਹੋਣ ਕਾਰਨ 13 ਅੰਕਾਂ ਨਾਲ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ ਤੇ ਉਸ ਨੇ ਪਲੇਆਫ਼ 'ਚ ਪਹੁੰਚਣ ਦੀ ਦਾਅਵੇਦਾਰੀ ਮਜ਼ਬੂਤ ਕਰ ਦਿੱਤੀ ਹੈ, ਉੱਥੇ ਹੀ ਚੇਨਈ ਸੁਪਰਕਿੰਗਜ਼ 10 'ਚੋਂ ਸਿਰਫ਼ 2 ਮੁਕਾਬਲੇ ਜਿੱਤ ਸਕੀ ਹੈ ਤੇ 4 ਅੰਕਾਂ ਨਾਲ ਆਖ਼ਰੀ ਸਥਾਨ 'ਤੇ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e