ਮੁੰਬਈ ਦਾ ਸਾਹਮਣਾ ਅੱਜ ਚੇਨਈ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
Sunday, Apr 20, 2025 - 01:22 PM (IST)

ਮੁੰਬਈ- ਚੇਨਈ ਸੁਪਰ ਕਿੰਗਜ਼ ਦੀ ਖਰਾਬ ਲੈਅ ਇੰਡੀਅਨ ਪ੍ਰੀਮੀਅਰ ਲੀਗ ਦੇ ‘ਕਲਾਸਿਕੋ’ ਦੀ ਚਮਕ ਨੂੰ ਘੱਟ ਕਰ ਸਕਦੀ ਹੈ ਪਰ ਮੁੰਬਈ ਇੰਡੀਅਨਜ਼ ਲਈ ਐਤਵਾਰ ਨੂੰ ਇੱਥੇ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖਣ ਲਈ ਰਣਨੀਤੀ ਬਦਲਣ ਦੀ ਚੁਣੌਤੀ ਹੋਵੇਗੀ। ਮੁੰਬਈ ਨੇ ਸ਼ੁਰੂਆਤੀ ਮੈਚਾਂ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ ਆਪਣੇ ਪਿਛਲੇ 2 ਮੈਚਾਂ ’ਚ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਚੰਗੀ ਵਾਪਸੀ ਕੀਤੀ ਹੈ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਟੀਮ ਸੂਚੀ ’ਚ 7ਵੇਂ ਸਥਾਨ ’ਤੇ ਹੈ ਅਤੇ ਉਹ ਮੌਜੂਦਾ ਸੈਸ਼ਨ ’ਚ ਜਿੱਤ ਦੀ ਹੈਟ੍ਰਿਕ ਲਾਉਣ ਦੇ ਨਾਲ ਸੈਸ਼ਨ ਦੇ ਆਪਣੇ ਪਹਿਲੇ ਮੈਚ ’ਚ ਇਸ ਟੀਮ ਤੋਂ ਮਿਲੀ ਹਾਰ ਦਾ ਬਦਲਾ ਲੈਣਾ ਚਾਹੇਗੀ।
ਮੁੰਬਈ ਇੰਡੀਅਨਜ਼ ਨੇ ਆਪਣੇ ਪਿਛਲੇ ਮੈਚ ’ਚ ਸ਼ਾਨਦਾਰ ਗੇਂਦਬਾਜ਼ੀ ਨਾਲ ਸਨਰਾਈਜ਼ਰਜ਼ ਹੈਦਰਾਬਾਦ ਦੀ ਹਮਲਾਵਰ ਬੱਲੇਬਾਜ਼ੀ ਨੂੰ ਵੱਡਾ ਸਕੋਰ ਖੜ੍ਹਾ ਕਰਨ ਦਾ ਮੌਕਾ ਨਹੀਂ ਦਿੱਤਾ। ਟੀਮ ਨੇ ਇਸ ਤੋਂ ਬਾਅਦ ਆਸਾਨੀ ਨਾਲ ਜਿੱਤ ਲਈ ਮਿਲੀਆਂ 163 ਦੌੜਾਂ ਦੇ ਟੀਚੇ ਨੂੰ 6 ਵਿਕਟਾਂ ਦੇ ਨੁਕਸਾਨ ’ਤੇ ਹਾਸਲ ਕਰ ਲਿਆ ਸੀ। ਉਸ ਮੈਚ ’ਚ ਪਿੱਚ ਨਾਲ ਸਪਿਨਰਾਂ ਨੂੰ ਕਾਫੀ ਮਦਦ ਮਿਲੀ ਸੀ ਪਰ ਚੇਨਈ ਸੁਪਰ ਕਿੰਗਜ਼ ਖਿਲਾਫ ਸਪਿਨਰਾਂ ਦੀ ਮਦਦਗਾਰ ਪਿੱਚ ’ਤੇ ਖੇਡਣਾ ਟੀਮ ਲਈ ਜੋਖਿਮ ਭਰਿਆ ਹੋ ਸਕਦਾ ਹੈ। ਚੇਨਈ ਕੋਲ ਸ਼ਾਨਦਾਰ ਲੈਅ ’ਚ ਚੱਲ ਰਹੇ ਖੱਬੇ ਹੱਥ ਦੇ ਸਪਿਨਰ ਨੂਰ ਅਹਿਮਦ ਤੋਂ ਇਲਾਵਾ ਤਜਰਬੇਕਾਰ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਦਾ ਵੀ ਬਦਲ ਹੈ।
ਇਹ ਵੀ ਪੜ੍ਹੋ : IPL 'ਚ KL ਰਾਹੁਲ ਨੇ ਰਚਿਆ ਇਤਿਹਾਸ, ਇਸ ਮਾਮਲੇ 'ਚ ਧੋਨੀ-ਕੋਹਲੀ ਨੂੰ ਛੱਡਿਆ ਪਿੱਛੇ
ਰੋਹਿਤ ਸ਼ਰਮਾ ਨੇ ਅਜੇ ਤੱਕ ਵੱਡਾ ਸਕੋਰ ਨਹੀਂ ਬਣਾਇਆ ਹੈ ਪਰ ਸਨਰਾਈਜ਼ਰਜ਼ ਖਿਲਾਫ ਉਨ੍ਹਾਂ ਦੀ ਤੇਜ਼ ਸ਼ੁਰੂਆਤ ਨੇ ਟੀਮ ਨੂੰ ਬਿਨਾਂ ਕਿਸੇ ਦਬਾਅ ਦੇ ਟੀਚੇ ਦਾ ਪਿੱਛਾ ਕਰਨ ਦੀ ਆਜ਼ਾਦੀ ਦਿੱਤੀ। ਤਜਰਬੇਕਾਰ ਜਸਪ੍ਰੀਤ ਬੁਮਰਾਹ ਦੀ ਵਾਪਸੀ ਨਾਲ ਮੁੰਬਈ ਦੀ ਗੇਂਦਬਾਜ਼ੀ ਮਜ਼ਬੂਤ ਹੋਈ ਹੈ। ਟਰੇਂਟ ਬੋਲਟ ਵੀ ਆਪਣੇ ਪੁਰਾਣੇ ਅੰਦਾਜ਼ ’ਚ ਦਿਸ ਰਹੇ ਹਨ।ਹਾਰਦਿਕ ਨੇ ਗੇਂਦਬਾਜ਼ ਅਤੇ ਬੱਲੇਬਾਜ਼ ਦੇ ਰੂਪ ’ਚ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ ਹੈ ਪਰ ਆਖਰੀ ਓਵਰਾਂ ’ਚ ਹਮਲਾਵਰ ਬੱਲੇਬਾਜ਼ੀ ਲਈ ਉਹ ਨਮਨ ਧੀਰ ’ਤੇ ਨਿਰਭਰ ਰਹਿਣਗੇ। ਕਰਨ ਸ਼ਰਮਾ ਨੂੰ ਪਿਛਲੇ ਮੈਚ ’ਚ ਫੀਲਡਿੰਗ ਦੌਰਾਨ ਉਂਗਲ ’ਚ ਸੱਟ ਲੱਗ ਗਈ ਸੀ ਅਤੇ ਉਸ ਦਾ ਜ਼ਖਮੀ ਹੋਣਾ ਚਿੰਤਾ ਦਾ ਵਿਸ਼ਾ ਹੈ।
ਚੇਨਈ ਨੇ ਪਿਛਲੇ ਮੈਚ ’ਚ ਲਖਨਊ ਸੁਪਰ ਜਾਇੰਟਸ ਖਿਲਾਫ 5 ਵਿਕਟਾਂ ਦੀ ਜਿੱਤ ਨਾਲ ਲਗਾਤਾਰ 5 ਹਾਰ ਦੇ ਸਿਲਸਿਲੇ ਨੂੰ ਖਤਮ ਕੀਤਾ ਪਰ ਬੱਲੇਬਾਜ਼ੀ ਉਨ੍ਹਾਂ ਦੀ ਕਮਜ਼ੋਰ ਕੜੀ ਬਣੀ ਹੋਈ ਹੈ। ਨਿਯਮਿਤ ਕਪਤਾਨ ਰਿਤੂਰਾਜ ਗਾਇਕਵਾੜ ਦੇ ਜ਼ਖਮੀ ਹੋਣ ਕਾਰਨ ਬਾਹਰ ਹੋਣ ਨਾਲ ਮਹਿੰਦਰ ਸਿੰਘ ਧੋਨੀ ਦੀ ਕਪਤਾਨ ਦੇ ਤੌਰ ’ਤੇ ਵਾਪਸੀ ਹੋਈ ਹੈ ਅਤੇ ਵਾਨਖੇੜੇ ਮੈਦਾਨ ’ਤੇ ਉਸ ਦੀਆਂ ਕਈ ਖਾਸ ਯਾਦਾਂ ਜੁੜੀਆਂ ਹੋਈਆਂ ਹਨ। ਇਸ ’ਚ 2011 ’ਚ ਵਨਡੇ ਵਿਸ਼ਵ ਕੱਪ ’ਚ ਜੇਤੂ ਛੱਕਾ ਲਾਉਣ ਤੋਂ ਲੈ ਕੇ ਆਈ. ਪੀ. ਐੱਲ. ਦੇ ਪਿਛਲੇ ਸੈਸ਼ਨ ’ਚ ਚਾਰ ਗੇਂਦਾਂ ’ਚ 20 ਦੌੜਾਂ ਦੀ ਅਜੇਤੂ ਪਾਰੀ ਦੌਰਾਨ ਹਾਰਦਿਕ ਖਿਲਾਫ 3 ਛੱਕੇ ਜੜਨਾ ਸ਼ਾਮਲ ਹੈ। ਧੋਨੀ ਦੀ ਕਪਤਾਨੀ 'ਚ ਟੀਮ ਦੀ ਗੇਂਦਬਾਜ਼ੀ ਚੰਗੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8