Paris Olympics: ਪਹਿਲਵਾਨ ਅੰਤਿਮ ਪੰਘਾਲ ਤੇ ਉਨ੍ਹਾਂ ਦੀ ਟੀਮ ਖਿਲਾਫ ਵੱਡੀ ਕਾਰਵਾਈ, ਪੈਰਿਸ ਤੋਂ ਕੀਤਾ ਡਿਪੋਰਟ
Thursday, Aug 08, 2024 - 01:03 PM (IST)
ਨਵੀਂ ਦਿੱਲੀ : ਭਾਰਤ ਲਈ ਇਹ ਬੇਹੱਦ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਅੰਤਿਮ ਪੰਘਾਲ ਅਤੇ ਉਨ੍ਹਾਂ ਦੇ ਪੂਰੇ ਦਲ ਨੂੰ ਪੈਰਿਸ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਅਨੁਸ਼ਾਸਨ ਦੀ ਉਲੰਘਣਾ ਕੀਤੀ ਹੈ। ਇਸ ਪਹਿਲਵਾਨ ਨੇ ਆਪਣੀ ਅਧਿਕਾਰਿਤ ਮਾਨਤਾ ਆਪਣੀ ਛੋਟੀ ਭੈਣ ਨੂੰ ਸੌਂਪੀ ਸੀ ਤਾਂ ਜੋ ਉਹ ਖੇਡ ਪਿੰਡ ਤੋਂ ਆਪਣਾ ਨਿੱਜੀ ਸਾਮਾਨ ਲਿਜਾ ਸਕੇ ਪਰ ਬਾਹਰ ਨਿਲਕਦੇ ਸਮੇਂ ਉਸ ਨੂੰ ਸੁਰੱਖਿਆ ਕਰਮੀਆਂ ਨੇ ਫੜ ਲਿਆ।
ਇਹ ਘਟਨਾ ਉਦੋਂ ਵਾਪਰੀ ਜਦੋਂ ਅੰਤਿਮ ਮਹਿਲਾਵਾਂ ਦੀ 53 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਵਿੱਚ ਪੈਰਿਸ ਓਲੰਪਿਕ ਵਿੱਚੋਂ ਬਾਹਰ ਹੋ ਗਈ। ਆਪਣੇ ਸ਼ੁਰੂਆਤੀ ਮੁਕਾਬਲੇ ਵਿੱਚ ਹਾਰਨ ਤੋਂ ਬਾਅਦ ਅੰਤਿਮ ਆਪਣੇ ਹੋਟਲ ਵਾਪਸ ਆ ਗਈ ਜਿੱਥੇ ਉਸਦਾ ਮਨੋਨੀਤ ਕੋਚ ਭਗਤ ਸਿੰਘ ਅਤੇ ਉਸਦੇ ਅਸਲ ਕੋਚ ਵਿਕਾਸ ਮੌਜੂਦ ਸਨ। ਅੰਤਿਮ ਨੇ ਆਪਣੀ ਭੈਣ ਨੂੰ ਖੇਡ ਪਿੰਡ ਤੋਂ ਆਪਣਾ ਸਮਾਨ ਇਕੱਠਾ ਕਰਨ ਲਈ ਕਿਹਾ। ਹਾਲਾਂਕਿ ਉਸ ਦੀ ਭੈਣ ਉੱਥੇ ਦਾਖਲ ਹੋਣ 'ਚ ਕਾਮਯਾਬ ਹੋ ਗਈ ਪਰ ਬਾਹਰ ਨਿਕਲਦੇ ਸਮੇਂ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ।
ਇਸ ਤੋਂ ਬਾਅਦ ਅੰਤਿਮ ਦੀ ਭੈਣ ਨੂੰ ਬਿਆਨ ਦਰਜ ਕਰਵਾਉਣ ਲਈ ਸਥਾਨਕ ਥਾਣੇ ਲਿਜਾਇਆ ਗਿਆ। 19 ਸਾਲਾ ਜੂਨੀਅਰ ਵਿਸ਼ਵ ਚੈਂਪੀਅਨ ਅੰਤਿਮ ਨੂੰ ਵੀ ਬਿਆਨ ਲਈ ਬੁਲਾਇਆ ਗਿਆ ਸੀ। ਆਈਓਏ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਭਾਰਤੀ ਓਲੰਪਿਕ ਸੰਘ ਨੇ ਪਹਿਲਵਾਨ ਅੰਤਿਮ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ ਹੈ, ਕਿਉਂਕਿ ਫਰਾਂਸੀਸੀ ਅਧਿਕਾਰੀਆਂ ਨੇ ਅਨੁਸ਼ਾਸਨੀ ਉਲੰਘਣ ਨੂੰ ਆਈਓਏ ਦੇ ਧਿਆਨ ਵਿੱਚ ਲਿਆਂਦਾ ਹੈ।"
ਹਾਲਾਂਕਿ ਆਈਓਏ ਨੇ ਇਹ ਨਹੀਂ ਦੱਸਿਆ ਕਿ ਅਨੁਸ਼ਾਸਨੀ ਉਲੰਘਣਾ ਕੀ ਸੀ, ਪਰ ਇੱਕ ਸੂਤਰ ਦੇ ਅਨੁਸਾਰ, 'ਖੇਡ ਪਿੰਡ ਜਾਣ ਦੀ ਬਜਾਏ, ਉਹ ਉਸ ਹੋਟਲ ਪਹੁੰਚੀ ਜਿੱਥੇ ਉਸ ਦੇ ਕੋਚ ਭਗਤ ਸਿੰਘ ਅਤੇ ਸਾਥੀ ਵਿਕਾਸ, ਜੋ ਅਸਲ ਵਿੱਚ ਉਸ ਦੇ ਕੋਚ ਹਨ, ਠਹਿਰੇ ਹੋਏ ਸਨ। ਅੰਤਿਮ ਨੇ ਆਪਣੀ ਭੈਣ ਨੂੰ ਖੇਡ ਪਿੰਡ ਜਾਣ ਅਤੇ ਆਪਣਾ ਸਮਾਨ ਲੈ ਕੇ ਵਾਪਸ ਆਉਣ ਲਈ ਕਿਹਾ। ਸੂਤਰ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਭੇਸ ਵਿਚ ਫੜ ਕੇ ਥਾਣੇ ਲਿਜਾਇਆ ਗਿਆ ਅਤੇ ਉਸ ਦੇ ਬਿਆਨ ਦਰਜ ਕੀਤੇ ਗਏ।
ਸਥਿਤੀ ਉਦੋਂ ਵਿਗੜ ਗਈ ਜਦੋਂ ਅੰਤਿਮ ਦੇ ਨਿੱਜੀ ਸਹਾਇਕ ਸਟਾਫ ਵਿਕਾਸ ਅਤੇ ਭਗਤ ਨੇ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿੱਚ ਕੈਬ ਵਿੱਚ ਸਫ਼ਰ ਕੀਤਾ ਅਤੇ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਡਰਾਈਵਰ ਨੇ ਪੁਲਸ ਨੂੰ ਬੁਲਾਇਆ। ਆਈਓਏ ਦੇ ਇੱਕ ਅਧਿਕਾਰੀ ਨੇ ਗੁੱਸੇ ਵਿੱਚ ਕਿਹਾ, 'ਅਸੀਂ ਅੱਗ ਨਾਲ ਲੜਨ ਲਈ ਨਿਕਲ ਪਏ ਹਾਂ।' ਸੰਪਰਕ ਕਰਨ 'ਤੇ ਵਿਕਾਸ ਨੇ ਅਜਿਹੀ ਕਿਸੇ ਵੀ ਘਟਨਾ 'ਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਵਿਕਾਸ ਨੇ ਕਿਹਾ, 'ਇਹ ਤੁਹਾਨੂੰ ਕਿਸ ਨੇ ਕਿਹਾ? ਅੰਤਿਮ ਤੇ ਉਸਦੀ ਭੈਣ ਮੇਰੇ ਸਾਹਮਣੇ ਹੀ ਬੈਠੇ ਹਨ।