ਮੁੰਬਈ ਦਾ ਸਾਹਮਣਾ ਅੱਜ ਗੁਜਰਾਤ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
Tuesday, May 06, 2025 - 11:26 AM (IST)

ਮੁੰਬਈ–ਪਲੇਅ ਆਫ ਵਿਚ ਪਹੁੰਚਣ ਦੀ ਪ੍ਰਮੁੱਖ ਦਾਅਵੇਦਾਰ ਮੁੰਬਈ ਇੰਡੀਅਨਜ਼ ਦਾ ਸਾਹਮਣਾ ਆਈ. ਪੀ. ਐੱਲ. ਵਿਚ ਮੰਗਲਵਾਰ ਨੂੰ ਗੁਜਰਾਤ ਟਾਈਟਨਜ਼ ਨਾਲ ਹੋਵੇਗਾ ਤਾਂ ਫਾਰਮ ਵਿਚ ਚੱਲ ਰਹੇ ਗੁਜਰਾਤ ਦੇ ਚੋਟੀਕ੍ਰਮ ਦੇ ਤਿੰਨੇ ਬੱਲੇਬਾਜ਼ਾਂ ਲਈ ਬਿਹਤਰੀਨ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕਰਨ ਦੀ ਸਖਤ ਚੁਣੌਤੀ ਹੋਵੇਗੀ। ਸਾਰੀਆਂ ਟੀਮਾਂ ਵਿਚ ਸਰਵੋਤਮ ਨੈੱਟ ਰਨ ਰੇਟ ਵਾਲੀ ਮੁੰਬਈ ਦੀ ਟੀਮ ਨੂੰ ਬਾਕੀ 3 ਵਿਚੋਂ 2 ਮੈਚ ਜਿੱਤਣੇ ਪੈਣਗੇ ਤਾਂ ਕਿ ਪਲੇਅ ਆਫ ਵਿਚ ਪ੍ਰਵੇਸ਼ ਕਰ ਸਕੇ।
5 ਵਾਰ ਦੀ ਚੈਂਪੀਅਨ ਟੀਮ ਇਨ੍ਹਾਂ ਵਿਚੋਂ 2 ਮੈਚ ਆਪਣੇ ਮੈਦਾਨ ’ਤੇ ਖੇਡੇਗੀ ਜਿੱਥੇ ਉਸ ਨੇ 5 ਵਿਚੋਂ 4 ਮੈਚ ਜਿੱਤੇ ਹਨ। ਉੱਥੇ ਹੀ, ਚੌਥੀ ਰੈਂਕਿੰਗ ਵਾਲੀ ਗੁਜਰਾਤ ਦੀ ਟੀਮ ਨੂੰ ਅਜੇ ਚਾਰ ਮੈਚ ਖੇਡਣੇ ਹਨ, ਜਿਨ੍ਹਾਂ ਵਿਚੋਂ 2 ਅਹਿਮਦਾਬਾਦ ਵਿਚ ਖੇਡਣੇ ਹਨ, ਜਿੱਥੇ ਉਸ ਨੇ 5 ਵਿਚੋਂ 4 ਮੈਚ ਜਿੱਤੇ ਹਨ।
ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਟੀਮ ਨੂੰ ਵੀ ਪਲੇਅ ਆਫ ਵਿਚ ਪਹੁੰਚਣ ਲਈ ਦੋ ਮੈਚ ਹੋਰ ਜਿੱਤਣੇ ਹਨ। ਗੁਜਰਾਤ ਦੇ ਬੀ. ਸਾਈ ਸੁਦਰਸ਼ਨ (504 ਦੌੜਾਂ), ਜੋਸ ਬਟਲਰ (470) ਤੇ ਕਪਤਾਨ ਗਿੱਲ (465) ਜ਼ਬਰਦਸਤ ਫਾਰਮ ਵਿਚ ਹਨ। ਹੁਣ ਉਨ੍ਹਾਂ ਨੂੰ ਟ੍ਰੇਂਟ ਬੋਲਟ (16 ਵਿਕਟਾਂ), ਹਾਰਦਿਕ ਪੰਡਯਾ (13), ਜਸਪ੍ਰੀਤ ਬੁਮਰਾਹ (11) ਤੇ ਦੀਪਕ ਚਾਹਰ (9) ਦਾ ਸਾਹਮਣਾ ਕਰਨਾ ਹੈ ਜਿਹੜਾ ਸੌਖਾਲਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਕੀ ਬੰਦ ਹੋਵੇਗੀ Dream 11? ਰੋਹਿਤ-ਧੋਨੀ ਸਣੇ ਦਿੱਗਜ ਕ੍ਰਿਕਟਰ ਵੀ ਲਪੇਟ 'ਚ
ਮੁੰਬਈ ਦੇ ਜਿੱਤ ਦੀ ਰਾਹ ’ਤੇ ਪਰਤਣ ਤੋਂ ਬਾਅਦ ਤੋਂ ਇਨ੍ਹਾਂ ਨੇ ਕਿਸੇ ਮੈਚ ਵਿਚ 200 ਤੋਂ ਵੱਧ ਦੌੜਾਂ ਵਿਰੋਧੀ ਟੀਮ ਨੂੰ ਬਣਾਉਣ ਨਹੀਂ ਦਿੱਤੀਆਂ। ਮੁੰਬਈ ਖਰਾਬ ਸ਼ੁਰੂਆਤ ਤੋਂ ਬਾਅਦ ਲਗਾਤਾਰ 6 ਮੈਚ ਜਿੱਤ ਕੇ ਆਤਮਵਿਸ਼ਵਾਸ ਨਾਲ ਭਰੀ ਹੈ। ਗੁਜਰਾਤ ਦੀ ਸਫਲਤਾ ਦੀ ਕੁੰਜੀ ਉਸਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਰਹੀ ਹੈ।
ਦੂਜੇ ਪਾਸੇ ਮੁੰਬਈ ਨੂੰ ਵੀ ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਦੇ ਸ਼ਾਨਦਾਰ ਰਿਕਾਰਡ ਤੋਂ ਚਿੰਤਾ ਹੋ ਰਹੀ ਹੋਵੇਗੀ। ਗੁਜਰਾਤ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਤਿੰਨ ਮੈਚ ਵੱਡੇ ਫਰਕ ਨਾਲ ਜਿੱਤੇ ਹਨ। ਗੁਜਰਾਤ ਦੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਦੀ ਸ਼ਾਨਦਾਰ ਫਾਰਮ ਦੇ ਕਾਰਨ ਬਾਕੀ ਬੱਲੇਬਾਜ਼ਾਂ ਦੀ ਪ੍ਰੀਖਿਆ ਨਹੀਂ ਹੋ ਸਕੀ ਹੈ। ਮੱਧਕ੍ਰਮ ਵਿਚ ਸ਼ੇਰਫਾਨ ਰਦਰਫੋਰਡ (201) ਨੂੰ ਕੁਝ ਮੌਕਾ ਮਿਲਿਆ ਹੈ। ਮੁੰਬਈ ਦੇ ਗੇਂਦਬਾਜ਼ਾਂ ਦਾ ਟੀਚਾ ਹੁਣ ਗੁਜਰਾਤ ਦੇ ਚੋਟੀਕ੍ਰਮ ਨੂੰ ਸਸਤੇ ਵਿਚ ਸਮੇਟਣ ਦਾ ਹੋਵੇਗਾ।
ਤਿੰਨ ਸੈਸ਼ਨ ਪਹਿਲਾਂ ਹਾਰਾਦਿਕ ਦੀ ਕਪਤਾਨੀ ਵਿਚ ਗੁਜਰਾਤ ਨੇ ਡੈਬਿਊ ਦੇ ਨਾਲ ਆਈ. ਪੀ. ਐੱਲ. ਖਿਤਾਬ ਜਿੱਤਿਆ ਸੀ। ਉੱਥੇ ਹੀ, ਹਾਰਦਿਕ ਹੁਣ ਮੁੰਬਈ ਦਾ ਕਪਤਾਨ ਹੈ, ਜਿਸ ਨੇ ਬੇਹੱਦ ਔਸਤ ਸ਼ੁਰੂਆਤ ਤੋਂ ਬਾਅਦ ਵਾਪਸੀ ਕੀਤੀ ਹੈ। ਹਾਰਦਿਕ ਖੁਦ 157 ਦੌੜਾਂ ਬਣਾਉਣ ਦੇ ਨਾਲ 13 ਵਿਕਟਾਂ ਲੈ ਚੁੱਕਾ ਹੈ। ਰੋਹਿਤ ਸ਼ਰਮਾ (293 ਦੌੜਾਂ) ਤੇ ਸੂਰਯਕੁਮਾਰ ਯਾਦਵ (475 ਦੌੜਾਂ) ਵੀ ਫਾਰਮ ਵਿਚ ਹੈ। ਰਿਆਨ ਰਿਕਲਟਨ (334 ਦੌੜਾਂ) ਹੌਲੀ ਸ਼ੁਰੂਆਤ ਤੋਂ ਬਾਅਦ ਲੈਅ ਫੜ ਚੁੱਕਾ ਹੈ। ਤਿਲਕ ਵਰਮਾ (239) ਤੇ ਨਮਨ ਧੀਰ (155) ਬੱਲੇਬਾਜ਼ੀ ਨੂੰ ਗਹਿਰਾਈ ਦਿੰਦੇ ਹਨ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8