ਵਿਨੇਸ਼ ਸਮੇਤ ਭਾਰਤੀ ਪਹਿਲਵਾਨਾਂ ਨੂੰ ਦੇਣੀ ਪਵੇਗੀ ਪ੍ਰੀਖਿਆ
Sunday, Aug 04, 2024 - 06:18 PM (IST)
ਪੈਰਿਸ– ਭਾਰਤ ਨੂੰ ਜੇਕਰ ਓਲੰਪਿਕ ਖੇਡਾਂ ਦੀ ਕੁਸ਼ਤੀ ਪ੍ਰਤੀਯੋਗਿਤਾ ਵਿਚ ਤਮਗਾ ਜਿੱਤਣ ਦਾ ਸਿਲਸਿਲਾ ਜਾਰੀ ਰੱਖਣਾ ਹੈ ਤਾਂ ਫਿਰ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਮੁਕਾਬਲਿਆਂ ਵਿਚ ਵਿਨੇਸ਼ ਫੋਗਾਟ ਸਮੇਤ ਸਾਰੇ 6 ਪਹਿਲਵਾਨਾਂ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤ ਨੇ ਬੀਜਿੰਗ ਓਲੰਪਿਕ 2008 ਤੋਂ ਲੈ ਕੇ ਹਰੇਕ ਓਲੰਪਿਕ ਖੇਡ ਦੀ ਕੁਸ਼ਤੀ ਪ੍ਰਤੀਯੋਗਿਤਾ ਵਿਚ ਤਮਗਾ ਜ਼ਰੂਰ ਜਿੱਤਿਆ ਹੈ। ਅਜਿਹੇ ਵਿਚ ਸਾਰਿਆਂ ਦੀਆਂ ਨਜ਼ਰਾਂ ਤਜਰਬੇਕਾਰ ਪਹਿਲਵਾਨ ਵਿਨੇਸ਼ ਫੋਗਾਟ ’ਤੇ ਟਿਕੀਆਂ ਰਹਿਣਗੀਆਂ, ਜਿਸਦਾ ਪਿਛਲਾ ਕੁਝ ਸਮਾਂ ਉੱਥਲ-ਪੁੱਥਲ ਵਿਚ ਬੀਤਿਆ ਹੈ।
ਵਿਨੇਸ਼ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ 2, ਰਾਸ਼ਟਰਮੰਡਲ ਖੇਡਾਂ ਵਿਚ 3 ਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ 8 ਤਮਗੇ ਜਿੱਤੇ ਹਨ ਪਰ ਉਹ ਅਜੇ ਤਕ ਓਲੰਪਿਕ ਤਮਗਾ ਨਹੀਂ ਜਿੱਤ ਸਕੀ। ਓਲੰਪਿਕ ਤੋਂ ਪਹਿਲਾਂ ਵਿਨੇਸ਼ ਨੂੰ ਅਭਿਆਸ ਦਾ ਲੋੜੀਂਦਾ ਮੌਕਾ ਨਹੀਂ ਮਿਲਿਆ। ਉਹ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਵਿਰੁੱਧ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਧਰਨਾ-ਪ੍ਰਦਰਸ਼ਨ ਕਰਨ ਵਾਲੇ ਪ੍ਰਮੁੱਖ ਖਿਡਾਰੀਆਂ ਵਿਚ ਸ਼ਾਮਲ ਰਹੀ। ਵਿਨੇਸ਼ ਦੀਆਂ ਚੁਣੌਤੀਆਂ ਇੱਥੇ ਖਤਮ ਨਹੀਂ ਹੋਈਆਂ। ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਸਕੀ।
ਅੰਤਿਮ ਪੰਘਾਲ ਨੇ ਉਸਦੇ ਭਾਰ ਵਰਗ 53 ਕਿ. ਗ੍ਰਾ. ਵਿਚ ਕੋਟਾ ਹਾਸਲ ਕਰ ਲਿਆ। ਇਸ ਕਾਰਨ ਵਿਨੇਸ਼ ਨੂੰ 50 ਕਿ. ਗ੍ਰਾ. ਭਾਰ ਵਰਗ ਵਿਚ ਆਪਣੀ ਚੁਣੌਤੀ ਪੇਸ਼ ਕਰਨੀ ਪੈ ਰਹੀ ਹੈ। ਉਹ ਗੈਰ ਦਰਜਾ ਪ੍ਰਾਪਤ ਹੈ, ਜਿਸਦਾ ਮਤਲਬ ਹੈ ਕਿ ਉਸਦਾ ਸਫਰ ਸੌਖਾਲਾ ਨਹੀਂ ਹੋਵੇਗਾ। ਵਿਨੇਸ਼ ਦੇ ਇਸ ਭਾਰ ਵਰਗ ਵਿਚ ਕਈ ਧਾਕੜ ਪਹਿਲਵਾਨ ਸ਼ਾਮਲ ਹਨ, ਜਿਨ੍ਹਾਂ ਵਿਚ 4 ਵਾਰ ਦੀ ਵਿਸ਼ਵ ਚੈਂਪੀਅਨ ਯੂਈ ਸੁਸਾਕੀ, 4 ਵਾਰ ਦੀ ਓਲੰਪਿਕ ਤਮਗਾ ਜੇਤੂ ਮਾਰੀਆ ਸਟੈਡਨਿਕ, ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਰਾ ਹਿਲਡੇਬ੍ਰਾਂਟ ਤੇ ਦੋ ਵਾਰ ਦੀ ਵਿਸ਼ਵ ਤਮਗਾ ਜੇਤੂ ਡੋਲਗੋਰਜਾਵਿਨ ਓਟਗੋਂਜਰਗਲ ਪ੍ਰਮੁੱਖ ਹਨ। ਅੰਸ਼ੂ ਮਲਿਕ (ਮਹਿਲਾ 57 ਕਿ. ਗ੍ਰਾ.) ਤੇ ਅਮਨ ਸਹਿਰਾਵਤ (ਪੁਰਸ਼ਾਂ ਦਾ 57 ਕਿ. ਗ੍ਰਾ.) ਵੀ ਤਮਗੇ ਦੇ ਦਾਅਵੇਦਾਰਾਂ ਵਿਚ ਸ਼ਾਮਲ ਹਨ। ਅੰਸ਼ੂ ਦੀ ਫਿਟਨੈੱਸ ਨੂੰ ਲੈ ਕੇ ਹਾਲਾਂਕਿ ਸ਼ੱਕ ਬਣਿਆ ਹੋਇਆ ਹੈ ਕਿਉਂਕਿ ਅਭਿਆਸ ਦੌਰਾਨ ਉਸਦੀ ਧੌਣ ਵਿਚ ਅਕੜਾ ਆ ਗਿਆ ਸੀ।
ਅੰਤਿਮ ਪੰਘਾਲ ਦੀ ਤਿਆਰੀ ਵੀ ਅਨੁਕੂਲ ਨਹੀਂ ਰਹੀ। ਉਸ ਨੂੰ ਪਿਛਲੇ ਸਾਲ ਏਸ਼ੀਆਈ ਖੇਡਾਂ ਤੋਂ ਬਾਅਦ ਪ੍ਰਤੀਯੋਗਿਤਾਵਾਂ ਵਿਚ ਕਿਸੇ ਤਰ੍ਹਾਂ ਦੀ ਸਖਤ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਪਿੱਠ ਦੀ ਸੱਟ ਕਾਰਨ ਉਹ ਇਸ ਸਾਲ ਮਾਰਚ ਵਿਚ ਏਸ਼ੀਆਈ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਸਕੀ ਸੀ। ਭਾਰਤ ਪਹਿਲੀ ਵਾਰ ਮਹਿਲਾਵਾਂ ਦੇ 76 ਕਿ. ਗ੍ਰਾ. ਹੈਵੀਵੇਟ ਵਰਗ ਵਿਚ ਚੁਣੌਤੀ ਪੇਸ਼ ਕਰੇਗਾ, ਜਿਸ ਵਿਚ ਰਿਤਿਕਾ ਦਾਅ ਲਗਾਏਗੀ। ਉਸ ਨੂੰ ਤਮਗੇ ਦਾ ਦਾਅਵੇਦਾਰ ਨਹੀਂ ਮੰਨਿਆ ਜਾ ਰਿਹਾ ਹੈ ਪਰ ਉਹ ਛੁਪਾ ਰੁਸਤਮ ਸਾਬਤ ਹੋ ਸਕਦੀ ਹੈ ਤੇ ਆਪਣੇ ਪ੍ਰਦਰਸ਼ਨ ਨਾਲ ਲੋਕਾਂ ਨੂੰ ਹੈਰਾਨ ਕਰ ਸਕਦੀ ਹੈ। ਓਲੰਪਿਕ ਵਿਚ ਚੁਣੌਤੀ ਪੇਸ਼ ਕਰ ਰਹੀ ਭਾਰਤ ਦੀ ਇਕ ਹੋਰ ਪਹਿਲਵਾਨ ਨਿਸ਼ਾ ਦਹੀਆ ਕੋਲ ਬਹੁਤ ਘੱਟ ਤਜਰਬਾ ਹੈ। ਉਹ ਮਹਿਲਾਵਾਂ ਦੇ 68 ਕਿ. ਗ੍ਰਾ. ਭਾਰ ਵਰਗ ਵਿਚ ਆਪਣੀ ਚੁਣੌਤੀ ਪੇਸ਼ ਕਰੇਗੀ।