ਹਾਲੇ ਬਾਕੀ ਹੈ ਉਮੀਦ... ! ਵਿਨੇਸ਼ ਫੋਗਾਟ ਦੀ ਡਿਸਕੁਆਲੀਫਿਕੇਸ਼ਨ ਮਾਮਲੇ ''ਚ ਆਇਆ ਨਵਾਂ ਮੋੜ
Friday, Aug 09, 2024 - 05:20 AM (IST)
ਸਪੋਰਟਸ ਡੈਸਕ- ਪੈਰਿਸ ਓਲੰਪਿਕ 'ਚ ਕੁਸ਼ਤੀ ਦੇ 50 ਕਿੱਲੋਗ੍ਰਾਮ ਵਰਗ 'ਚ ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣਨ ਵਾਲੀ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਭਾਰ ਵੱਧ ਹੋਣ ਕਾਰਨ ਫਾਈਨਲ ਮੁਕਾਬਲੇ 'ਚੋਂ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ। ਉਨ੍ਹਾਂ ਫਾਈਨਲ ਮੁਕਾਬਲਾ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਸਿਲਵਰ ਮੈਡਲ ਵੀ ਨਹੀਂ ਦਿੱਤਾ ਗਿਆ ਤੇ ਖਾਲੀ ਹੱਥ ਘਰ ਵਾਪਸੀ ਲਈ ਮਜਬੂਰ ਹੋਣਾ ਪਿਆ।
ਉਸ ਨੇ ਇਸ ਮਾਮਲੇ ਨੂੰ ਲੈ ਕੇ ਕੋਰਟ ਆਫ਼ ਆਰਬਿਟ੍ਰੇਸ਼ਨ ਫਾਰ ਸਪੋਰਟਸ (ਸੀ.ਏ.ਐੱਸ.) 'ਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਚ ਉਸ ਨੇ ਮੰਗ ਕੀਤੀ ਸੀ ਕਿ ਉਸ ਨੂੰ ਫਾਈਨਲ ਮੁਕਾਬਲਾ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ। ਉਸ ਨੇ ਇਹ ਵੀ ਮੰਗ ਕੀਤੀ ਸੀ ਕਿ ਉਸ ਨੂੰ ਘੱਟੋ-ਘੱਟ ਚਾਂਦੀ ਦਾ ਤਮਗਾ ਦੇ ਦਿੱਤਾ ਜਾਵੇ।
ਹੁਣ ਉਸ ਦੀ ਇਸ ਪਟੀਸ਼ਨ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਸੀ.ਏ.ਐੱਸ. ਨੇ ਉਸ ਦੀ ਇਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਤੇ ਇਸ 'ਤੇ ਭਲਕੇ ਸੁਣਵਾਈ ਹੋਵੇਗੀ। ਜੇਕਰ ਸੁਣਵਾਈ ਦੌਰਾਨ ਸਭ ਠੀਕ ਰਿਹਾ ਤਾਂ ਹੋ ਸਕਦਾ ਹੈ ਕਿ ਵਿਨੇਸ਼ ਨੂੰ ਚਾਂਦੀ ਦਾ ਤਮਗਾ ਦੇ ਦਿੱਤਾ ਜਾਵੇ, ਜਾਂ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਫਾਈਨਲ ਮੁਕਾਬਲਾ ਖੇਡਣ ਦੀ ਇਜਾਜ਼ਤ ਵੀ ਦੇ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਵਿਨੇਸ਼ ਨੇ ਇਸ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ 'ਚ ਜਗ੍ਹਾ ਬਣਾਈ ਸੀ, ਪਰ 50 ਕਿੱਲੋਗ੍ਰਾਮ ਤੋਂ 100 ਗ੍ਰਾਮ ਭਾਰ ਵੱਧ ਹੋਣ ਕਾਰਨ ਉਸ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ, ਜਿਸ ਤੋਂ ਨਿਰਾਸ਼ ਹੋ ਕੇ ਉਸ ਨੇ ਇਕ ਭਾਵੁਕ ਪੋਸਟ ਸ਼ੇਅਰ ਕਰਦਿਆਂ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e