ਉਸਮਾਨ ਡੇਂਬਲੇ ਤੇ ਏਤਾਨਾ ਬੋਨਮਾਟੀ ਨੂੰ ਸਰਵੋਤਮ ਖਿਡਾਰੀ ਦਾ ਐਵਾਰਡ
Thursday, Dec 18, 2025 - 03:47 PM (IST)
ਦੋਹਾ– ਉਸਮਾਨ ਡੇਂਬਲੇ ਤੇ ਏਤਾਨਾ ਬੋਨਮਾਟੀ ਨੂੰ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਦੇ ਐਵਾਰਡਾਂ ਵਿਚ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿਚ 2025 ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਬੈਲੇਨ ਡੀ ਓਰ ਦਾ ਵੱਕਾਰੀ ਐਵਾਰਡ ਵੀ ਜਿੱਤਿਆ ਸੀ।
ਡੇਂਬਲੇ ਨੇ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੂੰ ਉਸਦਾ ਪਹਿਲਾ ਚੈਂਪੀਅਨਜ਼ ਲੀਗ ਖਿਤਾਬ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ। ਬੋਨਮਾਟੀ ਨੇ ਇਸ ਸਾਲ ਸਪੇਨ ਤੇ ਬਾਰਸੀਲੋਨਾ ਵੱਲੋਂ ਸ਼ਾਨਦਾਰ ਖੇਡ ਦਿਖਾਈ ਸੀ।
ਫੀਫਾ ਐਵਾਰਡਾਂ ਲਈ ਦੁਨੀਆ ਭਰ ਦੇ ਰਾਸ਼ਟਰੀ ਟੀਮਾਂ ਦੇ ਕਪਤਾਨ, ਕੋਚ, ਮੀਡੀਆ ਤੇ ਪ੍ਰਸ਼ੰਸਕ ਵੋਟਿੰਗ ਕਰਦੇ ਹਨ। ਯੂਰਪ ਦੇ ਦੋ ਕੋਚਾਂ ਨੂੰ ਸਰਵੋਤਮ ਕੋਚ ਚੁਣਿਆ ਗਿਆ। ਇਨ੍ਹਾਂ ਵਿਚ ਮਹਿਲਾ ਵਰਗ ਵਿਚ ਸਰੀਨਾ ਵਿਗਮੈਨ ਸ਼ਾਮਲ ਹੈ, ਜਿਸ ਨੇ ਇੰਗਲੈਂਡ ਨੂੰ ਲਗਾਤਾਰ ਦੂਜੀ ਵਾਰ ਮਹਿਲਾ ਯੂਰੋ ਖਿਤਾਬ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਪੁਰਸ਼ ਵਰਗ ਵਿਚ ਇਹ ਐਵਾਰਡ ਲੂਈ ਐਨਰਿਕ ਨੂੰ ਮਿਲਿਆ, ਜਿਸ ਨੇ ਪੀ. ਐੱਸ. ਜੀ. ਨੂੰ ਚੈਂਪੀਅਨਜ਼ ਲੀਗ ਤੇ ਫਰਾਂਸੀਸੀ ਲੀਗ ਦਾ ਖਿਤਾਬ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
