ਸੱਟ ਹੁਣ ਠੀਕ ਹੈ, ਅਗਲਾ ਵੱਡਾ ਟੀਚਾ 2025 ਵਿਸ਼ਵ ਚੈਂਪੀਅਨਸ਼ਿਪ : ਨੀਰਜ ਚੋਪੜਾ

Saturday, Sep 28, 2024 - 10:56 AM (IST)

ਸੱਟ ਹੁਣ ਠੀਕ ਹੈ, ਅਗਲਾ ਵੱਡਾ ਟੀਚਾ 2025 ਵਿਸ਼ਵ ਚੈਂਪੀਅਨਸ਼ਿਪ : ਨੀਰਜ ਚੋਪੜਾ

ਸੋਨੀਪਤ– ਭਾਰਤੀ ਸਟਾਰ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਨੇ ਆਗਾਮੀ ਸੈਸ਼ਨ ਲਈ ਸੌ ਫੀਸਦੀ ਫਿੱਟ ਹੋਣ ਦਾ ਵਾਅਦਾ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਸਦਾ ਅਗਲਾ ਟੀਚਾ 2025 ਟੋਕੀਓ ਵਿਸ਼ਵ ਚੈਂਪੀਅਨਸ਼ਿਪ ਵਿਚ ਪੋਡੀਅਮ ’ਤੇ ਜਗ੍ਹਾ ਹਾਸਲ ਕਰਨਾ ਹੈ। ਓਲੰਪਿਕ ਵਿਚ ਦੋ ਵਾਰ ਦਾ ਤਮਗਾ ਜੇਤੂ ਨੀਰਜ ਡਾਇਮੰਡ ਲੀਗ ਦੇ ਫਾਈਨਲ ਵਿਚ ਦੂਜੇ ਸਥਾਨ ’ਤੇ ਰਿਹਾ ਸੀ। ਉਹ ਆਪਣੇ ਮੌਜੂਦਾ ਸੈਸ਼ਨ ਨੂੰ ਖਤਮ ਕਰ ਕੇ ਵਤਨ ਵਾਪਸ ਆ ਗਿਆ ਹੈ।

ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਨੇ ਪੈਰਿਸ ਓਲੰਪਿਕ ਵਿਚ ਚਾਂਦੀ ਤਮਗਾ ਆਪਣੇ ਨਾਂ ਕੀਤਾ। ਉਹ ਲਗਾਤਾਰ ਦੋ ਓਲੰਪਿਕ ਵਿਚ ਤਮਗਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਟ੍ਰੈਕ ਐਂਡ ਫੀਲਡ ਐਥਲੀਟ ਹੈ। ਇਸ 26 ਸਾਲਾ ਖਿਡਾਰੀ ਨੇ ਕਿਹਾ,‘‘ਮੇਰਾ ਸੈਸ਼ਨ ਹੁਣ ਖਤਮ ਹੋ ਗਿਆ ਹੈ। ਅਗਲੇ ਸਾਲ ਦਾ ਸਭ ਤੋਂ ਵੱਡਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਹੈ ਤੇ ਅਸੀਂ ਇਸਦੇ ਲਈ ਹੁਣ ਤੋਂ ਤਿਆਰੀ ਸ਼ੁਰੂ ਕਰ ਦੇਵਾਂਗੇ। ਓਲੰਪਿਕ ਸਾਡੇ ਦਿਮਾਗ ਵਿਚ ਰਹਿੰਦਾ ਹੈ ਪਰ ਉਸਦੇ ਲਈ ਸਾਰਿਆਂ ਕੋਲ ਚਾਰ ਸਾਲ ਹਨ।’’
ਵਿਸ਼ਵ ਚੈਂਪੀਅਨਸ਼ਿਪ ਅਗਲੇ ਸਾਲ 13 ਤੋਂ 21 ਸਤੰਬਰ ਤੱਕ ਆਯੋਜਿਤ ਹੋਣ ਵਾਲੀ ਹੈ। ਚੋਪੜਾ ਪੂਰੇ ਸਾਲ ਮਾਸਪੇਸ਼ੀਆਂ ਦੀ ਸੱਟ ਨਾਲ ਜੂਝਦਾ ਰਿਹਾ ਤੇ ਇਸ ਨਾਲ ਓਲੰਪਿਆਡ ਤੇ ਡਾਇਮੰਡ ਲੀਗ ਫਾਈਨਲ ਦੋਵਾਂ ਵਿਚ ਉਸਦਾ ਪ੍ਰਦਰਸ਼ਨ ਪ੍ਰਭਾਵਿਤ ਹੋਇਆ ਹੈ। ਡਾਇਮੰਡ ਲੀਗ ਫਾਈਨਲ ਵਿਚ ਉਸ ਨੇ ਟੁੱਟੇ ਹੋਏ ਸੱਜੇ ਹੱਥ ਨਾਲ ਹੀ ਮੁਕਾਬਲੇਬਾਜ਼ੀ ਕੀਤੀ ਸੀ। ਉਸ ਨੇ ਸੈਸ਼ਨ ਦੇ ਅੰਤ ਵਿਚ ਡਾਕਟਰਾਂ ਤੋਂ ਸਲਾਹ ਲੈਣ ਦੀ ਗੱਲ ਕੀਤੀ ਸੀ ਤਾਂ ਕਿ ਇਹ ਤੈਅ ਕੀਤਾ ਜਾ ਸਕੇ ਕਿ ਸੱਟ ਤੋਂ ਉੱਭਰਨ ਲਈ ਸਰਜਰੀ ਦੀ ਲੋੜ ਹੋਵੇਗੀ ਜਾਂ ਨਹੀਂ। ਚੋਪੜਾ ਨੇ ਫਿਟਨੈੱਸ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਸੱਟ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕਿਹਾ ਕਿ ਆਪਣੀ ਤਕਨੀਕ ਵਿਚ ਸੁਧਾਰ ਕਰਨ ’ਤੇ ਧਿਆਨ ਦੇ ਰਿਹਾ ਹੈ।


author

Aarti dhillon

Content Editor

Related News