ਬਲਰਾਜ ਪੰਵਾਰ ਰੋਇੰਗ ਦੇ ਆਖਰੀ ਡੀ ''ਚ ਪੰਜਵੇਂ ਸਥਾਨ ’ਤੇ ਰਹੇ
Friday, Aug 02, 2024 - 03:44 PM (IST)

ਪੈਰਿਸ : ਭਾਰਤ ਦੇ ਬਲਰਾਜ ਪੰਵਾਰ ਪੈਰਿਸ ਓਲੰਪਿਕ ਵਿੱਚ ਪੁਰਸ਼ ਸਿੰਗਲ ਸਕਲਸ ਮੁਕਾਬਲੇ ਦੇ ਫਾਈਨਲ ਡੀ ਵਿੱਚ 7:02.37 ਦੇ ਸਮੇਂ ਨਾਲ ਪੰਜਵੇਂ ਸਥਾਨ ’ਤੇ ਰਹੇ। ਇਸ ਨਾਲ ਭਾਰਤ ਦੀ ਰੋਇੰਗ ਮੁਹਿੰਮ ਖਤਮ ਹੋ ਗਈ। 25 ਸਾਲਾ ਫੌਜੀ ਸਿਪਾਹੀ, ਜਿਸ ਨੇ ਸਿਰਫ ਚਾਰ ਸਾਲ ਪਹਿਲਾਂ ਖੇਡ ਨੂੰ ਸ਼ੁਰੂ ਕੀਤਾ ਸੀ, ਉਹ ਆਪਣੇ ਓਲੰਪਿਕ ਡੈਬਿਊ ਵਿੱਚ ਕੁੱਲ ਮਿਲਾ ਕੇ 23ਵੇਂ ਸਥਾਨ 'ਤੇ ਹੈ। ਹਾਲਾਂਕਿ ਉਹ ਓਲੰਪਿਕ 'ਚ ਰੋਇੰਗ 'ਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਨਹੀਂ ਦੇ ਸਕਿਆ। ਇਹ ਰਿਕਾਰਡ ਅਜੇ ਵੀ ਪੁਰਸ਼ਾਂ ਦੀ ਲਾਈਟਵੇਟ ਡਬਲ ਸਕਲਜ਼ ਜੋੜੀ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਦੇ ਕੋਲ ਹੈ, ਜੋ ਟੋਕੀਓ 2020 ਵਿੱਚ 11ਵੇਂ ਸਥਾਨ 'ਤੇ ਰਹੀ ਸੀ।
ਜ਼ਿਕਰਯੋਗ ਹੈ ਕਿ ਪੰਵਾਰ ਨੇ ਇਸ ਸਾਲ ਅਪ੍ਰੈਲ ਵਿੱਚ ਦੱਖਣੀ ਕੋਰੀਆ ਦੇ ਚੁੰਗਜੂ ਵਿੱਚ ਏਸ਼ਿਆਈ ਅਤੇ ਓਸ਼ੀਅਨ ਰੋਇੰਗ ਓਲੰਪਿਕ ਕੁਆਲੀਫ਼ਿਕੇਸ਼ਨ ਰੇਗਟਾ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਪੈਰਿਸ ਓਲੰਪਿਕ 2024 ਲਈ ਕੋਟਾ ਹਾਸਲ ਕੀਤਾ ਸੀ।