ਮੁੰਬਈ ਦਾ ਸਾਹਮਣਾ ਅੱਜ ਹੈਦਰਾਬਾਦ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
Thursday, Apr 17, 2025 - 12:07 PM (IST)

ਮੁੰਬਈ– ਅਜੇ ਤੱਕ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਵਿਚ ਅਸਫਲ ਰਹੀ ਮੁੰਬਈ ਇੰਡੀਅਨਜ਼ ਦੀ ਟੀਮ ਵੀਰਵਾਰ ਨੂੰ ਇੱਥੇ ਬੱਲੇਬਾਜ਼ਾਂ ਲਈ ਅਨੁਕੂਲ ਸਥਿਤੀਆਂ ਵਿਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਦੇ ਹਮਲਾਵਰ ਬੱਲੇਬਾਜ਼ਾਂ ’ਤੇ ਰੋਕ ਲਾਉਣ ਲਈ ਆਪਣੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਜ਼ਖ਼ਮੀ ਹੋਣ ਕਾਰਨ ਤਿੰਨ ਮਹੀਨਿਆਂ ਬਾਅਦ ਵਾਪਸੀ ਕਰਨ ਵਾਲਾ ਬੁਮਰਾਹ ਅਜੇ ਤੱਕ ਆਪਣੀ ਉਸ ਤਰ੍ਹਾਂ ਦੀ ਲੈਅ ਹਾਸਲ ਨਹੀਂ ਕਰ ਸਕਿਆ, ਜਿਸ ਕਾਰਨ ਉਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਗੇਂਦਬਾਜ਼ ਮੰਨਿਆ ਜਾਂਦਾ ਹੈ।
ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਆਪਣੇ ਵਾਪਸੀ ਮੈਚ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੁਮਰਾਹ ਦੀ ਦਿੱਲੀ ਕੈਪੀਟਲਸ ਵਿਰੁੱਧ ਮੈਚ ਵਿਚ ਇਕ ਨਹੀਂ ਚੱਲੀ ਤੇ ਉਸ ਨੇ 44 ਦੌੜਾਂ ਦੇ ਦਿੱਤੀਆਂ। ਬੁਮਰਾਹ ਨੂੰ ਆਪਣੇ ਯਾਰਕਰ ’ਤੇ ਕੰਟਰੋਲ ਕਰਨ ਲਈ ਸੰਘਰਸ਼ ਕਰਨਾ ਪਿਆ । ਇਸ ਮੈਚ ਵਿਚ ਦਿੱਲੀ ਦੇ ਬੱਲੇਬਾਜ਼ ਕਰੁਣ ਨਾਇਰ ਨੇ ਉਸ ਨੂੰ ਆਪਣੇ ਨਿਸ਼ਾਨੇ ’ਤੇ ਰੱਖਿਆ ਸੀ। ਇਸ 31 ਸਾਲਾ ਤੇਜ਼ ਗੇਂਦਬਾਜ਼ ਨੂੰ ਹੁਣ ਸਨਰਾਈਜ਼ਰਜ਼ ਦੇ ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ ਤੇ ਹੈਨਰਿਕ ਕਲਾਸੇਨ ਵਰਗੇ ਧਮਾਕੇਦਾਰ ਬੱਲੇਬਾਜ਼ਾਂ ਦੇ ਸਾਹਮਣੇ ਸਖਤ ਪ੍ਰੀਖਿਆ ਵਿਚੋਂ ਲੰਘਣਾ ਪਵੇਗਾ। ਮੁੰਬਈ ਜੇਕਰ ਪਿਛਲੇ ਮੈਚ ਵਿਚ ਦਿੱਲੀ ਵਿਰੁੱਧ ਜਿੱਤ ਦਰਜ ਕਰ ਸਕੀ ਸੀ ਤਾਂ ਇਸ ਵਿਚ ਉਸਦੀ ਸ਼ਾਨਦਾਰ ਫੀਲਡਿੰਗ ਦਾ ਅਹਿਮ ਯੋਗਦਾਨ ਰਿਹਾ ਸੀ। ਇਸ ਨਾਲ ਟੀਮ ਦਾ ਆਤਮਵਿਸ਼ਵਾਸ ਵੀ ਵਧਿਆ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ 'ਸ਼ੇਰ' ਦਾ ਜ਼ਬਰਦਸਤ ਰਿਕਾਰਡ, ਜੋ ਅੱਜ ਤਕ ਕੋਈ ਨਹੀਂ ਕਰ ਸਕਿਆ ਉਹ ਚਾਹਲ ਨੇ ਕਰ ਵਿਖਾਇਆ
ਜਿੱਥੋਂ ਤੱਕ ਸਨਰਾਈਜ਼ਰਜ਼ ਦੀ ਗੱਲ ਹੈ ਤਾਂ ਉਸਦੀ ਟੀਮ ਵੀ ਸੰਘਰਸ਼ ਕਰ ਰਹੀ ਹੈ। ਉਸ ਨੇ ਵੀ ਅਜੇ ਤੱਕ 2 ਮੈਚ ਜਿੱਤੇ ਹਨ ਪਰ ਮੁੰਬਈ ਦੀ ਨੈੱਟ ਰਨ ਰੇਟ ਉਸ ਤੋਂ ਬਿਹਤਰ ਹੈ। ਸਨਰਾਈਜ਼ਰਜ਼ ਦੀ ਟੀਮ ਅਜੇ 9ਵੇਂ ਸਥਾਨ ’ਤੇ ਹੈ। ਸਨਰਾਈਜ਼ਰਜ਼ ਦੀ ਟੀਮ ਚੰਗਾ ਪ੍ਰਦਰਸ਼ਨ ਕਰਨ ਲਈ ਆਪਣੀ ਬੱਲੇਬਾਜ਼ੀ ’ਤੇ ਕਾਫੀ ਨਿਰਭਰ ਹੈ ਪਰ ਉਸਦੇ ਪ੍ਰਮੁੱਖ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਘਾਟ ਹੈ।
ਪੰਜਾਬ ਕਿੰਗਜ਼ ਵਿਰੁੱਧ ਮੈਚ ਵਿਚ ਸਨਰਾਈਜ਼ਰਜ਼ ਦੇ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ, ਜਿਸ ਨਾਲ ਟੀਮ 246 ਦੌੜਾਂ ਦੇ ਰਿਕਾਰਡ ਟੀਚੇ ਨੂੰ ਹਾਸਲ ਕਰਨ ਵਿਚ ਸਫਲ ਰਹੀ। ਇਸ ਮੈਚ ਵਿਚ ਅਭਿਸ਼ੇਕ ਨੇ 141 ਦੌੜਾਂ ਦੀ ਬਣਾਈਆਂ ਸਨ। ਇਸ ਮੈਚ ਵਿਚ ਸਨਰਾਈਜ਼ਰਜ਼ ਦੇ ਬੱਲੇਬਾਜ਼ ਕਿਸ਼ਨ ’ਤੇ ਵੀ ਨਜ਼ਰਾਂ ਰਹਿਣਗੀਆਂ ਜਿਹੜਾ ਆਪਣੀ ਸਾਬਕਾ ਫ੍ਰੈਂਚਾਈਜ਼ੀ ਟੀਮ ਵਿਰੁੱਧ ਚੰਗਾ ਪ੍ਰਦਰਸ਼ਨ ਕਰਨ ਲਈ ਬੇਤਾਬ ਹੋਵੇਗਾ।
ਵਾਨਖੇੜੇ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਦੇ ਅਨੁਕੂਲ ਰਹੀ ਹੈ ਪਰ ਗੇਂਦਬਾਜ਼ ਵੀ ਇਸ ਤੋਂ ਮਿਲਣ ਵਾਲੀ ਉਛਾਲ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8